ਨਾਜਾਇਜ਼ ਮਾਈਨਿੰਗ ਰੋਕਣ ਅਧਿਆਪਕਾਂ ਦੀ ਲਾਈ ਡਿਊਟੀ ਦਾ ਤਿੱਖਾ ਵਿਰੋਧ

Saturday, Jun 20, 2020 - 09:36 PM (IST)

ਨਾਜਾਇਜ਼ ਮਾਈਨਿੰਗ ਰੋਕਣ ਅਧਿਆਪਕਾਂ ਦੀ ਲਾਈ ਡਿਊਟੀ ਦਾ ਤਿੱਖਾ ਵਿਰੋਧ

ਗੋਰਾਇਆ (ਮੁਨੀਸ਼ ਬਾਵਾ)— ਗੈਰ-ਕਾਨੂੰਨੀ ਰੇਤਾ/ਮਿੱਟੀ ਦੀ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਐੱਸ. ਡੀ. ਐੱਮ. ਫ਼ਗਵਾੜਾ ਵੱਲੋਂ ਫਗਵਾੜੇ ਦੇ ਵੱਖ-ਵੱਖ ਨਾਕਿਆਂ 'ਤੇ ਅਧਿਆਪਕਾਂ ਦੀਆਂ ਡਿਊਟੀਆਂ ਦੇਰ ਰਾਤ 9 ਵਜੇ ਤੋਂ 1 ਵਜੇ ਤੜਕੇ ਤੱਕ ਲਗਾਈਆਂ ਗਈਆਂ ਹਨ। ਜਿਸ ਨਾਲ ਸਮੂਹ ਅਧਿਆਪਕ ਭਾਈਚਾਰੇ ਦੇ ਮਾਣ-ਸਨਮਾਨ ਨੂੰ ਭਾਰੀ ਠੇਸ ਲੱਗੀ ਹੈ। ਇਨ੍ਹਾਂ ਡਿਊਟੀਆਂ ਦਾ ਗੰਭੀਰਤਾ ਨਾਲ ਨੋਟਿਸ ਲੈਂਦਿਆਂ ਸਾਂਝਾ ਅਧਿਆਪਕ ਮੋਰਚਾ ਪੰਜਾਬ ਅਤੇ ਭਰਾਤਰੀ ਜਥੇਬੰਦੀਆਂ ਨੇ ਫਗਵਾੜਾ ਪ੍ਰਸ਼ਾਸਨ ਦਾ ਤਿੱਖਾ ਵਿਰੋਧ ਕਰਦਿਆਂ ਕਿਹਾ ਕਿ ਅਧਿਆਪਕਾਂ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀ ਡਿਊਟੀ ਦਾ ਸਮੂਹ ਭਾਈਚਾਰੇ ਦਾ ਸਹਿਯੋਗ ਲੈ ਕੇ ਵਿਰੋਧ ਲਗਾਤਾਰ ਜਾਰੀ ਰਹੇਗਾ।

ਇਸ ਤੋਂ ਪਹਿਲਾਂ ਵੀ ਗੁਰਦਾਸਪੁਰ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਦੀਆਂ ਡਿਊਟੀਆਂ ਸ਼ਰਾਬ ਦੀਆਂ ਬੋਤਲਾਂ ਦੀ ਚੈਕਿੰਗ 'ਤੇ ਲਗਾਈਆਂ ਗਈਆਂ ਸਨ, ਜਿਸ ਦਾ ਪੰਜਾਬ ਪੱਧਰ 'ਤੇ ਵਿਰੋਧ ਹੋਣ ਪਿੱਛੋਂ ਡਿਊਟੀਆਂ ਰੱਦ ਕੀਤੀਆਂ ਗਈਆਂ ਸਨ। ਹੁਣ ਫਿਰ ਐੱਸ. ਡੀ. ਐੱਮ. ਫਗਵਾੜਾ ਨੇ ਉਸੇ ਰਾਹ 'ਤੇ ਚੱਲਦੇ ਹੋਏ ਅਧਿਆਪਕਾਂ ਦੇ ਮਾਣ- ਸਨਮਾਨ ਨੂੰ ਠੇਸ ਪਹੁੰਚਾਉਂਦੇ ਹੋਏ ਅਧਿਆਪਕਾਂ ਦੀਆਂ ਡਿਊਟੀਆਂ ਗੈਰ ਕਾਨੂੰਨੀ ਰੇਤਾ/ਮਿੱਟੀ ਦੀ ਮਾਈਨਿੰਗ ਦੀ ਚੈਕਿੰਗ 'ਤੇ ਰਾਤ 9 ਵਜੇ ਤੋਂ ਤੜਕੇ 1 ਵਜੇ ਤੱਕ ਲਗਾ ਦਿੱਤੀਆਂ ਹਨ, ਜੋ ਅਤਿਅੰਤ ਨਿੰਦਣਯੋਗ ਅਤੇ ਬਰਦਾਸ਼ਤ ਤੋਂ ਬਾਹਰ ਹਨ। ਅਧਿਆਪਕ ਆਗੂਆਂ ਨੇ ਕਿਹਾ ਕਿ ਕੋਵਿੱਡ-19 ਦੀ ਚੱਲ ਰਹੀ ਮਹਾਮਾਰੀ ਦੇ ਦੌਰਾਨ ਅਧਿਆਪਕਾਂ ਨੇ ਫਗਵਾੜਾ ਪ੍ਰਸ਼ਾਸਨ ਨੂੰ ਪੂਰਾ-ਪੂਰਾ ਸਹਿਯੋਗ ਕਰਦੇ ਹੋਏ ਸਬਜੀ ਮੰਡੀ ,ਦਾਣਾ ਮੰਡੀ, ਇਕਾਂਤਵਾਸ ਸੈਂਟਰ ਅਤੇ ਸ਼ਹਿਰ ਦੇ ਵੱਖ-ਵੱਖ ਨਾਕਿਆਂ 'ਤੇ ਲੱਗੀਆਂ ਡਿਊਟੀਆਂ ਨੂੰ ਆਪਣੀ ਨਿੱਜੀ ਜ਼ਿੰਮੇਵਾਰੀ ਸਮਝਕੇ ਨਿਭਾਇਆ ਹੈ। ਹੁਣ ਇਸ ਦਾ ਇਨਾਮ ਇਹ ਦਿੱਤਾ ਜਾ ਰਿਹਾ ਹੈ ਕਿ ਹੁਣ ਰੇਤ ਮਾਈਨਿੰਗ 'ਚ ਵੀ ਡਿਊਟੀਆਂ 'ਤੇ ਤਾਇਨਾਤ ਕੀਤਾ ਜਾ ਰਿਹਾ ਹੈ।

ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਵੱਲੋਂ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦੇ ਹੋਏ ਜੀ. ਟੀ. ਰੋਡ ਪੁਲਸ ਨਾਕਾ ਜਮਾਲਪੁਰ ਵਿਖੇ ਜੋਰਦਾਰ ਨਾਅਰੇ ਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। ਫਗਵਾੜਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਐਲਾਨ ਕੀਤਾ ਕਿ ਜੇ ਫਗਵਾੜਾ ਪ੍ਰਸ਼ਾਸਨ ਨੇ ਤੁਰੰਤ ਮਾਈਨਿੰਗ ਚੈਕਿੰਗ ਦੀਆਂ ਡਿਊਟੀਆਂ ਰੱਦ ਨਾ ਕੀਤੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ 22 ਨੂੰ ਰੈਸਟ ਹਾਊਸ ਫਗਵਾੜਾ ਵਿਖੇ ਇਕੱਠੇ ਹੋ ਕੇ ਰੋਸ ਰੈਲੀ ਕੀਤੀ ਜਾਵੇਗੀ, ਜਿਸ ਦੀ ਜਿੰਮੇਵਾਰੀ ਸਿਰਫ ਅਤੇ ਸਿਰਫ ਫਗਵਾੜਾ ਪ੍ਰਸ਼ਾਸਨ ਦੀ ਹੋਵੇਗੀ। ਇਸ ਸਮੇਂ ਸਾਂਝਾ ਅਧਿਆਪਕ ਮੋਰਚਾ ਪੰਜਾਬ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂ ਕਰਨੈਲ ਫਿਲੌਰ, ਸੁਖਵਿੰਦਰ ਸਿੰਘ, ਸਤਵੰਤ ਟੂਰਾ, ਸਾਧੂ ਸਿੰਘ ਜੱਸਲ, ਲਖਵੀਰ ਚੰਦ, ਮਨਜੀਤ ਘਾਟ, ਗਿਆਨ ਚੰਦ ਵਾਹਦ, ਅਸ਼ੋਕ ਕੁਮਾਰ, ਰਾਮ ਪਾਲ ਅਤੇ ਕੁਲਦੀਪ ਸਿੰਘ ਕੌੜਾ ਹਾਜ਼ਰ ਹੋਏ।


author

shivani attri

Content Editor

Related News