ਪੰਜਾਬ : 31 ਦਸੰਬਰ ਤੱਕ ਨਾ ਕਰੋ ਉਡੀਕ, 30 ਜੂਨ ਤੋਂ ਪਹਿਲਾਂ ਕਰੋ ਇਹ ਕੰਮ
Monday, Jun 22, 2026 - 11:31 AM (IST)
ਚੰਡੀਗੜ੍ਹ/ਜਲੰਧਰ (ਪੁਨੀਤ) : ਜੀ. ਐੱਸ. ਟੀ. ਨਾਲ ਜੁੜੇ ਪੈਂਡਿੰਗ ਵਿਵਾਦਾਂ ਵਾਲੇ ਕਾਰੋਬਾਰੀਆਂ ਨੂੰ ਆਪਣੇ ਮਾਮਲਿਆਂ ਦੀ ਤਤਕਾਲ ਸਮੀਖਿਆ ਕਰਵਾਉਣ ਦੀ ਲੋੜ ਹੈ। ਕਈ ਮਾਮਲਿਆਂ ਵਿਚ ਜੀ. ਐੱਸ. ਟੀ. ਅਪੀਲੀ ਟ੍ਰਿਬਿਊਨਲ (ਜੀ. ਐੱਸ. ਟੀ. ਏ. ਟੀ.) ਵਿਚ ਅਪੀਲ ਦਾਖਲ ਕਰਨ ਦੀ ਅੰਤਿਮ ਮਿਤੀ 30 ਜੂਨ ਹੋਣ ਸਬੰਧੀ ਦੱਸਿਆ ਜਾ ਰਿਹਾ ਹੈ। ਅਜਿਹੇ ਵਿਚ ਕਾਰੋਬਾਰੀਆਂ ਨੂੰ ਬਿਨਾਂ ਦੇਰੀ ਕੀਤੇ ਆਪਣੇ ਮਾਮਲਿਆਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਟੈਕਸ ਮਾਹਿਰ ਸੀ. ਏ. ਪੁਨੀਤ ਓਬਰਾਏ ਨੇ ਕਿਹਾ ਕਿ ਮੌਜੂਦਾ ਸਮੇਂ ਕਈ ਟੈਕਸਦਾਤਿਆਂ ਨੂੰ ਇਹ ਭੁਲੇਖਾ ਹੈ ਕਿ ਜੀ. ਐੱਸ. ਟੀ. ਏ. ਟੀ. ਵਿਚ ਅਪੀਲ ਦਾਖਲ ਕਰਨ ਦੀ ਸਮਾਂਹੱਦ 31 ਦਸੰਬਰ 2026 ਤੱਕ ਹੈ, ਜਦੋਂ ਕਿ ਕਈ ਪੁਰਾਣੇ ਮਾਮਲਿਆਂ ਵਿਚ ਅਪੀਲ ਦਾਖਲ ਕਰਨ ਦੀ ਅੰਤਿਮ ਮਿਤੀ 30 ਜੂਨ ਹੋ ਸਕਦੀ ਹੈ। ਅਜਿਹੇ ਵਿਚ ਕਾਰੋਬਾਰੀ ਸੋਸ਼ਲ ਮੀਡੀਆ ਜਾਂ ਵ੍ਹਟਸਐਪ ਮੈਸੇਜ ’ਤੇ ਭਰੋਸਾ ਕਰਨ ਦੀ ਬਜਾਏ ਆਪਣੇ ਕੇਸਾਂ ਦੀ ਅਸਲ ਸਥਿਤੀ ਦੀ ਜਾਂਚ ਕਰਵਾਉਣ।
ਇਹ ਵੀ ਪੜ੍ਹੋ : ਪੰਜਾਬ : ਬਿਜਲੀ ਵਾਲੇ ਮੀਟਰਾਂ ਨੂੰ ਲੈ ਕੇ ਵੱਡਾ ਖ਼ੁਲਾਸਾ, ਹੈਰਾਨ ਕਰਨ ਵਾਲੀ ਰਿਪੋਰਟ ਆਈ ਸਾਹਮਣੇ
ਜਿਹੜੇ ਕਾਰੋਬਾਰੀਆਂ ਦੇ ਮਾਮਲੇ ਪਹਿਲੇ ਅਪੀਲੀ ਅਥਾਰਟੀ ਦੇ ਪ੍ਰਤੀਕੂਲ ਹੁਕਮ, ਇਨਪੁਟ ਟੈਕਸ ਕ੍ਰੈਡਿਟ (ਆਈ. ਟੀ. ਸੀ.), ਅਸਵੀਕਾਰ, ਟੈਕਸ, ਵਿਆਜ ਜਾਂ ਜੁਰਮਾਨੇ ਦੀਆਂ ਮੰਗਾਂ, ਰਜਿਸਟ੍ਰੇਸ਼ਨ ਰੱਦ ਕਰਨਾ, ਰਿਫੰਡ ਇਨਕਾਰ, ਵਰਗੀਕਰਨ ਅਤੇ ਮੁਲਾਂਕਣ ਵਿਵਾਦ ਜਾਂ ਹੋਰ ਪ੍ਰਤੀਕੂਲ ਹੁਕਮ ਸ਼ਾਮਲ ਹਨ, ਉਨ੍ਹਾਂ ਨੂੰ ਆਪਣੇ ਮਾਮਲਿਆਂ ਦੀ ਸਮੀਖਿਆ ਕਰਨੀ ਚਾਹੀਦੀ ਹੈ। ਭਾਵੇਂ ਕਈ ਹੁਕਮ ਪਹਿਲਾਂ ਪ੍ਰਾਪਤ ਹੋਏ ਹੋਣ, ਫਿਰ ਵੀ ਉਨ੍ਹਾਂ ਦੀ ਜਾਂਚ ਜ਼ਰੂਰੀ ਹੈ। ਜੇਕਰ ਤੈਅ ਸਮਾਂਹੱਦ ਅੰਦਰ ਅਪੀਲ ਦਾਖਲ ਨਹੀਂ ਕੀਤੀ ਜਾਂਦੀ ਤਾਂ ਸਬੰਧਤ ਹੁਕਮ ਅੰਤਿਮ ਰੂਪ ਵਿਚ ਪ੍ਰਭਾਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਵਿਭਾਗੀ ਵਸੂਲੀ ਦੀ ਕਾਰਵਾਈ ਸ਼ੁਰੂ ਹੋ ਸਕਦੀ ਹੈ, ਵਿਆਜ ਦਾ ਬੋਝ ਵਧ ਸਕਦਾ ਹੈ ਅਤੇ ਬੈਂਕ ਖਾਤਿਆਂ ਜਾਂ ਜਾਇਦਾਦਾਂ ’ਤੇ ਵੀ ਕਾਰਵਾਈ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਅਧਿਆਪਕਾਂ ਨੂੰ ਝਟਕਾ, ਤਬਾਦਲਿਆਂ ਨੂੰ ਲੈ ਕੇ ਨਵੇਂ ਹੁਕਮ ਜਾਰੀ
ਓਬਰਾਏ ਨੇ ਕਿਹਾ ਕਿ ਜੀ. ਐੱਸ. ਟੀ. ਏ. ਟੀ. ਵਿਚ ਅਪੀਲ ਦਾਖਲ ਕਰਨਾ ਸਿਰਫ ਇਕ ਰਸਮੀ ਪ੍ਰਕਿਰਿਆ ਨਹੀਂ ਹੈ। ਇਸ ਦੇ ਲਈ ਦਸਤਾਵੇਜ਼ਾਂ ਦੀ ਸਮੀਖਿਆ, ਕਾਨੂੰਨੀ ਆਧਾਰ ਤਿਆਰ ਕਰਨਾ, ਸਮਾਂਹੱਦ ਦਾ ਪ੍ਰੀਖਣ ਅਤੇ ਪ੍ਰੀ-ਡਿਪਾਜ਼ਿਟ ਦੀ ਗਣਨਾ ਵਰਗੀਆਂ ਕਈ ਤਿਆਰੀਆਂ ਕਰਨੀਆਂ ਪੈਂਦੀਆਂ ਹਨ। ਇਸ ਲਈ ਕਾਰੋਬਾਰੀਆਂ ਨੂੰ ਅੰਤਿਮ ਸਮੇਂ ਤੱਕ ਉਡੀਕ ਕਰਨ ਦੀ ਬਜਾਏ ਹੁਣ ਤੋਂ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੀ. ਐੱਸ. ਟੀ. ਏ. ਟੀ. ਆਉਣ ਵਾਲੇ ਸਮੇਂ ਵਿਚ ਜੀ. ਐੱਸ. ਟੀ. ਕਾਨੂੰਨ ਦੀ ਇਕਸਾਰ ਵਿਆਖਿਆ ਵਿਕਸਿਤ ਕਰਨ ਅਤੇ ਟੈਕਸਦਾਤਿਆਂ ਤੇ ਵਿਭਾਗ ਦੋਵਾਂ ਨੂੰ ਸਪੱਸ਼ਟ ਮਾਰਗਦਰਸ਼ਨ ਦੇਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਅਜਿਹੇ ਵਿਚ ਜਿਹੜੇ ਕਾਰੋਬਾਰੀਆਂ ਦੇ ਜੀ. ਐੱਸ. ਟੀ. ਵਿਵਾਦ ਪੈਂਡਿੰਗ ਹਨ, ਉਨ੍ਹਾਂ ਨੂੰ ਆਪਣੇ ਅਧਿਕਾਰਾਂ ਦੀ ਰੱਖਿਆ ਲਈ ਸਮਾਂ ਰਹਿੰਦੇ ਜ਼ਰੂਰੀ ਕਾਰਵਾਈ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : ਅੱਤ ਦੀ ਗਰਮੀ ਵਿਚਾਲੇ ਬਿਜਲੀ ਖਪਤਕਾਰਾਂ ਲਈ ਨਵੀਂ ਮੁਸੀਬਤ, ਕਈ ਮੀਟਰਾਂ ਦੀਆਂ ਕੱਟੀਆਂ ਤਾਰਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
