ਇਨਸਾਨੀਅਤ ਸ਼ਰਮਸਾਰ: ਟੈਂਪੂ ਚਾਲਕ ਨੇ ਸਾਈਕਲ ਸਵਾਰ ਨੂੰ ਮਾਰੀ ਟੱਕਰ, ਇਲਾਜ ਬਹਾਨੇ ਲਾਸ਼ ਸੁਟ ਕੇ ਭੱਜਿਆ

Wednesday, Jun 03, 2026 - 04:14 PM (IST)

ਇਨਸਾਨੀਅਤ ਸ਼ਰਮਸਾਰ: ਟੈਂਪੂ ਚਾਲਕ ਨੇ ਸਾਈਕਲ ਸਵਾਰ ਨੂੰ ਮਾਰੀ ਟੱਕਰ, ਇਲਾਜ ਬਹਾਨੇ ਲਾਸ਼ ਸੁਟ ਕੇ ਭੱਜਿਆ

ਜਲੰਧਰ (ਸ. ਹ.)-ਜਲੰਧਰ ਮਹਾਨਗਰ ਵਿਚ ਇਕ ਦਿਲ-ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਤੇਜ਼ ਰਫ਼ਤਾਰ ਗੈਸ ਸਿਲੰਡਰ ਸਪਲਾਈ ਕਰਨ ਵਾਲੇ ਵਾਹਨ ਨੇ ਪਹਿਲਾਂ ਤਾਂ ਇਕ ਸਾਈਕਲ ਸਵਾਰ ਨੂੰ ਬੇਰਹਿਮੀ ਨਾਲ ਕੁਚਲ ਦਿੱਤਾ ਅਤੇ ਫਿਰ ਅਣਮਨੁੱਖਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ, ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ। ਮੁਲਜ਼ਮ ਚਾਲਕ ਜ਼ਖ਼ਮੀ ਦੀ ਮਦਦ ਕਰਨ ਅਤੇ ਉਸ ਨੂੰ ਹਸਪਤਾਲ ਪਹੁੰਚਾਉਣ ਦਾ ਨਾਟਕ ਕਰਕੇ ਉਸ ਨੂੰ ਆਪਣੀ ਗੱਡੀ ਵਿਚ ਪਾ ਕੇ ਲੈ ਗਿਆ ਪਰ ਉਸ ਨੇ ਇਲਾਜ ਕਰਵਾਉਣ ਦੀ ਬਜਾਏ ਜ਼ਖ਼ਮੀ ਨਾਲ ਕਥਿਤ ਤੌਰ ’ਤੇ ਲੁੱਟਖੋਹ ਕੀਤੀ ਅਤੇ ਮੌਤ ਹੋ ਜਾਣ ’ਤੇ ਲਾਸ਼ ਨੂੰ ਜਲੰਧਰ ਕੁੰਜ ਨੇੜੇ ਇਕ ਵੀਰਾਨ ਜਗ੍ਹਾ ’ਤੇ ਸੁੱਟ ਕੇ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ: ਜਥੇਦਾਰ ਕੁਲਦੀਪ ਸਿੰਘ ਗੜਗੱਜ

ਡਿਊਟੀ ’ਤੇ ਜਾਂਦੇ ਸਮੇਂ ਹੋਇਆ ਹਾਦਸਾ
ਮ੍ਰਿਤਕ ਦੀ ਪਛਾਣ ਸੋਨੇ ਲਾਲ ਨਿਵਾਸੀ ਨਿਊ ਗੌਤਮ ਨਗਰ ਜਲੰਧਰ ਵਜੋਂ ਹੋਈ ਹੈ। ਪਰਿਵਾਰ ਮੁਤਾਬਕ ਸੋਨੇ ਲਾਲ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਕਰੀਬ ਸਾਢੇ ਸੱਤ ਵਜੇ ਜੇ. ਕੇ. ਕਾਸਟਿੰਗ ਕੰਪਨੀ ਵਿਚ ਆਪਣੀ ਡਿਊਟੀ ਲਈ ਸਾਈਕਲ ’ਤੇ ਨਿਕਲੇ ਸਨ। ਜਦੋਂ ਉਹ ਵਰਿਆਣਾ ਨੇੜੇ ਸੜਕ ਪਾਰ ਕਰ ਰਹੇ ਸਨ, ਉਦੋਂ ਹੀ ਸਤਲੁਜ ਫੈਕਟਰੀ ਨੇੜੇ ਸਥਿਤ ਇਕ ਗੈਸ ਏਜੰਸੀ ਦੇ ਤੇਜ਼ ਰਫ਼ਤਾਰ ਟੈਂਪੂ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਹ ਪੂਰੀ ਘਟਨਾ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਵੀ ਕੈਦ ਹੋ ਗਈ ਹੈ, ਜਿਸ ਵਿਚ ਸਾਫ਼ ਨਜ਼ਰ ਆ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਸੜਕ ’ਤੇ ਮੌਜੂਦ ਲੋਕ ਤਮਾਸ਼ਬੀਨ ਬਣੇ ਰਹੇ ਅਤੇ ਕਿਸੇ ਨੇ ਜ਼ਖ਼ਮੀ ਦੀ ਮਦਦ ਨਹੀਂ ਕੀਤੀ।

PunjabKesari

ਇਹ ਵੀ ਪੜ੍ਹੋ: ਜਲੰਧਰ ਵਿਖੇ ਮਨੀ ਲਾਂਡਰਿੰਗ ਕੇਸ ''ਚ ED ਦਫ਼ਤਰ ਪਹੁੰਚੇ ਸਾਬਕਾ ਕਾਂਗਰਸੀ ਵਿਧਾਇਕ

ਦਿਨ ਭਰ ਭਟਕਦਾ ਰਿਹਾ ਪਰਿਵਾਰ, ਸ਼ਾਮ ਨੂੰ ਮਿਲੀ ਲਾਸ਼
ਮ੍ਰਿਤਕ ਦੇ ਪੁੱਤਰ ਵਿਪੁਲ ਨੇ ਦੱਸਿਆ ਕਿ ਪਿਤਾ ਦੇ ਕੰਮ ’ਤੇ ਨਾ ਪਹੁੰਚਣ ਅਤੇ ਫ਼ੋਨ ਬੰਦ ਆਉਣ ’ਤੇ ਜਦੋਂ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਗਈ ਤਾਂ ਉਹ ਕਿਤੇ ਨਹੀਂ ਮਿਲੇ। ਪਰਿਵਾਰ ਨੇ ਪੁਲਸ ’ਤੇ ਲਾਪ੍ਰਵਾਹੀ ਵਰਤਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਸਵੇਰੇ 8 ਵਜੇ ਤੋਂ ਪੁਲਸ ਚੌਕੀਆਂ ਦੇ ਚੱਕਰ ਕੱਟਦੇ ਰਹੇ, ਪਰ ਪੁਲਸ ਟਾਲਮਟੋਲ ਕਰਦੀ ਰਹੀ। ਅਖੀਰ ਸ਼ਾਮ ਲਗਭਗ 4 ਵਜੇ ਪਸ਼ੂ ਚਰਾ ਰਹੇ ਇਕ ਗੁੱਜਰ ਨੇ ਪੁਲਸ ਨੂੰ ਜਲੰਧਰ ਕੁੰਜ ਇਲਾਕੇ ਵਿਚ ਇਕ ਲਾਵਾਰਿਸ ਲਾਸ਼ ਪਈ ਹੋਣ ਬਾਰੇ ਜਾਣਕਾਰੀ ਦਿੱਤੀ। ਮੌਕੇ ’ਤੇ ਪਹੁੰਚ ਕੇ ਜਦੋਂ ਪਛਾਣ ਕੀਤੀ ਗਈ ਤਾਂ ਉਹ ਲਾਸ਼ ਸੋਨੇ ਲਾਲ ਦੀ ਹੀ ਨਿਕਲੀ। ਇਹ ਵੇਖਦੇ ਹੀ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।

ਜੇਬ ’ਚੋਂ ਪਰਸ ਅਤੇ ਗਲੇ ’ਚੋਂ ਸੋਨੇ ਦੀ ਚੇਨ ਗਾਇਬ
ਪੁੱਤਰ ਵਿਪੁਲ ਨੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਕਿ ਹਾਦਸਾ ਕਰਨ ਵਾਲਾ ਡਰਾਈਵਰ ਨਸ਼ੇ ਵਿਚ ਧੁੱਤ ਸੀ। ਉਸ ਨੇ ਰਸਤੇ ਵਿਚ ਉਸ ਦੇ ਪਿਤਾ ਨਾਲ ਕੁੱਟਮਾਰ ਕੀਤੀ ਅਤੇ ਉਨ੍ਹਾਂ ਦੇ ਗਲੇ ਵਿਚੋਂ ਸੋਨੇ ਦੀ ਚੇਨ, ਲਾਕਟ, ਮੋਬਾਈਲ ਤੇ ਪਰਸ ਲੁੱਟ ਲਿਆ। ਇਸ ਤੋਂ ਇਲਾਵਾ ਜਦੋਂ ਪੀੜਤ ਪਰਿਵਾਰ ਨੇ ਗੈਸ ਏਜੰਸੀ ਦੇ ਮਾਲਕ ਨਾਲ ਸੰਪਰਕ ਕੀਤਾ ਤਾਂ ਉਸ ਨੇ ਹਮਦਰਦੀ ਜਤਾਉਣ ਦੀ ਬਜਾਏ ਉਲਟਾ ਉਨ੍ਹਾਂ ਨੂੰ ਧਮਕਾਇਆ ਅਤੇ ਪਰਿਵਾਰ ’ਤੇ ਹੀ ਚੋਰੀ ਦੇ ਝੂਠੇ ਦੋਸ਼ ਲਾ ਦਿੱਤੇ। ਗੁੱਸੇ ਵਿਚ ਪਰਿਵਾਰ ਵਾਲਿਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਏਜੰਸੀ ਮਾਲਕ ਨੂੰ ਤੁਰੰਤ ਮੌਕੇ ’ਤੇ ਨਾ ਬੁਲਾਇਆ ਗਿਆ ਤਾਂ ਉਹ ਰੋਸ ਪ੍ਰਦਰਸ਼ਨ ਕਰਨਗੇ।

ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ’ਤੇ ਹੋਵੇਗੀ ਕਾਰਵਾਈ : ਐੱਸ. ਐੱਚ. ਓ. ਗੁਰਪ੍ਰੀਤ ਸਿੰਘ
ਇਸ ਮਾਮਲੇ ਵਿਚ ਜਦੋਂ ਥਾਣਾ ਮਕਸੂਦਾਂ ਦੇ ਇੰਚਾਰਜ ਗੁਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੰਗਲਵਾਰ ਸਵੇਰੇ ਸਾਈਕਲ ਸਵਾਰ ਸੋਨੇ ਲਾਲ ਦੀ ਭਾਰਤ ਗੈਸ ਨਾਂ ਦੀ ਏਜੰਸੀ ਦੀ ਸਪਲਾਈ ਕਰਨ ਵਾਲੇ ਟੈਂਪੂ ਨਾਲ ਟੱਕਰ ਹੋ ਗਈ ਸੀ ਅਤੇ ਚਾਲਕ ਗਗਨਦੀਪ ਗੁੱਗੂ ਨਿਵਾਸੀ ਬਸਤੀ ਬਾਵਾ ਖੇਲ ਨੇ ਉਸ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਣ ਦੇ ਇਰਾਦੇ ਨਾਲ ਟੈਂਪੂ ਵਿਚ ਰੱਖਿਆ ਤੇ ਸੋਨੇ ਲਾਲ ਦੀ ਮੌਤ ਹੋਣ ਤੋਂ ਬਾਅਦ ਜਲੰਧਰ ਕੁੰਜ ਦੀ ਸੁੰਨਸਾਨ ਸੜਕ ਕਿਨਾਰੇ ਛੱਡ ਗਿਆ। ਮੁਲਜ਼ਮ ਨੂੰ ਫੜਨ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਜਿੱਥੋਂ ਤੱਕ ਮੋਬਾਈਲ, ਚੇਨ ਅਤੇ ਲਾਕੇਟ ਲੈ ਕੇ ਜਾਣ ਦੀ ਗੱਲ ਹੈ, ਉਹ ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਸਾਹਮਣੇ ਆਵੇਗੀ।

ਇਹ ਵੀ ਪੜ੍ਹੋ: ਪੰਜਾਬ 'ਚ ਵਾਪਰੇ ਭਿਆਨਕ ਸੜਕ ਹਾਦਸੇ ਨੇ ਉਜਾੜ 'ਤਾ ਘਰ, ਦਰਾਣੀ-ਜਠਾਣੀ ਦੀ ਇਕੱਠਿਆਂ ਹੋਈ ਮੌਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News