ਨੂੰਹ ਤੇ ਕੁੜਮ ਤੋਂ ਤੰਗ ਆ ਕੇ ਖੁਦਕਸ਼ੀ ਕਰਨ ਦੇ ਮਾਮਲੇ ''ਚ ਪਿਓ-ਧੀ ਗ੍ਰਿਫਤਾਰ

7/25/2020 1:06:33 AM

ਨਕੋਦਰ,(ਪਾਲੀ)- ਸਦਰ ਪੁਲਸ ਨੇ ਬੀਤੇ ਦਿਨੀਂ ਪਿੰਡ ਕੰਗ ਸਾਹਿਬ ਰਾਏ ਦੇ ਵਿਅਕਤੀ ਵਲੋਂ ਆਪਣੀ ਨੂੰਹ ਅਤੇ ਕੁੜਮ ਦੀਆਂ ਕਥਿਤ ਧਮਕੀਆਂ ਅਤੇ ਲੜਾਈ–ਝਗੜੇ ਤੋਂ ਤੰਗ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਦਵਾਈ ਪੀ ਕੇ ਖੁਦਕਸ਼ੀ ਕਰ ਲਈ ਸੀ। ਪੁਲਸ ਨੇ ਅੱਜ ਉਕਤ ਮਾਮਲੇ 'ਚ ਸ਼ਾਮਲ ਦੋਹਾਂ ਮੁਲਜ਼ਮਾਂ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ।
ਸਦਰ ਥਾਣਾ ਮੁਖੀ ਵਿਨੋਦ ਕੁਮਾਰ ਨੇ ਦੱਸਿਆ ਕਿ ਬੀਤੀ 28 ਜੂਨ ਨੂੰ ਪੁਲਸ ਨੂੰ ਦਿੱਤੇ ਬਿਆਨਾਂ 'ਚ ਅਵਤਾਰ ਸਿੰਘ ਪੁੱਤਰ ਰਾਵਲ ਸਿੰਘ ਵਾਸੀ ਪਿੰਡ ਕੰਗ ਸਾਹਿਬ ਰਾਏ ਨੇ ਦੱਸਿਆ ਕਿ ਸਾਲ 2010 ਵਿਚ ਉਸ ਦਾ ਵਿਆਹ ਹਰਜੀਤ ਕੌਰ ਪੁਤਰੀ ਮੋਹਨ ਸਿੰਘ ਵਾਸੀ ਪਿੰਡ ਢੀਂਡਸਾ ਥਾਣਾ ਗੋਰਾਇਆ ਦੇ ਨਾਲ ਹੋਇਆ ਸੀ ਤੇ ਉਸ ਦੇ ਦੋ ਬੱਚੇ ਪੈਦਾ ਹੋਏ। ਵਿਆਹ ਤੋਂ ਬਾਅਦ ਮੇਰੀ ਪਤਨੀ ਹਰਜੀਤ ਕੌਰ ਮੇਰੇ ਪਰਿਵਾਰ ਨਾਲ ਲੜਾਈ ਝਗੜਾ ਕਰ ਕੇ ਸਾਨੂੰ ਤੰਗ-ਪ੍ਰੇਸ਼ਾਨ ਕਰਨ ਲਗੇ।

ਬੀਤੀ 23 ਜੂਨ ਨੂੰ ਹਰਜੀਤ ਕੌਰ ਮੇਰੇ ਅਤੇ ਮੇਰੇ ਮਾਤਾ-ਪਿਤਾ ਨਾਲ ਝਗੜਾ ਕਰਨ ਲਗ ਪਈ, ਉਸ ਨੇ ਆਪਣੇ ਪੇਕੇ ਆਪਣੇ ਪਿਤਾ ਨੂੰ ਫੋਨ ਮਿਲਾ ਕੇ ਕਹਿਣ ਲੱਗੀ ਕਿ ਮੇਰੇ ਲੜਕੇ ਨੂੰ ਝਿੜਕਦੇ ਹਨ ਅਤੇ ਹਰਜੀਤ ਕੌਰ ਨੇ ਫੋਨ ਦਾ ਸਪੀਕਰ ਆਨ ਕਰ ਕੇ ਸਾਨੂੰ ਸੁਣਾਇਆ, ਜਿਸ ਵਿੱਚ ਮੇਰੇ ਸਹੁਰਾ ਮੋਹਨ ਸਿੰਘ ਨੇ ਫੋਨ 'ਤੇ ਮੈਨੂੰ ਅਤੇ ਮੇਰੇ ਮਾਤਾ-ਪਿਤਾ ਨੂੰ ਕਾਫੀ ਗਾਲੀ-ਗਲੋਚ ਅਤੇ ਧਮਕੀਆ ਦਿੱਤੀ। ਦੂਜੇ ਦਿਨ 24 ਜੂਨ ਨੂੰ ਮੇਰੀ ਪਤਨੀ ਹਰਜੀਤ ਕੌਰ ਨੇ ਫਿਰ ਮੇਰੇ ਮਾਂ-ਬਾਪ ਨਾਲ ਲੜਾਈ/ਝਗੜਾ ਕੀਤਾ ਅਤੇ ਦਾਜ ਦਾ ਝੂਠਾ ਪਰਚਾ ਦਰਜ ਕਰਵਾਉਂਣ ਦੀ ਧਮਕੀਆਂ ਦਿੱਤੀਆਂ। ਮੇਰੇ ਸਹੁਰਾ ਮੋਹਨ ਸਿੰਘ ਅਤੇ ਮੇਰੀ ਪਤਨੀ ਹਰਜੀਤ ਕੌਰ ਦੇ ਮਾੜੇ ਵਤੀਰੇ ਤੋਂ ਤੰਗ ਪ੍ਰੇਸ਼ਾਨ ਹੋ ਕੇ ਮੇਰੇ ਪਿਤਾ ਰਾਵਲ ਸਿੰਘ ਨੇ ਖੂਹ 'ਤੇ ਜਾ ਕੇ ਜ਼ਹਰੀਲੀ ਦਵਾਈ ਪੀ ਲਈ ਅਤੇ ਇਹ ਸੁਣ ਕੇ ਮੈਂ ਘਬਰਾ ਗਿਆ ਅਤੇ ਫਿਰ ਮੈਂ ਵੀ ਦਵਾਈ ਪੀ ਲਈ ਅਤੇ ਸਾਨੂੰ ਹਸਪਤਾਲ ਲਿਆਂਦਾ ਗਿਆ,ਜਿਥੇ ਇਲਾਜ ਦੌਰਾਨ ਮੈਨੂੰ ਛੁੱਟੀ ਮਿਲ ਗਈ।ਪਰ ਮੇਰੇ ਪਿਤਾ ਰਾਵਲ ਸਿੰਘ ਦੀ ਮੌਤ ਹੋ ਗਈ।

ਮ੍ਰਿਤਕ ਦੇ ਪੁੱਤਰ ਅਵਤਾਰ ਸਿੰਘ ਦੇ ਬਿਆਨਾਂ 'ਤੇ ਹਰਜੀਤ ਕੌਰ ਪਤਨੀ ਅਵਤਾਰ ਸਿੰਘ ਅਤੇ ਮੋਹਨ ਸਿੰਘ ਵਾਸੀ ਪਿੰਡ ਢੀਂਡਸਾ ਗੋਰਾਇਆ ਦੇ ਖਿਲਾਫ ਥਾਣਾ ਸਦਰ 'ਚ ਮਾਮਲਾ ਦਰਜ ਕੀਤਾ ਗਿਆ ਸੀ।  ਸਦਰ ਥਾਣਾ ਮੁਖੀ ਵਿਨੋਦ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਸਰਵਣ ਸਿੰਘ ਨੇ ਸਮੇਤ ਪੁਲਸ ਪਾਰਟੀ ਇਕ ਗੁਪਤ ਸੂਚਨਾ ਮਿਲਣ ਤੇ ਤੁਰੰਤ ਛਾਪੇਮਾਰੀ ਕਰ ਕੇ ਉਕਤ ਮਾਮਲੇ 'ਚ ਸ਼ਾਮਲ ਮੁਲਾਜ਼ਮ ਹਰਜੀਤ ਕੌਰ ਪਤਨੀ ਅਵਤਾਰ ਸਿੰਘ ਅਤੇ ਮੋਹਨ ਸਿੰਘ ਵਾਸੀ ਪਿੰਡ ਢੀਂਡਸਾ.ਗੋਰਾਇਆ ਨੂੰ ਗ੍ਰਿਫਤਾਰ ਕਰ ਲਿਆ।


Deepak Kumar

Content Editor Deepak Kumar