ਟੈਲੀਕਾਮ ਤੋਂ ਬਾਅਦ ਹੁਣ ਇੰਟਰਨੈੱਟ ਤੇ ਕੇਬਲ ਕੰਪਨੀਆਂ ਵਾਲੇ ਵੀ ਪਾ ਰਹੇ ਨੇ ਚੋਰੀ-ਛਿਪੇ ਅੰਡਰਗਰਾਊਂਡ ਤਾਰਾਂ

09/01/2021 2:31:15 PM

ਜਲੰਧਰ (ਖੁਰਾਣਾ)– ਜਿਉਂ-ਜਿਉਂ ਟੈਕਨਾਲੋਜੀ ਵਿਚ ਤਬਦੀਲੀ ਆਉਂਦੀ ਜਾ ਰਹੀ ਹੈ, ਲੋਕਾਂ ਨੂੰ ਨਵੀਆਂ-ਨਵੀਆਂ ਸਹੂਲਤਾਂ ਤਾਂ ਮਿਲ ਰਹੀਆਂ ਹਨ ਪਰ ਇਸ ਕਾਰਨ ਸ਼ਹਿਰ ਦੀ ਸ਼ਕਲ ਵੀ ਲਗਾਤਾਰ ਵਿਗੜਦੀ ਚਲੀ ਜਾ ਰਹੀ ਹੈ। ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਵਿਚ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਨੇ ਅੰਡਰਗਰਾਊਂਡ ਤਾਰਾਂ ਦਾ ਜਾਲ ਵਿਛਾ ਦਿੱਤਾ ਅਤੇ ਸੜਕਾਂ ਕੰਢੇ ਵੱਡੇ-ਵੱਡੇ ਬਕਸੇ ਤੱਕ ਫਿੱਟ ਕਰ ਦਿੱਤੇ। ਇਸ ਮਾਮਲੇ ਵਿਚ ਜਲੰਧਰ ਨਿਗਮ ਨੂੰ ਹੁਣ ਤੱਕ ਕਰੋੜਾਂ ਰੁਪਏ ਦਾ ਚੂਨਾ ਲਾਇਆ ਜਾ ਚੁੱਕਾ ਹੈ ਪਰ ਹੁਣ ਇਹੀ ਕੰਮ ਨਵੀਆਂ-ਨਵੀਆਂ ਇੰਟਰਨੈੱਟ ਕੰਪਨੀਆਂ ਅਤੇ ਕੇਬਲ ਵਾਲਿਆਂ ਨੇ ਵੀ ਸ਼ੁਰੂ ਕਰ ਦਿੱਤਾ ਹੈ, ਜਿਹੜੇ ਚੋਰੀ-ਛਿਪੇ ਅੰਡਰਗਰਾਊਂਡ ਤਾਰਾਂ ਪਾ ਰਹੇ ਹਨ।

ਇਹ ਵੀ ਪੜ੍ਹੋ: ਸਾਵਧਾਨ! ਨਵੇਂ ਹੱਥਕੰਡੇ ਅਪਣਾ ਕੇ ਲੋਕਾਂ ਨੂੰ ਇੰਝ ਲੁੱਟਣ ’ਚ ਲੱਗਾ ‘ਹਨੀ ਟਰੈਪ ਗਿਰੋਹ’

ਜ਼ਿਕਰਯੋਗ ਹੈ ਕਿ ਨਵੀਂ ਟੈਕਨਾਲੋਜੀ ਕਾਰਨ ਇਕ ਹੀ ਸਕ੍ਰੀਨ ’ਤੇ ਤੁਹਾਨੂੰ ਹੁਣ ਕੇਬਲ, ਇੰਟਰਨੈੱਟ ਫੋਨ ਆਦਿ ਦੀਆਂ ਸਹੂਲਤਾਂ ਦੇਣ ਵਾਲੀਆਂ ਕੁਝ ਕੰਪਨੀਆਂ ਮਾਰਕੀਟ ਵਿਚ ਆ ਗਈਆਂ ਹਨ, ਜਿਨ੍ਹਾਂ ਨੇ ਪੂਰੇ ਸ਼ਹਿਰ ਵਿਚ ਤਾਰਾਂ ਦਾ ਜੰਗਲ ਜਿਹਾ ਬਣਾ ਕੇ ਰੱਖ ਦਿੱਤਾ ਹੈ। ਕੋਈ ਸਰਕਾਰੀ ਮਹਿਕਮਾ ਇਸ ਪਾਸੇ ਧਿਆਨ ਨਹੀਂ ਦੇ ਰਿਹਾ। ਇਸ ਦੇ ਲਈ ਜਿੱਥੇ ਬਿਜਲੀ, ਸਟਰੀਟ ਲਾਈਟ ਅਤੇ ਟੈਲੀਫੋਨ ਦੇ ਖੰਭਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ, ਉਥੇ ਹੀ ਇਨ੍ਹਾਂ ਕੰਪਨੀਆਂ ਦੇ ਠੇਕੇਦਾਰ ਅੰਡਰਗਰਾਊਂਡ ਪੁਟਾਈ ਕਰਕੇ ਸ਼ਹਿਰ ਵਿਚ ਨਵੀਆਂ ਬਣੀਆਂ ਸੜਕਾਂ ਦਾ ਵੀ ਬੇੜਾ ਗਰਕ ਕਰ ਰਹੇ ਹਨ। ਕੁਝ ਮਹੀਨੇ ਪਹਿਲਾਂ ਬਣੀ ਮਿੱਠੂ ਬਸਤੀ ਦੀ ਮੇਨ ਰੋਡ, ਜਿੱਥੇ ਟੈਲੀਕਾਮ ਕੰਪਨੀ ਦੇ ਠੇਕੇਦਾਰ ਨੇ ਵੱਡਾ ਸਾਰਾ ਟੋਇਆ ਪੁੱਟ ਕੇ ਸੜਕ ਨੂੰ ਹੀ ਤੋੜ ਦਿੱਤਾ ਅਤੇ ਅਜੇ ਵੀ ਉਥੇ ਰਿਪੇਅਰ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ: ਕਾਂਗਰਸ ਦਾ ਕਲੇਸ਼ ਹਲ ਕਰਵਾਉਣ ਆਏ ਰਾਵਤ ਖ਼ੁਦ ਵਿਵਾਦ 'ਚ ਫਸੇ, ਸਿੱਧੂ ਤੇ ਟੀਮ ਦੀ 5 ਪਿਆਰਿਆਂ ਨਾਲ ਕੀਤੀ ਤੁਲਨਾ

ਕਮਲ ਨਾਂ ਦੇ ਠੇਕੇਦਾਰ ਤੋਂ ਬਹੁਤ ਪ੍ਰੇਸ਼ਾਨ ਹਨ ਨਿਗਮ ਅਧਿਕਾਰੀ
ਟੈਲੀਕਾਮ, ਇੰਟਰਨੈੱਟ ਅਤੇ ਕੇਬਲ ਕੰਪਨੀਆਂ ਵੱਲੋਂ ਸੜਕਾਂ ਨੂੰ ਪੁੱਟੇ ਜਾਣ ਬਾਰੇ ਜਦੋਂ ਨਿਗਮ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਕਮਲ ਨਾਂ ਦੇ ਠੇਕੇਦਾਰ ਨੇ ਪਿਛਲੇ ਸਮੇਂ ਦੌਰਾਨ ਉਨ੍ਹਾਂ ਨੂੰ ਕਾਫ਼ੀ ਪਰੇਸ਼ਾਨ ਕਰੀ ਰੱਖਿਆ ਹੈ। ਇਸ ਠੇਕੇਦਾਰ ਨੇ ਚੋਰੀ-ਛਿਪੇ ਸ਼ਹਿਰ ਦੀਆਂ ਕਈ ਸੜਕਾਂ ਦਾ ਬੇੜਾ ਗਰਕ ਕਰ ਦਿੱਤਾ ਹੈ। ਕੁਝ ਸਮਾਂ ਪਹਿਲਾਂ ਇਕ ਕੰਪਨੀ ਨੇ ਵਡਾਲਾ ਚੌਕ ਦੇ ਆਲੇ-ਦੁਆਲੇ ਆਪਣੀਆਂ ਤਾਰਾਂ ਪਾਉਣ ਦਾ ਕੰਮ ਸ਼ੁਰੂ ਕੀਤਾ ਅਤੇ ਬਸਤੀ ਮਿੱਠੂ ਦੀ ਨਵੀਂ ਬਣੀ ਮੇਨ ਸੜਕ ’ਤੇ ਪ੍ਰਾਈਵੇਟ ਟੈਲੀਕਾਮ ਕੰਪਨੀ ਵੱਲੋਂ ਤਾਰਾਂ ਪਾਉਣ ਕਾਰਨ ਪੂਰੀ ਸੜਕ ਦਾ ਹੀ ਸਤਿਆਨਾਸ ਹੋ ਚੁੱਕਾ ਹੈ। ਅਜਿਹੇ ਮਾਮਲਿਆਂ ਵਿਚ ਕੰਪਨੀ ਅਤੇ ਠੇਕੇਦਾਰਾਂ ਵੱਲੋਂ ਨਿਗਮ ਕੋਲ ਪੂਰਾ ਰੈਵੇਨਿਊ ਜਮ੍ਹਾ ਨਹੀਂ ਕਰਵਾਇਆ ਜਾਂਦਾ ਪਰ ਸਬੰਧਤ ਨਿਗਮ ਅਧਿਕਾਰੀ ਇਸ ਮਾਮਲੇ ਵਿਚ ਕੁਝ ਨਹੀਂ ਕਰ ਪਾ ਰਹੇ ਕਿਉਂਕਿ ਠੇਕੇਦਾਰ ਇੰਨੀਆਂ ਸਿਆਸੀ ਸਿਫਾਰਸ਼ਾਂ ਅਤੇ ਜੁਗਾੜ ਲਾ ਲੈਂਦੇ ਹਨ ਕਿ ਅਧਿਕਾਰੀਆਂ ਨੂੰ ਕਾਰਵਾਈ ਕਰਨ ਵਿਚ ਵੀ ਮੁਸ਼ਕਲਾਂ ਪੇਸ਼ ਆਉਂਦੀਆਂ ਹਨ।

ਇਹ ਵੀ ਪੜ੍ਹੋ: ਕੋਟਫਤੂਹੀ ਵਿਖੇ 19 ਸਾਲਾ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ, ਫਾਹੇ ਨਾਲ ਲਟਕਦੀ ਮਿਲੀ ਲਾਸ਼

ਸ਼ਹਿਰ ਵਿਚ ਲੱਗੇ ਟਾਵਰਾਂ ਨੂੰ ਲੈ ਕੇ ਹੋਈ ਮੀਟਿੰਗ
ਇਸੇ ਵਿਚਕਾਰ ਕਮਿਸ਼ਨਰ ਕਰਣੇਸ਼ ਸ਼ਰਮਾ ਦੀ ਪ੍ਰਧਾਨਗੀ ਵਿਚ ਇਕ ਮੀਟਿੰਗ ਹੋਈ। ਇਸ ਦੌਰਾਨ ਸ਼ਹਿਰ ਵਿਚ ਨਿਗਮ ਦੀ ਹੱਦ ਅਤੇ ਬਾਹਰ ਲੱਗੇ ਟੈਲੀਕਾਮ ਟਾਵਰਾਂ ਦਾ ਰਿਕਾਰਡ ਤਲਬ ਕੀਤਾ ਗਿਆ। ਕਮਿਸ਼ਨਰ ਨੇ ਦੱਸਿਆ ਕਿ ਜਿਹੜੇ ਟਾਵਰ ਨਾਜਾਇਜ਼ ਢੰਗ ਨਾਲ ਜਾਂ ਨਿਯਮਾਂ ਦਾ ਪਾਲਣਾ ਕੀਤੇ ਬਗੈਰ ਲੱਗੇ ਹੋਏ ਹਨ, ਉਨ੍ਹਾਂ ਨੂੰ ਨਿਯਮਿਤ ਕਰਨ ਦਾ ਪ੍ਰੋਸੈੱਸ ਚਲਾਇਆ ਜਾਵੇਗਾ, ਨਹੀਂ ਤਾਂ ਉਨ੍ਹਾਂ ਨੂੰ ਉਤਾਰਨ ਦੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਸਾਰਾ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:  ਵੱਡੀ ਖ਼ਬਰ: SFJ ਖ਼ਿਲਾਫ਼ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਪੰਨੂ ਖ਼ਿਲਾਫ਼ ਐੱਫ.ਆਈ.ਆਰ. ਦਰਜ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News