108 ਸਾਲ ਪੁਰਾਣੇ ਰੇਲਵੇ ਪੁਲ ਦੇ ਹੇਠੋਂ ਪਹਿਲੀ ਵਾਰ ਸਤਲੁਜ ਦਰਿਆ ਨੂੰ ਕੀਤਾ ਜਾ ਰਿਹੈ ਸਾਫ਼

Thursday, Mar 05, 2020 - 06:29 PM (IST)

108 ਸਾਲ ਪੁਰਾਣੇ ਰੇਲਵੇ ਪੁਲ ਦੇ ਹੇਠੋਂ ਪਹਿਲੀ ਵਾਰ ਸਤਲੁਜ ਦਰਿਆ ਨੂੰ ਕੀਤਾ ਜਾ ਰਿਹੈ ਸਾਫ਼

ਸੁਲਤਾਨਪੁਰ ਲੋਧੀ (ਸੋਢੀ) - ਦੇਸ਼ ਦੇ ਵੱਡੇ ਦਰਿਆਵਾਂ 'ਚੋਂ ਗਿਣੇ ਜਾਂਦੇ ਸਤਲੁਜ ਦਰਿਆ ਦੀ ਕਾਰ ਸੇਵਾ ਪਹਿਲੀ ਵਾਰ ਇਲਾਕੇ ਦੇ ਕਿਸਾਨ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਕਰ ਰਹੇ ਹਨ। ਆਮ ਤੌਰ 'ਤੇ ਭਰ ਵੱਗਦੇ ਦਰਿਆਵਾਂ ਦੀ ਕਦੇਂ ਸਫ਼ਾਈ ਕਰਨ ਦੀ ਲੋੜ ਨਹੀਂ ਹੁੰਦੀ ਪਰ ਸਤਲੁਜ ਦਰਿਆ ਪ੍ਰਤੀ ਦਿਖਾਈ ਜਾ ਰਹੀ ਬੇਰੁਖ਼ੀ ਕਾਰਨ ਗਿੱਦੜਪਿੰਡੀ ਰੇਲਵੇ ਪੁਲ ਹੇਠਾਂ 15 ਤੋਂ 18 ਫੁੱਟ ਤੱਕ ਮਿੱਟੀ ਚੜ੍ਹ ਗਈ ਸੀ। ਏਨੀ ਵੱਡੀ ਪੱਧਰ 'ਤੇ ਮਿੱਟੀ ਦਰਿਆ ਵਿਚ ਚੜ੍ਹ ਜਾਣ ਕਾਰਨ ਗਿੱਦੜਪਿੰਡੀ ਵਿੱਚ ਸਤਲੁਜ ਦਰਿਆ ਵਿਚ ਬਣੇ ਰੇਲਵੇ ਪੁਲ ਨੂੰ ਖਤਰਾ ਬਣ ਗਿਆ ਸੀ। 1912 ਵਿਚ ਅੰਗਰੇਜਾਂ ਵਲੋਂ ਬਣਾਏ ਗਏ ਇਸ ਪੁੱਲ ਨੂੰ ਅਗਸਤ 2019 ਵਿਚ ਆਏ ਹੜ੍ਹਾਂ ਕਾਰਨ ਰੇਲਵੇ ਵਿਭਾਗ ਦੇ ਅਧਿਕਾਰੀਆਂ ਦੀ ਨੀਂਦ ਉਡਾ ਦਿੱਤੀ ਸੀ, ਕਿਉਂਕਿ ਹੜ੍ਹ ਦਾ ਪਾਣੀ ਰੇਲਵੇ ਪੁੱਲ ਨੂੰ ਮਜ਼ਬੂਤੀ ਦੇਣ ਵਾਲੀ ਗਰਿਲ ਵਿਚੋਂ ਦੀ ਲੰਘਣ ਲੱਗ ਪਿਆ ਸੀ। ਹੜ੍ਹਾਂ ਦੌਰਾਨ ਜੇਕਰ ਇਸ ਪੁੱਲ ਨੂੰ ਨੁਕਸਾਨ ਹੁੰਦਾ ਤਾਂ ਰੇਲਵੇ ਨੂੰ ਅਰਬਾਂ ਦਾ ਆਰਥਿਕ ਨੁਕਸਾਨ ਝੱਲਣਾ ਪੈਣਾ ਸੀ।

ਪੜ੍ਹੋਂ ਇਹ ਵੀ - ਰੇਲਵੇ ਅਧਿਕਾਰੀਆਂ ਨੂੰ ਪਤਾ ਸੀ ਜੇ ਮਿੱਟੀ ਨਾ ਪੁੱਟੀ ਤਾਂ ਰੇਲਵੇ ਪੁਲ ਰੁੜ੍ਹ ਸਕਦਾ ਹੈ : ਸੰਤ ਸੀਚੇਵਾਲ

ਜ਼ਿਕਰਯੋਗ ਹੈ ਕਿ ਇਸ ਪੁਲ ਉਪਰ ਦੀ ਰੋਜ਼ਾਨਾ 30 ਦੇ ਕਰੀਬ ਰੇਲ ਗੱਡੀਆਂ ਲੰਘਦੀਆਂ ਹਨ। 16 ਯਾਤਰੂ, 10 ਮਾਲਗੱਡੀਆਂ ਅਤੇ ਬਾਕੀ ਸਪੈਸ਼ਲ ਰੇਲਗੱਡੀਆਂ ਇਹ ਰੇਲਵੇ ਲਾਈਨ ਉਪਰ ਦੀ ਲੰਘਦੀਆਂ ਹਨ। ਇਹ ਰੇਲਵੇ ਪੁੱਲ ਜਲੰਧਰ ਜੰਕਸ਼ਨ ਨੂੰ ਫਿਰੋਜ਼ਪੁਰ ਰੇਲਵੇ ਮੰਡਲ ਨਾਲ ਜੋੜਦਾ ਹੈ। ਅੱਗਿਉਂ ਇਹ ਰੇਲ ਮਾਰਗ ਰਾਜਸਥਾਨ ਅਤੇ ਗੁਜਰਾਤ ਨੂੰ ਵੀ ਉਤਰੀ ਭਾਰਤ ਨਾਲ ਜੋੜਦਾ ਹੈ। ਇਸ ਕਰਕੇ ਇਹ ਪੁੱਲ ਬਹੁਤ ਅਹਿਮ ਮੰਨਿਆ ਜਾਂਦਾ ਹੈ। ਡਰੇਨਜ਼ ਵਿਭਾਗ ਵਲੋਂ ਹੜ੍ਹਾਂ ਵਿਚ ਪੈਦਾ ਹੋਏ ਖਤਰੇ ਨੂੰ ਦੇਖਦੇ ਹੋਏ ਪੁਲ ਦੇ ਹੇਠੋਂ ਮਿੱਟੀ ਕੱਢਣ ਲਈ 17 ਕਰੋੜ ਦਾ ਪ੍ਰੋਜੈਕਟ ਉੁਲੀਕਿਆ ਗਿਆ ਸੀ। ਸਰਕਾਰ ਕੋਲ ਪੈਸੇ ਨਾ ਹੋਣ ਕਾਰਨ ਇਹ ਕੰਮ ਸ਼ੁਰੂ ਨਾ ਹੋ ਸਕਿਆ। ਇਲਾਕੇ ਦੇ ਕਿਸਾਨਾਂ ਨੂੰ ਲਾਮਬੰਦ ਕਰਕੇ ਇਕ ਮੁਹਿੰਮ ਚਲਾ ਰਹੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ 31 ਜਨਵਰੀ ਤੋਂ ਇਸ ਰੇਲਵੇ ਪੁਲ ਹੇਠੋਂ ਮਿੱਟੀ ਕੱਢਣ ਦੀ ਕਾਰ ਸੇਵਾ ਸ਼ੁਰੂ ਕਰ ਦਿੱਤੀ ਸੀ, ਜਿਸ ਵਿਚ ਹੁਣ ਤੱਕ 56 ਲੱਖ ਤੋਂ ਵੱਧ ਦਾ ਡੀਜ਼ਲ ਲੋਕਾਂ ਦੀ ਮਦਦ ਨਾਲ ਪਾਇਆ ਜਾ ਚੁੱਕਾ ਹੈ।

PunjabKesari

ਸੰਤ ਸੀਚੇਵਾਲ ਨੇ ਦੱਸਿਆ ਕਿ ਪੁਲ ਹੇਠਾਂ ਜੰਮੀ ਮਿੱਟੀ ਏਨੀ ਉੱਚੀ ਹੋ ਗਈ ਸੀ ਕਿ ਹੜ੍ਹ ਦਾ ਪਾਣੀ ਪੁੱਲ ਹੇਠੋਂ ਠੀਕ ਤਰ੍ਹਾਂ ਨਾਲ ਨਹੀਂ ਸੀ ਲੰਘ ਰਿਹਾ। ਹੜ੍ਹ ਨਾਲ ਰੁੜ੍ਹ ਕੇ ਆਏ ਦਰੱਖਤ ਜਦੋਂ ਪੁੱਲ ਵਿਚ ਫਸ ਗਏ ਸਨ ਤਾਂ ਪਿੱਛੇ ਪਾਣੀ ਦਾ ਦਬਾਅ ਵੱਧ ਗਿਆ ਸੀ, ਜਿਸ ਨਾਲ ਧੁੱਸੀ ਬੰਨ੍ਹ ਨੂੰ ਢਾਹ ਲੱਗ ਗਈ ਸੀ, ਜਿਸ ਕਰਕੇ ਬੰਨ੍ਹ ਕਈ ਥਾਂਵਾਂ ਤੋਂ ਟੁੱਟ ਗਿਆ ਸੀ। ਇਸ ਪੈਦਾ ਹੋਈ ਭਿਆਨਕ ਸਥਿਤੀ ਨਾਲ ਰੇਲਵੇ ਦੇ ਪੁਲ ਨੂੰ ਵੀ ਖਤਰਾ ਪੈਦਾ ਹੋ ਗਿਆ ਸੀ। ਜਾਣੀਆ ਚਾਹਲ ਦੇ ਕਿਸਾਨ ਮੇਜਰ ਸਿੰਘ ਨੇ ਦੱਸਿਆ ਕਿ ਹੜ੍ਹ ਨਾਲ ਉਨ੍ਹਾਂ ਦਾ ਵੱਡੇ ਪੱਧਰ 'ਤੇ ਆਰਥਿਕ ਨੁਕਸਾਨ ਹੋ ਗਿਆ ਸੀ। ਜ਼ਮੀਨ ਵਿਚ ਵੀ 25 ਫੁੱਟ ਤੱਕ ਡੂੰਘੇ ਟੋਏ ਪੈ ਗਏ ਸਨ। ਸੰਤ ਸੀਚੇਵਾਲ ਜੀ ਵਲੋਂ ਕੀਤੀ ਗਈ ਕਾਰਸੇਵਾ ਕਰਕੇ ਹੀ ਹੜ੍ਹਾਂ ਤੋਂ ਬਾਅਦ ਏਨੀ ਜਲਦੀ ਇੱਥੇ ਕਣਕ ਬੀਜਣੀ ਸੰਭਵ ਹੋ ਸਕੀ।


author

rajwinder kaur

Content Editor

Related News