ਈਸਟਵੁੱਡ ਨੇੜੇ ਵੱਡਾ ਸੜਕ ਹਾਦਸਾ, ਕੰਟੇਨਰ ਤੇ ਲੋਡਰ ਦੀ ਟੱਕਰ ਨੇ ਮਚਾਈ ਤਬਾਹੀ

Tuesday, Jun 09, 2026 - 11:08 PM (IST)

ਈਸਟਵੁੱਡ ਨੇੜੇ ਵੱਡਾ ਸੜਕ ਹਾਦਸਾ, ਕੰਟੇਨਰ ਤੇ ਲੋਡਰ ਦੀ ਟੱਕਰ ਨੇ ਮਚਾਈ ਤਬਾਹੀ

ਜਲੰਧਰ, ਫਗਵਾੜਾ (ਜਲੋਟਾ, ਸੁਨੀਲ ਮਹਾਜਨ) –  ਫਗਵਾੜਾ ਵਿਖੇ ਨੈਸ਼ਨਲ ਕੌਮੀ ਰਾਜਮਾਰਗ ਨੰਬਰ 1 ''ਤੇ ਪਿੰਡ ਚਹੇੜੂ ਦੇ ਨਜ਼ਦੀਕ ਈਸਟਵੁੱਡ ਕੋਲ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ 4 ਲੋਕਾਂ ਦੇ ਗੰਭੀਰ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਇਹ ਹਾਦਸਾ ਦੋ ਵੱਡੇ ਟਰੱਕਾਂ ਜਿਨ੍ਹਾਂ ਵਿੱਚ ਇੱਕ ਕੰਟੇਨਰ ਵੀ ਸ਼ਾਮਲ ਹੈ ਵਿਚਕਾਰ ਆਹਮੋ-ਸਾਹਮਣੇ ਹੋਈ ਜ਼ਬਰਦਸਤ ਭਿੜੰਤ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਪ੍ਰਤੱਖਦਰਸ਼ੀਆਂ ਅਨੁਸਾਰ ਦੋਵਾਂ ਟਰੱਕਾਂ ਦੀ ਟੱਕਰ ਇੰਨੀ ਭਿਆਨਕ ਸੀ ਕਿ ਵਾਹਨਾਂ ਦੇ ਪਰਖੱਚੇ ਉੱਡ ਗਏ। ਇਸ ਸੜਕ ਹਾਦਸੇ ਵਿੱਚ ਵਾਹਨਾਂ ਵਿੱਚ ਸਵਾਰ ਕੁੱਲ 4 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ ਦੱਸੀਆ ਜਾ ਰਿਹਾ ਹੈ।

ਹਾਦਸਾ ਸਵੇਰੇ ਕਰੀਬ 6:00 ਤੋਂ 7:00 ਵਜੇ ਦੇ ਦਰਮਿਆਨ ਦਾ ਦੱਸਿਆ ਜਾ ਰਿਹਾ ਹੈ। ਮਾਮਲੇ ਦੀ ਜਾਂਚ ਕਰ ਰਹੀ ਪੁਲਸ ਟੀਮ ਨੇ ਦੱਸਿਆ ਕਿ ਇੱਕ ਵੱਡਾ ਕੰਟੇਨਰ ਫਗਵਾੜਾ ਤੋਂ ਜਲੰਧਰ ਵੱਲ ਜਾ ਰਿਹਾ ਸੀ ਜਦੋਂ ਕਿ ਦੂਜਾ ਬਜਰੀ ਨਾਲ ਲੱਦਿਆ ਟਰੱਕ ਜਲੰਧਰ ਤੋਂ ਫਗਵਾੜਾ ਵੱਲ ਆ ਰਿਹਾ ਸੀ। ਇਸੇ ਦੌਰਾਨ ਲੁਧਿਆਣਾ ਸਾਈਡ ਤੋਂ ਆ ਰਹੇ ਟਰੱਕ ਦੇ ਚਾਲਕ ਨੂੰ ਅਚਾਨਕ ਨੀਂਦ ਦਾ ਝੋਕਾ ਆ ਗਿਆ ਜਿਸ ਕਾਰਨ ਉਹ ਵਾਹਨ ਤੋਂ ਆਪਣਾ ਸੰਤੁਲਨ ਖੋਹ ਬੈਠਾ। ਬੇਕਾਬੂ ਹੋਇਆ ਇਹ ਟਰੱਕ ਡਿਵਾਈਡਰ ਨੂੰ ਪਾਰ ਕਰਦਾ ਹੋਇਆ ਸੜਕ ਦੇ ਦੂਜੇ ਪਾਸੇ ਚਲਾ ਗਿਆ ਅਤੇ ਸਾਹਮਣੇ ਤੋਂ ਆ ਰਹੇ ਦੂਜੇ ਟਰੱਕ ਨਾਲ ਸਿੱਧਾ ਜਾ ਟਕਰਾਇਆ।

ਟੱਕਰ ਤੋਂ ਬਾਅਦ ਦੋਵਾਂ ਟਰੱਕਾਂ ਦੇ ਕੈਬਿਨ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਟਰੱਕਾਂ ਦੇ ਟਾਇਰਾਂ ਆਦਿ ਨੂੰ ਅੱਗ ਲੱਗ ਗਈ। ਟਾਇਰਾਂ ਵਿੱਚ ਅੱਗ ਲੱਗਣ ਕਾਰਨ ਮੌਕੇ ''ਤੇ ਅਫੜਾ-ਦਫੜੀ ਦਾ ਮਾਹੌਲ ਬਣ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਟੀਮ ਮੌਕੇ ''ਤੇ ਪਹੁੰਚ ਗਈ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਫਗਵਾੜਾ ਤੋਂ ਤੁਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ, ਜਿਨ੍ਹਾਂ ਨੇ ਕੜੀ ਮੁਸ਼ੱਕਤ ਤੋਂ ਬਾਅਦ ਟਰੱਕਾਂ ਨੂੰ ਲੱਗੀ ਅੱਗ ''ਤੇ ਕਾਬੂ ਪਾਇਆ।

ਇਸੇ ਦੌਰਾਨ ਜ਼ਖਮੀਆਂ ਦਾ ਇਲਾਜ ਕਰ ਰਹੇ ਸਰਕਾਰੀ ਡਾਕਟਰਾਂ ਅਨੁਸਾਰ ਜ਼ਖਮੀਆਂ ਵਿੱਚੋਂ ਇੱਕ ਵਿਅਕਤੀ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਫਿਲਹਾਲ ਜ਼ਖਮੀ ਇਸ ਸਥਿਤੀ ਵਿੱਚ ਨਹੀਂ ਹਨ ਕਿ ਉਹ ਆਪਣੇ ਨਾਮ ਜਾਂ ਪਤੇ ਦੀ ਸਹੀ ਜਾਣਕਾਰੀ ਦੇ ਸਕਣ।

ਹਾਦਸੇ ਦੇ ਕਾਰਨ ਰਾਸ਼ਟਰੀ ਰਾਜਮਾਰਗ ਨੰਬਰ 1 ''ਤੇ ਲੰਬੇ ਸਮੇਂ ਤੱਕ ਭਾਰੀ ਟ੍ਰੈਫਿਕ ਜਾਮ ਲੱਗਿਆ ਰਿਹਾ, ਜਿਸ ਕਾਰਨ ਸਵੇਰ ਦੇ ਸਮੇਂ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੁਲਸ ਪ੍ਰਸ਼ਾਸਨ ਨੇ ਸਥਿਤੀ ਨੂੰ ਸੰਭਾਲਦਿਆਂ ਰਾਹਤ ਕਾਰਜ ਮੁਕੰਮਲ ਕਰਕੇ ਯਾਤਾਯਾਤ ਨੂੰ ਸੁਚਾਰੂ ਰੂਪ ਵਿੱਚ ਚਾਲੂ ਕਰਵਾ ਦਿੱਤਾ ਹੈ। ਪੁਲਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਹਾਈਵੇਅ ਤੋਂ ਕਰੇਨ ਦੀ ਮਦਦ ਨਾਲ ਹਟਾਉਣ ਦੀ ਕਾਰਵਾਈ ਸ਼ੁਰੂ ਕਰਨ ਤੋਂ ਬਾਅਦ ਵਾਪਰੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

 


author

Inder Prajapati

Content Editor

Related News