ਬਦਲ ਰਹੀ ਸਰਕਾਰੀ ਸਕੂਲਾਂ ਦੀ ਨੁਹਾਰ, ਕਪੂਰਥਲਾ ਵਿਖੇ 23.66 ਲੱਖ ਦੇ ਵਿਕਾਸ ਕਾਰਜਾਂ ਦਾ ਕੀਤਾ ਗਿਆ ਉਦਘਾਟਨ
Monday, Apr 07, 2025 - 04:44 PM (IST)

ਕਪੂਰਥਲਾ (ਵਿਪਨ ਮਹਾਜਨ) : ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਦੇ ਮਕਸਦ ਨਾਲ 'ਪੰਜਾਬ ਸਿੱਖਿਆ ਕ੍ਰਾਂਤੀ' ਮੁਹਿੰਮ ਪੂਰੇ ਸੂਬੇ 'ਚ ਜ਼ੋਰਾਂ-ਸ਼ੋਰਾਂ ਨਾਲ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਕਪੂਰਥਲਾ ਬਲਾਕ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲੇਰ ਖਾਨਪੁਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਢੱਪਈ ਵਿਖੇ 23.66 ਲੱਖ ਰੁਪਏ ਲਾਗਤ ਨਾਲ ਮੁਕੰਮਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਡਾ. ਹਰਮਿੰਦਰ ਸਿੰਘ ਬਖ਼ਸ਼ੀ ਵਾਈਸ ਚੇਅਰਮੈਨ ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਪੰਜਾਬ ਵਲੋਂ ਕੀਤਾ ਗਿਆ।
ਬਲੇਰ ਖਾਨਪੁਰ ਸਕੂਲ ਵਿਖੇ 7.51 ਲੱਖ ਰੁਪਏ ਦੀ ਲਾਗਤ ਨਾਲ ਸਾਇੰਸ ਲੈਬ ਦੀ ਉਸਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ 7 ਲੱਖ ਰੁਪਏ ਦੇ ਨਾਲ ਕਲਾਸ ਰੂਮਾਂ ਦਾ ਨਵੀਨੀਕਰਨ ਕੀਤਾ ਗਿਆ ਹੈ। ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਢੱਪਈ ਵਿਖੇ 7.51 ਲੱਖ ਰੁਪਏ ਦੀ ਲਾਗਤ ਨਾਲ ਅਡੀਸ਼ਨਲ ਕਲਾਸ ਰੂਮ ਉਸਾਰੇ ਗਏ ਹਨ ਅਤੇ 1.66 ਲੱਖ ਰੁਪਏ ਨਾਲ ਪਖਾਨਿਆਂ ਦੀ ਉਸਾਰੀ ਕੀਤੀ ਗਈ ਹੈ।
ਇਸ ਮੌਕੇ ਬੋਲਦਿਆਂ ਡਾ. ਬਖ਼ਸ਼ੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਸਿੱਖਿਆ ਖੇਤਰ ਵਿਚ ਕ੍ਰਾਂਤੀਕਾਰੀ ਤਬਦੀਲੀਆਂ ਲਿਆ ਕੇ ਸਰਕਾਰੀ ਸਕੂਲਾਂ ਨੂੰ ਅੰਤਰ ਰਾਸ਼ਟਰੀ ਪੱਧਰ ਦੀ ਸਿੱਖਿਆ ਦੇ ਯੋਗ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਹੈ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਲਈ 12 ਫੀਸਦੀ ਬਜਟ ਰੱਖਿਆ ਗਿਆ ਹੈ।
ਇਸ ਤੋਂ ਇਲਾਵਾ ਸਿੱਖਿਆ ਵਿੱਚ ਉੱਤਮਤਾ ਲਈ ਸਿੱਖਿਆ ਵਿਭਾਗ ਦੇ 354 ਪ੍ਰਿੰਸੀਪਲਾਂ, ਹੈੱਡ ਮਾਸਟਰਾਂ ਅਤੇ ਅਧਿਆਪਕਾਂ ਨੂੰ ਪ੍ਰਿੰਸੀਪਲਜ਼ ਅਕੈਡਮੀ, ਸਿੰਗਾਪੁਰ; ਨੈਸ਼ਨਲ ਇੰਸਟੀਚਿਊਟ ਆੱਫ ਐਜੁਕੇਸ਼ਨ (NIE) ਇੰਟਰਨੈਸ਼ਨਲ, ਸਿੰਗਾਪੁਰ ਦੀ ਤੁਰਕੂ ਯੂਨੀਵਰਸਿਟੀ, ਫਿਨਲੈਂਡ ਅਤੇ ਇੰਡੀਅਨ ਇੰਸਟੀਚਿਊਟ ਆੱਫ ਮੈਨੇਜਮੈਂਟ (IIM) ਅਹਿਮਦਾਬਾਦ ਵਰਗੀਆਂ ਸੰਸਥਾਵਾਂ ਵਿਚ ਭੇਜਿਆ ਗਿਆ ਹੈ।
ਇਸ ਮੌਕੇ ਸਕੂਲ ਵਿਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਗੁਰਦੀਪ ਕੌਰ ਆਦਿ ਨੇ ਸਕੂਲ ਵਿਚ ਪੜ੍ਹਾਈ ਦੇ ਪੱਧਰ ਵਿਚ ਹੋਏ ਸੁਧਾਰ ‘ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਸਕੂਲ ਵਿਚ ਉਨ੍ਹਾਂ ਨੂੰ ਨਿੱਜੀ ਸਕੂਲਾਂ ਤੋਂ ਵਧੀਆ ਸਿੱਖਿਆ ਮੁਫ਼ਤ ਮਿਲ ਰਹੀ ਹੈ।
ਦਸਵੀਂ ਜਮਾਤ ਦੀ ਵਿਦਿਆਰਥਣ ਸਸ਼ੀਤਾ ਸ਼ਰਮਾ ਨੇ ਸਕੂਲ ਵਿਚ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਕਿਹਾ ਕਿ ਸਕੂਲ ਵਿਚ ਪੜ੍ਹਾਈ ਲਈ ਮਾਹੌਲ ਬਹੁਤ ਸਾਜਗਾਰ ਹੈ। ਇਸੇ ਤਰ੍ਹਾਂ ਦਸਵੀਂ ਦੀ ਵਿਦਿਆਰਥਣ ਨਵਜੋਤ ਕੌਰ ਨੇ ਵੀ ਸਕੂਲ ਵਿਚ ਸਾਇੰਸ ਲੈਬ ਬਣਨ ਨਾਲ ਪੜ੍ਹਾਈ ਵਿਚ ਮਿਲਣ ਵਾਲੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਐੱਸ.ਡੀ.ਐੱਮ. ਮੇਜਰ ਇਰਵਿਨ ਕੌਰ, ਜੁਆਇੰਟ ਸਕੱਤਰ ਗੁਰਪਾਲ ਸਿੰਘ ਇੰਡੀਅਨ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਵਿੰਦਰ ਸਿੰਘ ਬੱਟੂ, ਪ੍ਰਿੰਸੀਪਲ ਰਵਿੰਦਰ ਕੌਰ ਤੇ ਹੋਰ ਹਾਜ਼ਰ ਸਨ।
ਇਹ ਵੀ ਪੜ੍ਹੋ- ਛੋਟੇ ਦੀਆਂ ਅੱਖਾਂ ਮੂਹਰੇ ਹੋਇਆ ਵੱਡੇ ਭਰਾ ਦਾ ਕਤਲ, ਮੂੰਹ ਬੰਦ ਕਰਨ ਲਈ ਕਾਤਲਾਂ ਨੇ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e