ਕਾਲਾ ਸੰਘਿਆਂ ਡਰੇਨ ’ਚੋਂ ਮਿਲੀ ਅਣਪਛਾਤੀ ਔਰਤ ਦੀ ਲਾਸ਼

01/12/2019 7:46:23 AM

ਕਾਲਾ ਸੰਘਿਆਂ, (ਨਿੱਝਰ)- ਕਾਲਾ ਸੰਘਿਆਂ ਡਰੇਨ ਦੇ ਨਾਂ ਨਾਲ ਜਾਣੇ ਜਾਂਦੇ ਗੰਦੇ ਨਾਲੇ ’ਚੋਂ ਪਿੰਡ ਮੰਡੇਰ ਦੋਨਾ ਵਿਖੇ ਅੱਜ ਇਕ ਅਣਪਛਾਤੀ ਔਰਤ ਦੀ ਲਾਸ਼ ਮਿਲਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਡਰੇਨ ਨੇੜੇ ਇਕ ਕਿਸਾਨ ਵਲੋਂ  ਲਾਸ਼ ਨੂੰ ਦੇਖਣ ਉਪਰੰਤ ਇਸ ਦੀ ਸੂਚਨਾ ਕਾਲਾ ਸੰਘਿਆਂ ਪੁਲਸ ਚੌਕੀ ਨੂੰ ਦਿੱਤੀ ਗਈ। ਏ. ਐੱਸ. ਆਈ. ਜਸਵੰਤ ਸਿੰਘ ਅਤੇ ਏ. ਐੱਸ. ਆਈ. ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਉਕਤ ਅੌਰਤ ਦੀ ਉਮਰ ਕਰੀਬ 55 ਸਾਲ  ਹੈ ਅਤੇ ਉਸ ਦੇ ਕੋਈ ਸੱਟ ਆਦਿ ਦਾ ਨਿਸ਼ਾਨ ਨਹੀਂ ਹੈ। ਉਸ ਦੇ ਹਰੇ-ਕਾਲੇੇ ਰੰਗ ਦਾ ਸੂਟ ਤੇ ਕਾਲੇ ਰੰਗ ਦੀ ਕੋਟੀ ਪਾਈ ਹੋਈ ਹੈ। ਲਾਸ਼ ਕਾਫੀ ਦਿਨ ਪੁਰਾਣੀ ਹੋਣ ਕਾਰਨ ਬੁਰੀ ਤਰ੍ਹਾਂ ਬੇਪਛਾਣ ਹੋਈ ਹੈ। ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਵਿਖੇ ਰੱਖਿਆ ਗਿਆ ਹੈ ਅਤੇ ਵਾਰਿਸ ਨਾ ਲੱਭਣ ਦੀ ਸੂਰਤ ’ਚ ਇਸ ਦਾ ਸੰਸਕਾਰ ਕਰ ਦਿੱਤਾ ਜਾਵੇਗਾ। ਇਥੇ ਵਰਣਨਯੋਗ ਹੈ ਕਿ ਕੁਝ ਲੋਕਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇਕ ਅੌਰਤ ਜੋ ਪ੍ਰਵਾਸੀ ਲੱਗਦੀ ਸੀ ਅਤੇ ਮਾਨਸਿਕ ਤੌਰ ’ਤੇ ਠੀਕ ਨਹੀਂ ਸੀ, ਨੇੜਲੇ ਪਿੰਡਾਂ ’ਚ ਘੁੰਮਦੀ ਦੇਖੀ ਗਈ ਸੀ। ਖਦਸ਼ਾ ਕੀਤਾ ਜਾਂਦਾ ਹੈ ਕਿ ਉਕਤ ਅੌਰਤ ਉਹੀ ਹੋਵੇ ਪਰ ਇਸ ਦੀ ਮੌਤ ਕਿਸ ਤਰ੍ਹਾਂ ਹੋਈ ਤੇ ਇਹ ਡਰੇਨ ’ਚ ਕਿਵੇਂ ਡਿੱਗੀ ਇਹ ਭੇਦ ਬਣਿਆ ਹੋਇਆ ਹੈ। ਜਿਸ ਦੀ ਪੁਲਸ ਜਾਂਚ ਕਰ ਰਹੀ ਹੈ। 

ਪਿੰਡ ਮੌਲੀ ਫਾਟਕ ਨੇੜਿਓ ਮਿਲੀ ਲਾਸ਼ 
 ਫਗਵਾਡ਼ਾ, (ਹਰਜੋਤ)-ਪਿੰਡ ਮੌਲੀ ਫਾਟਕ ਨੇੜਿਓ ਸਤਨਾਮਪੁਰਾ ਪੁਲਸ ਨੂੰ ਇਕ ਲਾਸ਼ ਮਿਲੀ ਹੈ, ਜਿਸ ਦੀ ਅਜੇ ਪਛਾਣ ਨਹੀਂ ਹੋ ਸਕੀ। ਪੁਲਸ ਨੇ ਲਾਸ਼ 72 ਘੰਟਿਆਂ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ  ਰੱਖਵਾ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਥਾਣੇਦਾਰ ਗੁਰਮੇਜ ਸਿੰਘ ਤੇ ਦਯਾ ਚੰਦ ਨੇ ਦੱਸਿਆ ਕਿ ਉਕਤ ਵਿਅਕਤੀ ਮੋਨਾ ਹੈ ਤੇ 28-30 ਸਾਲ ਦੇ  ਕਰੀਬ ਦੀ ਉਮਰ ਦਾ ਹੈ। ਅਜਿਹਾ ਜਾਪਦਾ ਹੈ ਕਿ ਜਾਂ ਤਾਂ ਉਹ ਟ੍ਰੇਨ ’ਚੋਂ ਡਿੱਗ ਪਿਆ ਜਾਂ ਉਸ ਨੂੰ ਕਿਸੇ ਨੇ ਸੁੱਟ ਦਿੱਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
 


Related News