ਤਹਿਸੀਲਦਾਰ ਭੀਮ ਸੈਨ ਦੇ ਛਾਪੇ ਤੋਂ ਪਹਿਲਾਂ ਹੀ ''ਗਾਇਬ ਹੋਏ'' ਪ੍ਰਾਈਵੇਟ ਕਰਿੰਦੇ! ਸਵਾਲਾਂ ਦੇ ਘੇਰੇ ''ਚ ਪੂਰਾ ਸਿਸਟਮ
Friday, Jul 03, 2026 - 12:30 PM (IST)
ਜਲੰਧਰ (ਚੋਪੜਾ)-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਸਬ-ਰਜਿਸਟਰਾਰ ਬਿਲਡਿੰਗ ਦੀ ਪਹਿਲੀ ਮੰਜ਼ਿਲ ’ਤੇ ਬਣੇ ਪਟਵਾਰਖਾਨੇ ਵਿਚ ਬੀਤੇ ਦਿਨ ਉਸ ਸਮੇਂ ਹਲਚਲ ਮਚ ਗਈ, ਜਦੋਂ ਤਹਿਸੀਲਦਾਰ ਜਲੰਧਰ-2 ਭੀਮ ਸੈਨ ਨੇ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ 'ਤੇ ਅਚਨਚੇਤ ਚੈਕਿੰਗ ਕੀਤੀ। ਚੈਕਿੰਗ ਤੋਂ ਬਾਅਦ ਤਹਿਸੀਲਦਾਰ ਨੇ ਦਾਅਵਾ ਕੀਤਾ ਕਿ ਮੌਕੇ ’ਤੇ ਪੂਰਾ ਕੰਮ ਸੁਚਾਰੂ ਰੂਪ ਵਿਚ ਚੱਲ ਰਿਹਾ ਸੀ ਅਤੇ ਕਿਸੇ ਵੀ ਪਟਵਾਰੀ ਜਾਂ ਕਾਨੂੰਨਗੋ ਨਾਲ ਕੋਈ ਪ੍ਰਾਈਵੇਟ ਕਰਿੰਦਾ ਕੰਮ ਕਰਦਾ ਨਹੀਂ ਮਿਲਿਆ। ਉਨ੍ਹਾਂ ਇਹ ਵੀ ਕਿਹਾ ਕਿ ਉਹ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਚੈਕਿੰਗ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਕਿਤੇ ਕੋਈ ਬੇਨਿਯਮੀ ਨਜ਼ਰ ਨਹੀਂ ਆਈ।
ਇਹ ਵੀ ਪੜ੍ਹੋ: ਪੰਜਾਬ: ਨਾਇਬ ਤਹਿਸੀਲਦਾਰ ਦਾ ਰੀਡਰ ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ ਹੈਰਾਨ
ਪਰ ਤਹਿਸੀਲਦਾਰ ਦੇ ਇਸ ਦਾਅਵੇ ’ਤੇ ਸਵਾਲ ਵੀ ਉਸੇ ਤੇਜ਼ੀ ਨਾਲ ਉੱਠਣ ਲੱਗੇ ਹਨ। ਵਿਭਾਗ ਨਾਲ ਜੁੜੇ ਪੁਖ਼ਤਾ ਸੂਤਰਾਂ ਦਾ ਕਹਿਣਾ ਹੈ ਕਿ ਚੈਕਿੰਗ ਦੀ ਭਿਣਕ ਪਹਿਲਾਂ ਹੀ ਲੀਕ ਹੋ ਕੇ ਸਬੰਧਤ ਲੋਕਾਂ ਤੱਕ ਪਹੁੰਚ ਗਈ ਸੀ। ਜਿਵੇਂ ਹੀ ਛਾਪੇਮਾਰੀ ਦੀ ਖ਼ਬਰ ਫੈਲੀ, ਸਾਲਾਂ ਤੋਂ ਸਰਕਾਰੀ ਦਫ਼ਤਰ ਵਿਚ ਡੇਰਾ ਜਮਾਈ ਬੈਠੇ ਪ੍ਰਾਈਵੇਟ ਕਰਿੰਦੇ ਮੌਕੇ ਤੋਂ ਇੰਝ ਗਾਇਬ ਹੋ ਗਏ। ਨਤੀਜਾ ਇਹ ਰਿਹਾ ਕਿ ਅਚਨਚੇਤ ਚੈਕਿੰਗ ਸਿਰਫ਼ ਇਕ ਰਸਮੀ ਕਾਰਵਾਈ ਬਣ ਕੇ ਰਹਿ ਗਈ ਅਤੇ ਸਭ ਕੁਝ 'ਆਲ ਇਜ਼ ਵੈੱਲ' ਨਜ਼ਰ ਆਇਆ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਪਟਵਾਰੀਆਂ ਅਤੇ ਕਾਨੂੰਨਗੋਆਂ ਵੱਲੋਂ ਨਿੱਜੀ ਖ਼ਰਚੇ 'ਤੇ ਪ੍ਰਾਈਵੇਟ ਕਰਿੰਦੇ ਰੱਖਣ ਦਾ ਮਾਮਲਾ ਕੋਈ ਨਵਾਂ ਨਹੀਂ ਹੈ। ਇਹ ਵਿਵਸਥਾ ਸਾਲਾਂ ਤੋਂ ਸ਼ਰੇਆਮ ਚੱਲ ਰਹੀ ਹੈ। ਬਹੁਤੇ ਪਟਵਾਰੀਆਂ ਦੀਆਂ ਸੀਟਾਂ ’ਤੇ ਸਰਕਾਰੀ ਮੁਲਾਜ਼ਮ ਨਾਲੋਂ ਜ਼ਿਆਦਾ ਸਮਾਂ ਪ੍ਰਾਈਵੇਟ ਕਰਿੰਦੇ ਹੀ ਬੈਠੇ ਦੇਖੇ ਜਾਂਦੇ ਹਨ। ਇਹੋ ਲੋਕ ਆਮ ਲੋਕਾਂ ਤੋਂ ਅਰਜ਼ੀਆਂ ਲੈਂਦੇ ਹਨ, ਫਾਈਲਾਂ ਤਿਆਰ ਕਰਦੇ ਹਨ, ਰਿਕਾਰਡ ਕੱਢਦੇ ਹਨ ਅਤੇ ਕਈ ਮਾਮਲਿਆਂ ਵਿਚ ਸਰਕਾਰੀ ਦਸਤਾਵੇਜ਼ਾਂ ਤੱਕ ਸਿੱਧੀ ਪਹੁੰਚ ਰੱਖਦੇ ਹਨ।
ਇਹ ਵੀ ਪੜ੍ਹੋ: ਪੰਜਾਬ ਸ਼ਰਮਸਾਰ: ਫੁੱਫੜ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ! ਜਵਾਕੜੀ ਨਾਲ ਕੀਤਾ ਜਬਰ-ਜ਼ਿਨਾਹ

ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਸਰਕਾਰੀ ਰਿਕਾਰਡ ਦੀ ਸੁਰੱਖਿਆ ਅਤੇ ਭੇਤ ਗੁਪਤ ਰੱਖਣ ਦੀ ਜ਼ਿੰਮੇਵਾਰੀ ਸਿਰਫ਼ ਅਧਿਕਾਰਤ ਮੁਲਾਜ਼ਮਾਂ ਦੀ ਹੁੰਦੀ ਹੈ, ਉਹੀ ਰਿਕਾਰਡ ਕਈ ਥਾਵਾਂ ’ਤੇ ਨਿੱਜੀ ਵਿਅਕਤੀਆਂ ਦੇ ਹੱਥਾਂ ਵਿਚ ਸ਼ਰੇਆਮ ਘੁੰਮਦਾ ਦਿਖਾਈ ਦਿੰਦਾ ਹੈ। ਮਾਲ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਕਈ ਪ੍ਰਾਈਵੇਟ ਕਰਿੰਦੇ ਸਾਲਾਂ ਤੋਂ ਇਕੋ ਸੀਟ ’ਤੇ ਕੰਮ ਕਰ ਰਹੇ ਹਨ ਅਤੇ ਸਬੰਧਤ ਇਲਾਕੇ ਦੀਆਂ ਜ਼ਮੀਨਾਂ, ਇੰਤਕਾਲਾਂ, ਜਮ੍ਹਾਬੰਦੀ, ਨਿਸ਼ਾਨਦੇਹੀ ਅਤੇ ਜਾਇਦਾਦ ਦੇ ਝਗੜਿਆਂ ਬਾਰੇ ਅਜਿਹੀ ਜਾਣਕਾਰੀ ਰੱਖਦੇ ਹਨ, ਜਿਹੜੀ ਕਈ ਨਵੇਂ ਨਿਯੁਕਤ ਸਰਕਾਰੀ ਮੁਲਾਜ਼ਮਾਂ ਕੋਲ ਵੀ ਨਹੀਂ ਹੁੰਦੀ। ਆਮ ਲੋਕਾਂ ਦਾ ਦੋਸ਼ ਹੈ ਕਿ ਜੇਕਰ ਕਿਸੇ ਖੇਤਰ ਵਿਚ ਕੰਮ ਕਰਵਾਉਣਾ ਹੋਵੇ ਤਾਂ ਪਹਿਲਾਂ ਸਬੰਧਤ ਪ੍ਰਾਈਵੇਟ ਕਰਿੰਦੇ ਦੀ 'ਮਰਜ਼ੀ' ਜ਼ਰੂਰੀ ਹੁੰਦੀ ਹੈ। ਉਸ ਦੇ ਇਸ਼ਾਰੇ ਤੋਂ ਬਿਨਾਂ ਫਾਈਲ ਅੱਗੇ ਵਧਣੀ ਮੁਸ਼ਕਿਲ ਮੰਨੀ ਜਾਂਦੀ ਹੈ। ਇਹੀ ਕਾਰਨ ਹੈ ਕਿ ਸਰਕਾਰੀ ਦਫ਼ਤਰਾਂ ਵਿਚ ਇਕ ਸਮਾਨਾਂਤਰ ਵਿਵਸਥਾ ਖੜ੍ਹੀ ਕਰਨ ਦੇ ਦੋਸ਼ ਲਗਾਤਾਰ ਲੱਗਦੇ ਰਹੇ ਹਨ। ਸਮੇਂ-ਸਮੇਂ ’ਤੇ ਸਰਕਾਰੀ ਰਿਕਾਰਡ ਨਾਲ ਛੇੜਛਾੜ, ਫਾਈਲਾਂ ਵਿਚ ਹੇਰਾਫੇਰੀ ਅਤੇ ਮਾਲ ਦਸਤਾਵੇਜ਼ਾਂ ਦੀ ਦੁਰਵਰਤੋਂ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ।
ਇਹ ਵੀ ਪੜ੍ਹੋ: ਪੰਜਾਬ ਦੇ 7 ਅਫ਼ਸਰਾਂ ਖ਼ਿਲਾਫ਼ ਸਖ਼ਤ ਐਕਸ਼ਨ! ਹੋਈ ਵੱਡੀ ਕਾਰਵਾਈ
ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਅਸਲ ਵਿਚ ਨਿਰਪੱਖ ਜਾਂਚ ਕਰਨੀ ਹੋਵੇ ਤਾਂ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਵੱਖ-ਵੱਖ ਸਮੇਂ ’ਤੇ ਚੈਕਿੰਗ ਕੀਤੀ ਜਾਵੇ, ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਹੋਵੇ ਅਤੇ ਇਹ ਦੇਖਿਆ ਜਾਵੇ ਕਿ ਰੋਜ਼ਾਨਾ ਸਰਕਾਰੀ ਸੀਟਾਂ ’ਤੇ ਅਸਲ ਵਿਚ ਕੌਣ ਬੈਠਦਾ ਹੈ। ਸਿਰਫ਼ ਕੁਝ ਮਿੰਟਾਂ ਦੀ ਅਚਨਚੇਤ ਚੈਕਿੰਗ ਨਾਲ ਸਾਲਾਂ ਤੋਂ ਚਲੀ ਆ ਰਹੀ ਵਿਵਸਥਾ ਦੀ ਸੱਚਾਈ ਸਾਹਮਣੇ ਆਉਣੀ ਮੁਸ਼ਕਿਲ ਹੈ। ਦੂਜੇ ਪਾਸੇ ਪ੍ਰਸ਼ਾਸਨਿਕ ਹਲਕਿਆਂ ਵਿਚ ਹੁਣ ਇਹ ਚਰਚਾ ਵੀ ਜ਼ੋਰਾਂ ’ਤੇ ਹੈ ਕਿ ਜੇਕਰ ਚੈਕਿੰਗ ਤੋਂ ਪਹਿਲਾਂ ਹੀ ਸੂਚਨਾ ਲੀਕ ਹੋ ਜਾਵੇ ਤਾਂ ਫਿਰ ਅਜਿਹੀ ਅਚਨਚੇਤ ਚੈਕਿੰਗ ਦਾ ਮਕਸਦ ਹੀ ਕੀ ਰਹਿ ਜਾਂਦਾ ਹੈ। ਸਵਾਲ ਇਹ ਵੀ ਉੱਠ ਰਿਹਾ ਹੈ ਕਿ ਜਿਹੜੇ ਨਿੱਜੀ ਮੁਲਾਜ਼ਮਾਂ ਦੀ ਮੌਜੂਦਗੀ ਦੀਆਂ ਸ਼ਿਕਾਇਤਾਂ ਸਾਲਾਂ ਤੋਂ ਹੁੰਦੀਆਂ ਰਹੀਆਂ ਹਨ, ਉਹ ਆਖਿਰ ਚੈਕਿੰਗ ਦੌਰਾਨ ਅਚਾਨਕ ਕਿੱਥੇ ਗਾਇਬ ਹੋ ਜਾਂਦੇ ਹਨ ਅਤੇ ਚੈਕਿੰਗ ਖ਼ਤਮ ਹੁੰਦੇ ਹੀ ਦੁਬਾਰਾ ਕਿਵੇਂ ਸਰਗਰਮ ਦਿਖਾਈ ਦੇਣ ਲੱਗ ਪੈਂਦੇ ਹਨ।
ਫਿਲਹਾਲ ਤਹਿਸੀਲਦਾਰ ਭੀਮ ਸੈਨ ਆਪਣੀ ਚੈਕਿੰਗ ਨੂੰ ਸਫ਼ਲ ਮੰਨ ਰਹੇ ਹਨ, ਪਰ ਇਸ ਕਾਰਵਾਈ ਨੇ ਵਿਵਸਥਾ ’ਤੇ ਲੱਗੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਨਵੇਂ ਸਵਾਲ ਜ਼ਰੂਰ ਖੜ੍ਹੇ ਕਰ ਦਿੱਤੇ ਹਨ। ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਦੀਪਕ ਖੋਸਲਾ ਦਾ ਇਸ ਮਾਮਲੇ ’ਤੇ ਕਹਿਣਾ ਹੈ ਕਿ ਜੇਕਰ ਡਿਪਟੀ ਕਮਿਸ਼ਨਰ ਅਤੇ ਉੱਚ ਪ੍ਰਸ਼ਾਸਨਿਕ ਅਧਿਕਾਰੀ ਅਸਲ ਵਿਚ ਸਰਕਾਰੀ ਰਿਕਾਰਡ ਦੀ ਸੁਰੱਖਿਆ ਅਤੇ ਮਾਲ ਵਿਵਸਥਾ ਵਿਚ ਪਾਰਦਰਸ਼ਿਤਾ ਚਾਹੁੰਦੇ ਹਨ ਤਾਂ ਸਿਰਫ਼ ਰਸਮੀ ਚੈਕਿੰਗ ਨਹੀਂ, ਸਗੋਂ ਸੂਚਨਾ ਲੀਕ ਕਰਨ ਵਾਲਿਆਂ ਦੀ ਪਛਾਣ, ਪ੍ਰਾਈਵੇਟ ਕਰਿੰਦਿਆਂ ਦੀ ਭੂਮਿਕਾ ਦੀ ਡੂੰਘੀ ਜਾਂਚ ਅਤੇ ਦੋਸ਼ੀਆਂ 'ਤੇ ਸਖ਼ਤ ਕਾਰਵਾਈ ਹੀ ਇਸ ਸਮਾਨਾਂਤਰ ਵਿਵਸਥਾ ਨੂੰ ਨੱਥ ਪਾ ਸਕਦੀ ਹੈ, ਨਹੀਂ ਤਾਂ ਅਚਨਚੇਤ ਚੈਕਿੰਗਾਂ ਹੁੰਦੀਆਂ ਰਹਿਣਗੀਆਂ, ਨਿੱਜੀ ਕਰਿੰਦੇ ਕੁਝ ਸਮੇਂ ਲਈ ਗਾਇਬ ਹੁੰਦੇ ਰਹਿਣਗੇ ਅਤੇ ਸਿਸਟਮ ਪਹਿਲਾਂ ਵਾਂਗ ਹੀ ਚੱਲਦਾ ਰਹੇਗਾ।
ਇਹ ਵੀ ਪੜ੍ਹੋ: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਝੱਲਣੀ ਪੈ ਰਹੀ ਵੱਡੀ ਮੁਸੀਬਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
