ਪ੍ਰੀ-ਮਾਨਸੂਨ ਦੀਆਂ ਬਰਸਾਤਾਂ ਸ਼ੁਰੂ ਪਰ ਸ਼ਹਿਰ ''ਚ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਅਜੇ ਵੀ ਅਧੂਰੇ
Monday, Jun 29, 2026 - 04:11 PM (IST)
ਜਲੰਧਰ (ਖੁਰਾਣਾ)-ਪ੍ਰੀ-ਮਾਨਸੂਨ ਦੀਆਂ ਬਰਸਾਤਾਂ ਸ਼ੁਰੂ ਹੁੰਦੇ ਹੀ ਜਲੰਧਰ ਸ਼ਹਿਰ ਵਿਚ ਜਲ-ਥਲ ਅਤੇ ਸੀਵਰੇਜ ਜਾਮ ਦੀ ਸਮੱਸਿਆ ਇਕ ਵਾਰ ਫਿਰ ਸਾਹਮਣੇ ਆਉਣ ਲੱਗੀ ਹੈ। ਸ਼ਹਿਰ ਦੇ ਕਈ ਇਲਾਕਿਆਂ ਵਿਚ ਗੰਦਾ ਪਾਣੀ ਸੜਕਾਂ 'ਤੇ ਜਮ੍ਹਾ ਹੋਣ ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਅਤੇ ਜਨ-ਪ੍ਰਤੀਨਿਧੀਆਂ ਦਾ ਕਹਿਣਾ ਹੈ ਕਿ ਨਗਰ ਨਿਗਮ ਨੇ ਮਾਨਸੂਨ ਤੋਂ ਪਹਿਲਾਂ ਪਾਣੀ ਦੀ ਨਿਕਾਸੀ ਸਬੰਧੀ ਸਿਸਟਮ ਨੂੰ ਦਰੁੱਸਤ ਕਰਨ ਲਈ ਲੋੜੀਂਦੀਆਂ ਤਿਆਰੀਆਂ ਪੂਰੀਆਂ ਨਹੀਂ ਕੀਤੀਆਂ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿਚ ਹਾਲਾਤ ਹੋਰ ਗੰਭੀਰ ਹੋ ਸਕਦੇ ਹਨ।
ਇਹ ਵੀ ਪੜ੍ਹੋ: ਘਰੋਂ ਕੰਮ ਲਈ ਨਿਕਲਿਆ ਮਾਪਿਆਂ ਦਾ ਜਵਾਨ ਪੁੱਤ, ਹੁਣ ਮਿਲੀ ਲਾਸ਼ ਨੂੰ ਵੇਖ ਪਰਿਵਾਰ ਦੀਆਂ ਨਿਕਲੀਆਂ ਧਾਹਾਂ
ਵਾਰਡ ਨੰਬਰ-2 ਦੇ ਕੌਂਸਲਰ ਹਰਪ੍ਰੀਤ ਵਾਲੀਆ ਨੇ ਦੱਸਿਆ ਕਿ ਉੱਤਰੀ ਵਿਧਾਨ ਸਭਾ ਹਲਕੇ ਦੇ ਟਰਾਂਸਪੋਰਟ ਨਗਰ ਵਿਚ ਪਿਛਲੇ ਲਗਭਗ ਚਾਰ ਮਹੀਨਿਆਂ ਤੋਂ ਸੀਵਰੇਜ ਪਾਈਪ ਟੁੱਟੀ ਹੋਈ ਹੈ। ਇਸ ਕਾਰਨ ਕੁਝ ਸੜਕਾਂ ’ਤੇ ਗੰਦਾ ਪਾਣੀ ਜਮ੍ਹਾ ਰਹਿੰਦਾ ਹੈ ਅਤੇ ਲੋਕਾਂ ਦਾ ਪੈਦਲ ਨਿਕਲਣਾ ਤੱਕ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਈ ਵਾਰ ਨਗਰ ਨਿਗਮ ਅਧਿਕਾਰੀਆਂ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਜਨ-ਪ੍ਰਤੀਨਿਧੀਆਂ ਦੀ ਹੀ ਸੁਣਵਾਈ ਨਹੀਂ ਹੋ ਰਹੀ ਤਾਂ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।

ਇਸੇ ਤਰ੍ਹਾਂ ਫੋਕਲ ਪੁਆਇੰਟ ਉਦਯੋਗਿਕ ਇਲਾਕੇ ਵਿਚ ਵੀ ਸੀਵਰੇਜ ਦਾ ਗੰਦਾ ਪਾਣੀ ਸੜਕਾਂ ’ਤੇ ਫੈਲਿਆ ਹੋਇਆ ਹੈ। ਸੜਕਾਂ ਤਲਾਬ ਵਰਗੀਆਂ ਵਿਖਾਈ ਦਿੰਦੀਆਂ ਹਨ ਅਤੇ ਰੋਜ਼ਾਨਾ ਰਾਹਗੀਰ ਤਿਲਕ ਕੇ ਜ਼ਖ਼ਮੀ ਹੋ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਥੋਂ ਲੰਘਣਾ ਕਿਸੇ ਜੋਖਮ ਤੋਂ ਘੱਟ ਨਹੀਂ ਹੈ। ਰਾਮ ਬਾਗ ਇਲਾਕੇ ਵਿਚ ਵੀ ਜਲ-ਥਲ ਦੀ ਸਮੱਸਿਆ ਬਣੀ ਹੋਈ ਹੈ। ਉੱਥੇ ਹੀ ਵੈਸਟ ਵਿਧਾਨ ਸਭਾ ਹਲਕੇ ਦੇ ਪੁੰਨੂ ਵਿਹਾਰ ਵਿਚ ਕਈ ਦਿਨਾਂ ਤੋਂ ਸੀਵਰੇਜ ਦਾ ਗੰਦਾ ਪਾਣੀ ਸੜਕਾਂ ’ਤੇ ਜਮ੍ਹਾ ਹੈ, ਜਿਸ ਨਾਲ ਸਥਾਨਕ ਨਿਵਾਸੀਆਂ ਨੂੰ ਬਦਬੂ ਅਤੇ ਆਉਣ-ਜਾਣ ਦੋਵਾਂ ਦੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।

ਕੈਂਟ ਵਿਧਾਨ ਸਭਾ ਹਲਕੇ ਦੇ ਮਾਡਲ ਟਾਊਨ ਜ਼ੋਨ ਦੇ ਪਿੱਛੇ ਵੀ ਸੀਵਰੇਜ ਜਾਮ ਹੋਣ ਕਰਕੇ ਪਾਣੀ ਸੜਕਾਂ ’ਤੇ ਭਰਿਆ ਹੋਇਆ ਹੈ। ਇਸ ਤੋਂ ਇਲਾਵਾ ਲਵ-ਕੁਸ਼ ਚੌਕ ਦੇ ਆਲੇ-ਦੁਆਲੇ ਵੀ ਸੀਵਰੇਜ ਓਵਰਫਲੋਅ ਦੀ ਸਮੱਸਿਆ ਬਣੀ ਹੋਈ ਹੈ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਨਗਰ ਨਿਗਮ ਦਫ਼ਤਰ ਦੇ ਆਲੇ-ਦੁਆਲੇ ਹੀ ਇਹ ਸਥਿਤੀ ਹੈ ਤਾਂ ਸ਼ਹਿਰ ਦੇ ਹੋਰਨਾਂ ਇਲਾਕਿਆਂ ਦਾ ਅੰਦਾਜ਼ਾ ਆਸਾਨੀ ਨਾਲ ਲਾਇਆ ਜਾ ਸਕਦਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਨਗਰ ਨਿਗਮ ਦੇ ਓ. ਐਂਡ ਐੱਮ. (ਆਪ੍ਰੇਸ਼ਨ ਐਂਡ ਮੇਨਟੀਨੈਂਸ) ਸੈੱਲ ਨੂੰ ਮਾਨਸੂਨ ਦੇ ਮੱਦੇਨਜ਼ਰ ਜੰਗੀ ਪੱਧਰ ’ਤੇ ਸੀਵਰੇਜ ਦੀ ਸਫ਼ਾਈ ਅਤੇ ਜਲ ਨਿਕਾਸੀ ਦੇ ਪ੍ਰਬੰਧ ਕਰਨੇ ਚਾਹੀਦੇ ਹਨ। ਹਾਲਾਂਕਿ ਮੇਅਰ ਅਤੇ ਨਗਰ ਨਿਗਮ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਸਿਸਟਮ ਸੁਧਾਰਨ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਨਵੀਂ ਮਸ਼ੀਨਰੀ ਵੀ ਖਰੀਦੀ ਗਈ ਹੈ, ਪਰ ਜ਼ਮੀਨੀ ਪੱਧਰ ’ਤੇ ਉਸ ਦਾ ਢੁਕਵਾਂ ਪ੍ਰਭਾਵ ਅਜੇ ਤੱਕ ਦਿਖਾਈ ਨਹੀਂ ਦੇ ਰਿਹਾ। ਜੇਕਰ ਸਮਾਂ ਰਹਿੰਦੇ ਸੀਵਰੇਜ ਲਾਈਨਾਂ ਦੀ ਸਫ਼ਾਈ ਅਤੇ ਪਾਣੀ ਦੀ ਨਿਕਾਸੀ ਦੀ ਵਿਵਸਥਾ ਦਰੁੱਸਤ ਨਾ ਕੀਤੀ ਗਈ, ਤਾਂ ਆਗਾਮੀ ਮਾਨਸੂਨ ਵਿਚ ਸ਼ਹਿਰ ਵਾਸੀਆਂ ਨੂੰ ਜਲ-ਥਲ, ਗੰਦਗੀ ਅਤੇ ਆਵਾਜਾਈ ਸਬੰਧੀ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ: Punjab: ਖੇਤਾਂ ਨੂੰ ਲੱਗੇ ਪਾਣੀ 'ਚ ਆ ਗਿਆ ਕਰੰਟ ! ਕਿਸਾਨ ਦੀ ਤੜਫ਼-ਤੜਫ਼ ਨਿਕਲੀ ਜਾਨ

ਗਾਜ਼ੀਗੁੱਲਾ ਵਿਚ ਵਰ੍ਹਿਆਂ ਪੁਰਾਣੀ ਸੀਵਰ ਸਮੱਸਿਆ ਅਜੇ ਵੀ ਬਰਕਰਾਰ : ਰਾਜਨ ਸ਼ਾਰਦਾ
ਗਾਜ਼ੀਗੁੱਲਾ ਇਲਾਕੇ ਵਿਚ ਵਰ੍ਹਿਆਂ ਤੋਂ ਚੱਲੀ ਆ ਰਹੀ ਸੀਵਰ ਦੀ ਸਮੱਸਿਆ ਦਾ ਹੁਣ ਤੱਕ ਹੱਲ ਨਹੀਂ ਹੋ ਸਕਿਆ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੈਕਟਰੀ ਰਾਜਨ ਸ਼ਾਰਦਾ ਨੇ ਦੋਸ਼ ਲਾਇਆ ਕਿ ਇਲਾਕੇ ਵਿਚ ਨਵੀਂ ਸੀਵਰ ਲਾਈਨ ਵਿਛਾਏ ਜਾਣ ਦੇ ਬਾਵਜੂਦ ਉਸ ਨੂੰ ਅਜੇ ਤੱਕ ਮੇਨ ਸੀਵਰ ਲਾਈਨ ਨਾਲ ਨਹੀਂ ਜੋੜਿਆ ਗਿਆ, ਜਿਸ ਦੇ ਕਾਰਨ ਲੋਕਾਂ ਨੂੰ ਲਗਾਤਾਰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।
ਰਾਜਨ ਸ਼ਾਰਦਾ ਨੇ ਦੱਸਿਆ ਕਿ ਲਗਭਗ ਹਰ ਰਾਤ ਸੀਵਰ ਦਾ ਗੰਦਾ ਪਾਣੀ ਓਵਰਫਲੋਅ ਹੋ ਕੇ ਸੜਕਾਂ ’ਤੇ ਫੈਲ ਜਾਂਦਾ ਹੈ, ਜਿਸ ਨਾਲ ਸਥਾਨਕ ਨਿਵਾਸੀਆਂ ਅਤੇ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਮੱਸਿਆ ਦੇ ਹੱਲ ਲਈ ਕਈ ਵਾਰ ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਸੁਮਨਦੀਪ ਨਾਲ ਫ਼ੋਨ ’ਤੇ ਸੰਪਰਕ ਕਰਨ ਦਾ ਯਤਨ ਕੀਤਾ ਗਿਆ, ਪਰ ਉਨ੍ਹਾਂ ਫ਼ੋਨ ਚੁੱਕਣਾ ਵੀ ਮੁਨਾਸਿਬ ਨਹੀਂ ਸਮਝਿਆ।
ਇਹ ਵੀ ਪੜ੍ਹੋ: ਪੰਜਾਬ ਦੇ 7 ਅਫ਼ਸਰਾਂ ਖ਼ਿਲਾਫ਼ ਸਖ਼ਤ ਐਕਸ਼ਨ! ਹੋਈ ਵੱਡੀ ਕਾਰਵਾਈ
ਉਨ੍ਹਾਂ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਤੋਂ ਮੰਗ ਕੀਤੀ ਕਿ ਅਧਿਕਾਰੀਆਂ ਨੂੰ ਜਨਤਾ ਅਤੇ ਜਨ-ਪ੍ਰਤੀਨਿਧੀਆਂ ਦੀਆਂ ਸ਼ਿਕਾਇਤਾਂ ਸੁਣਨ ਦੇ ਨਿਰਦੇਸ਼ ਦਿੱਤੇ ਜਾਣ, ਤਾਂ ਜੋ ਸਮੱਸਿਆਵਾਂ ਦਾ ਸਮੇਂ ਸਿਰ ਹੱਲ ਯਕੀਨੀ ਹੋ ਸਕੇ। ਰਾਜਨ ਸ਼ਾਰਦਾ ਨੇ ਕਿਹਾ ਕਿ ਇਹ ਸਮੱਸਿਆ ਲੰਮੇ ਸਮੇਂ ਤੋਂ ਬਣੀ ਹੋਈ ਹੈ। ਉਨ੍ਹਾਂ ਯਾਦ ਦਿਵਾਇਆ ਕਿ ਇਸੇ ਮਾਮਲੇ ਵਿਚ ਸਾਬਕਾ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਕਾਰਵਾਈ ਕਰਦੇ ਹੋਏ ਸਬੰਧਤ ਐੱਸ. ਡੀ. ਓ. ਨੂੰ ਬਰਖਾਸਤ ਕੀਤਾ ਸੀ ਅਤੇ ਇੰਜੀਨੀਅਰ ਸੁਖਵਿੰਦਰ ਸਿੰਘ ਨੂੰ ਮੁਅੱਤਲ ਕੀਤਾ ਸੀ। ਇਸ ਦੇ ਬਾਵਜੂਦ ਅੱਜ ਤੱਕ ਇਲਾਕਾ ਵਾਸੀਆਂ ਨੂੰ ਇਸ ਸਮੱਸਿਆ ਤੋਂ ਰਾਹਤ ਨਹੀਂ ਮਿਲ ਸਕੀ ਹੈ। ਉਨ੍ਹਾਂ ਨਗਰ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗਾਜ਼ੀਗੁੱਲਾ ਦੀ ਸੀਵਰ ਵਿਵਸਥਾ ਨੂੰ ਜਲਦ ਤੋਂ ਜਲਦ ਦਰੁੱਸਤ ਕਰਕੇ ਨਵੀਂ ਸੀਵਰ ਲਾਈਨ ਨੂੰ ਮੇਨ ਲਾਈਨ ਨਾਲ ਜੋੜਿਆ ਜਾਵੇ।
ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਤੇ ਮੀਂਹ ਦਾ Alert! 4 ਜੁਲਾਈ ਤੱਕ ਮੌਸਮ ਦੀ ਵੱਡੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
