ਚੰਡੀਗੜ੍ਹ ਤੋਂ ਚੋਰੀ ਹੋਈ ਕਾਰ ਜਲੰਧਰ ਟਰੈਫਿਕ ਪੁਲਸ ਨੇ ਮੁਸਤੈਦੀ ਨਾਲ ਰਵਿਦਾਸ ਚੌਂਕ ਤੋਂ ਕੀਤੀ ਕਾਬੂ

06/01/2023 4:19:35 PM

ਜਲੰਧਰ (ਵੈੱਬ ਡੈਸਕ, ਜਸਪ੍ਰੀਤ)- ਜਲੰਧਰ ਸ਼ਹਿਰ ਵਿਚ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਅਤੇ ਏ. ਡੀ. ਸੀ. ਪੀ. ਟਰੈਫਿਕ ਕੰਵਲਪ੍ਰੀਤ ਸਿੰਘ ਚਾਹਲ ਵੱਲੋਂ ਮਾੜੇ ਅਨਸਰਾਂ ਅਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਸਬੰਧੀ ਚਲਾਈ ਗਈ ਮੁਹਿੰਮ ਨੂੰ ਉਦੋਂ ਸਫ਼ਲਤਾ ਮਿਲੀ ਜਦੋਂ ਮੁਕੇਰੀਆਂ ਦੇ ਰਹਿਣ ਵਾਲੇ ਵਿਅਕਤੀ ਦੀ ਚੰਡੀਗੜ੍ਹ ਤੋਂ ਚੋਰੀ ਕੀਤੀ ਗਈ ਕਾਰ ਜਲੰਧਰ ਤੋਂ ਬਰਾਮਦ ਕੀਤੀ ਗਈ। 

ਮਿਲੀ ਜਾਣਕਾਰੀ ਮੁਤਾਬਕ ਬੀਤੇ ਕੱਲ੍ਹ ਚੰਡੀਗੜ੍ਹ ਤੋਂ ਉਕਤ ਕਾਰ ਚੋਰੀ ਕੀਤੀ ਗਈ ਸੀ। ਉਕਤ ਕਾਰ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਕੀਤੀ ਗਈ। ਕਾਰ ਦਾ ਨੰਬਰ ਵਾਇਰਲ ਹੋਣ ਮਗਰੋਂ ਅੱਜ ਜਲੰਧਰ ਦੀ ਟਰੈਫਿਕ ਪੁਲਸ ਏ. ਐੱਸ. ਆਈ. ਕੁਲਵਿੰਦਰ ਕੁਮਾਰ, ਹਰਬਿਲਾਸ ਸਿੰਘ ਵੱਲੋਂ ਰਵਿਦਾਸ ਚੌਂਕ ਤੋਂ ਕਾਰ ਫੜੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਮੋਗਾ ਜਾ ਰਹੇ ਕਾਰ ਮਾਲਕ ਦੇ ਡਰਾਈਵਰ ਨੇ ਗੱਡੀ ਪਛਾਣ ਕੇ ਚੌਂਕ ਵਿਚ ਨਾਕਾ ਲਾ ਕੇ ਖੜ੍ਹੀ ਟਰੈਫਿਕ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਸ ਨਾਲ ਮਿਲ ਕੇ ਕਾਰ ਨੂੰ ਘੇਰ ਲਿਆ ਗਿਆ। ਕਾਰ ਸਵਾਰ ਔਰਤ ਅਤੇ ਮਰਦ ਨੇ ਖ਼ੁਦ ਨੂੰ ਘਿਰਿਆ ਵੇਖਿਆ ਤਾਂ ਉਹ ਗੱਡੀ ਨੂੰ ਗਲੀਆਂ ਵਿਚ ਲੈ ਗਏ ਅਤੇ ਲਾਕ ਕਰਕੇ ਫ਼ਰਾਰ ਹੋ ਗਏ।

ਗੱਡੀ ਮਿਲਣ ਤੋਂ ਬਾਅਦ ਜਲੰਧਰ ਆਏ ਕਾਰ ਬਾਜ਼ਾਰ ਦੇ ਮਾਲਕ ਖੁਸ਼ਵੰਤ ਸਿੰਘ ਨੇ ਦੱਸਿਆ ਕਿ ਉਸ ਦਾ ਦੋਸਤ 29 ਅਪ੍ਰੈਲ ਨੂੰ ਉਸ ਦੀ ਨਿੱਜੀ ਸਵਿੱਫਟ ਡਿਜ਼ਾਇਰ ਕਾਰ ਮੰਗ ਕੇ ਲੈ ਗਿਆ ਸੀ। ਰਾਤ ਨੂੰ ਉਸ ਨੇ ਫੋਨ ਕਰਕੇ ਦੱਸਿਆ ਕਿ ਉਸ ਦੀ ਗੱਡੀ ਚੋਰੀ ਹੋ ਗਈ ਹੈ। ਖੁਸ਼ਵੰਤ ਨੇ ਕਿਹਾ ਕਿ ਉਸ ਦੇ ਦੋਸਤ ਨੇ ਹੀ ਗੱਡੀ ਚੋਰੀ ਕੀਤੀ ਸੀ, ਜਿਸ ਦੀ ਸ਼ਿਕਾਇਤ ਚੰਡੀਗੜ੍ਹ ਪੁਲਸ ਨੂੰ ਦਿੱਤੀ ਗਈ ਸੀ। ਕਾਰ ਬਾਜ਼ਾਰ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਕਾਰ ਦੀ ਸੂਚਨਾ ਦੇਣ ਵਾਲੇ ਨੂੰ 50 ਹਜ਼ਾਰ ਰੁਪਏ ਇਨਾਮ ਵੀ ਦੇਣਾ ਸੀ। ਵੀਰਵਾਰ ਨੂੰ ਜਦੋਂ ਉਨ੍ਹਾਂ ਦਾ ਡਰਾਈਵਰ ਕਿਸੇ ਕੰਮ ਜਾ ਰਿਹਾ ਸੀ ਤਾਂ ਉਸ ਨੇ ਗੁਰੂ ਰਵਿਦਾਸ ਚੌਂਕ ਵਿਚ ਆ ਕੇ ਗੱਡੀ ਦੀ ਪਛਾਣ ਕਰ ਲਈ, ਜਿਸ ਦੀਆਂ ਨੰਬਰ ਪਲੇਟਾਂ ਬਦਲੀਆਂ ਹੋਈਆਂ ਸਨ।

ਇਹ ਵੀ ਪੜ੍ਹੋ- ਪੰਜਾਬ 'ਚ ਭਾਰੀ ਮੀਂਹ ਮਗਰੋਂ ਬਦਲੇਗਾ ਮੌਸਮ ਦਾ ਮਿਜਾਜ਼, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ

ਡਰਾਈਵਰ ਨੇ ਤੁਰੰਤ ਗੁਰੂ ਰਵਿਦਾਸ ਚੌਂਕ ਨਾਕੇ ’ਤੇ ਤਾਇਨਾਤ ਟਰੈਫਿਕ ਪੁਲਸ ਦੇ ਮੁਲਾਜ਼ਮ ਏ. ਐੱਸ. ਆਈ. ਕੁਲਵਿੰਦਰ ਕੁਮਾਰ ਅਤੇ ਹਰਬਿਲਾਸ ਸਿੰਘ ਨੂੰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਡਰਾਈਵਰ ਅਤੇ ਟਰੈਫਿਕ ਪੁਲਸ ਨੇ ਕਾਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਕਾਰ ਚਾਲਕ ਨੇ ਗੱਡੀ ਨੂੰ ਗਲੀਆਂ ਵਿਚ ਵਾੜ ਲਿਆ ਪਰ ਜਿਉਂ ਹੀ ਪੁਲਸ ਅਤੇ ਡਰਾਈਵਰ ਨੇ ਗੱਡੀ ਨੂੰ ਘੇਰਿਆ ਤਾਂ ਕਾਰ ਸਵਾਰ ਔਰਤ ਅਤੇ ਮਰਦ ਗੱਡੀ ਲਾਕ ਕਰਕੇ ਫ਼ਰਾਰ ਹੋ ਗਏ। ਮੌਕੇ ’ਤੇ ਪੀ. ਸੀ. ਆਰ. ਦੀ ਟੀਮ ਵੀ ਪਹੁੰਚ ਗਈ ਸੀ। ਡਰਾਈਵਰ ਨੇ ਤੁਰੰਤ ਆਪਣੇ ਮਾਲਕ ਖ਼ੁਸ਼ਵੰਤ ਸਿੰਘ ਨੂੰ ਕਾਰ ਮਿਲਣ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਉਹ ਵੀ ਜਲੰਧਰ ਪਹੁੰਚ ਗਏ। ਕਾਰ ਨੂੰ ਪੁਲਸ ਨੇ ਕਸਟਡੀ ਵਿਚ ਲੈ ਲਿਆ ਹੈ ਅਤੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News