ਜਲੰਧਰ ਜ਼ਿਮਨੀ ਚੋਣ ਲੜ ਰਹੇ ''ਆਪ'' ਉਮੀਦਵਾਰ ਸੁਸ਼ੀਲ ਰਿੰਕੂ ਨਿਰਮਲ ਕੁਟੀਆ ਸੀਚੇਵਾਲ ਹੋਏ ਨਤਮਸਤਕ

Sunday, Apr 16, 2023 - 08:17 PM (IST)

ਜਲੰਧਰ ਜ਼ਿਮਨੀ ਚੋਣ ਲੜ ਰਹੇ ''ਆਪ'' ਉਮੀਦਵਾਰ ਸੁਸ਼ੀਲ ਰਿੰਕੂ ਨਿਰਮਲ ਕੁਟੀਆ ਸੀਚੇਵਾਲ ਹੋਏ ਨਤਮਸਤਕ

ਸ਼ਾਹਕੋਟ (ਤ੍ਰੇਹਨ, ਅਰਸ਼ਦੀਪ) : ਲੋਕ ਸਭਾ ਹਲਕਾ ਜਲੰਧਰ ਤੋਂ ਉਪ ਚੋਣ ਲੜ ਰਹੇ 'ਆਪ' ਉਮੀਦਵਾਰ ਸੁਸ਼ੀਲ ਰਿੰਕੂ ਅੱਜ ਨਿਰਮਲ ਕੁਟੀਆ ਸੀਚੇਵਾਲ ਵਿਖੇ ਨਤਮਸਤਕ ਹੋਏ। ਉਨ੍ਹਾਂ ਇੱਥੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਤੋਂ ਆਸ਼ੀਰਵਾਦ ਲਿਆ। ਇਸ ਮੌਕੇ ਸੰਤ ਸੀਚੇਵਾਲ ਨੇ ਇਲਾਕੇ ਦੀਆਂ ਮੰਗਾਂ ਬਾਰੇ ਇਕ ਮੰਗ-ਪੱਤਰ ਸੌਂਪਦਿਆ ਕਿਹਾ ਕਿ ਉਹ ਆਪਣੇ ਚੋਣ ਪ੍ਰਚਾਰ ਦੌਰਾਨ ਵਾਤਾਵਰਣ ਨੂੰ ਮੁੱਖ ਮੁੱਦਾ ਬਣਾਉਣ ਕਿਉਂਕਿ ਵਾਤਾਵਰਣ ਦੇ ਪ੍ਰਦੂਸ਼ਣ ਨਾਲ ਲੋਕਾਂ ਦਾ ਜੀਵਨ ਖਤਰੇ 'ਚ ਪਿਆ ਹੋਇਆ ਹੈ।

ਇਹ ਵੀ ਪੜ੍ਹੋ : ਕਾਰਗਿਲ ਏਅਰਪੋਰਟ 'ਤੇ ਬਾਰੂਦੀ ਸੁਰੰਗ 'ਚ ਧਮਾਕਾ, 1 ਬੱਚੇ ਦੀ ਮੌਤ, 2 ਦੀ ਹਾਲਤ ਗੰਭੀਰ

ਸੰਤ ਸੀਚੇਵਾਲ ਵੱਲੋਂ ਦਿੱਤੇ ਗਏ ਮੰਗ-ਪੱਤਰ 'ਚ 7 ਪ੍ਰਮੁੱਖ ਮੰਗਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਇਸ ਮੰਗ-ਪੱਤਰ ਨੂੰ ਜਲੰਧਰ ਲੋਕ ਸਭਾ ਹਲਕੇ ਤੋਂ ਉਪ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਤੱਕ ਪਹੁੰਚਦਾ ਕੀਤਾ ਜਾਵੇਗਾ। ਇਨ੍ਹਾਂ ਮੰਗਾਂ 'ਚ ਸਭ ਤੋਂ ਅਹਿਮ ਮੰਗ ਕਾਲਾ ਸੰਘਿਆਂ ਡਰੇਨ, ਜਮਸ਼ੇਰ ਡਰੇਨ, ਚਿੱਟੀ ਵੇਈਂ ਅਤੇ ਸਤਲੁਜ ਦਰਿਆ 'ਚ ਪੈ ਰਹੇ ਜ਼ਹਿਰੀਲੇ ਪਾਣੀਆਂ ਨੂੰ ਰੋਕਣ ਬਾਰੇ ਹੈ। 'ਆਪ' ਉਮੀਦਵਾਰ ਸੁਸ਼ੀਲ ਰਿੰਕੂ ਨੇ ਭਰੋਸਾ ਦਿੱਤਾ ਕਿ ਸੰਤ ਸੀਚੇਵਾਲ ਵੱਲੋਂ ਜਿਨ੍ਹਾਂ ਮੁੱਦਿਆ ਨੂੰ ਲੈ ਕੇ ਉਨ੍ਹਾਂ ਨੂੰ ਮੰਗ-ਪੱਤਰ ਦਿੱਤਾ ਗਿਆ ਹੈ, ਉਹ ਪਹਿਲ ਦੇ ਅਧਾਰ ‘ਤੇ ਹੱਲ ਕਰਵਾਏ ਜਾਣਗੇ ਤੇ ਵਾਤਾਵਰਣ ਵਰਗੇ ਗੰਭੀਰ ਮੁੱਦੇ ਨੂੰ ਉਹ ਪ੍ਰਮੁੱਖਤਾ ਦੇਣਗੇ।

ਇਹ ਵੀ ਪੜ੍ਹੋ : ਭਾਰਤ ਨੇ ਅਮੀਰ ਦੇਸ਼ਾਂ ਨੂੰ G7 'ਚ ਕਾਰਬਨ ਨਿਕਾਸੀ ਵਿੱਚ ਕਟੌਤੀ ਤੇਜ਼ ਕਰਨ ਲਈ ਕਿਹਾ

ਉਨ੍ਹਾਂ ਸੰਤ ਸੀਚੇਵਾਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਵਾਤਾਵਰਣ ਪੱਖੋਂ ਮਨੁੱਖਤਾ ਦੀ ਜਿਹੜੀ ਸੇਵਾ ਕੀਤੀ ਹੈ, ਉਸ ਦੇ ਲਈ ਪੰਜਾਬ ਉਨ੍ਹਾਂ ਦਾ ਸਦਾ ਰਿਣੀ ਰਹੇਗਾ। ਜ਼ਿਕਰਯੋਗ ਹੈ ਕਿ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਸਾਲ 2009 ਤੋਂ ਲੋਕ ਸਭਾ ਦੀਆਂ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ ਵਾਤਾਵਰਣ ਦਾ ਏਜੰਡਾ ਸੌਂਪਦੇ ਆ ਰਹੇ ਹਨ ਤੇ ਉਨ੍ਹਾਂ ਨੇ ਰਾਜ ਸਭਾ ਦੇ ਮੈਂਬਰ ਬਣਨ ਤੋਂ ਬਾਅਦ ਵੀ ਆਪਣੇ ਅਸਲ ਮੁੱਦਿਆਂ ਨੂੰ ਕਦੇਂ ਨਹੀਂ ਵਿਸਾਰਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬੀ ਰਾਜਵਿੰਦਰ ਕੌਰ ਥਿਆੜਾ, ਐਡਵੋਕੇਟ ਗੁਰਭੇਜ ਸਿੰਘ, ਸਾਬਕਾ ਚੇਅਰਮੈਨ ਮੋਹਣ ਲਾਲ ਸੂਦ, ਬੀਸੀ ਵਿੰਗ ਦੇ ਆਗੂ ਹਰਜਿੰਦਰ ਸਿੰਘ ਸੀਚੇਵਾਲ, ਰਤਨ ਸਿੰਘ, ਅਮਰੀਕ ਸਿੰਘ ਸੰਧੂ, ਸਰਪੰਚ ਤਜਿੰਦਰ ਸਿੰਘ, ਬੂਟਾ ਸਿੰਘ, ਦਇਆ ਸਿੰਘ ਤੇ ਕੁਲਵਿੰਦਰ ਸਿੰਘ ਸਮੇਤ ਹੋਰ ਸ਼ਖਸੀਅਤਾਂ ਹਾਜ਼ਰ ਸਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News