ਨਿਗਮ ਦੇ ਜੇ. ਈ. ਨੇ 48 ਦਿਨ ਬਾਅਦ ਲਗਾਏ ਚੈਂਬਰਾਂ ਦੇ ਢੱਕਣ, 60 ਦਿਨ ਬਾਅਦ ਵੀ ਨਹੀਂ ਕਰਵਾਈ ਉਨ੍ਹਾਂ ਦੀ ਸਫ਼ਾਈ
Wednesday, Jul 01, 2026 - 12:50 PM (IST)
ਜਲੰਧਰ (ਖੁਰਾਣਾ)–ਪੰਜਾਬ ਵਿਚ ਮਾਨਸੂਨ ਦੀ ਦਸਤਕ ਹੋ ਚੁੱਕੀ ਹੈ ਅਤੇ ਪ੍ਰੀ-ਮਾਨਸੂਨ ਦੀ ਬਾਰਿਸ਼ ਸ਼ੁਰੂ ਹੋ ਚੁੱਕੀ ਹੈ। ਮੌਸਮ ਵਿਭਾਗ ਨੇ ਇਸ ਸਾਲ ਆਮ ਨਾਲੋਂ ਚੰਗੀ ਬਾਰਿਸ਼ ਦੀ ਸੰਭਾਵਨਾ ਜਤਾਈ ਹੈ। ਦੂਜੇ ਪਾਸੇ ਨਗਰ ਨਿਗਮ ਪ੍ਰਸ਼ਾਸਨ ਦਾਅਵਾ ਕਰ ਰਿਹਾ ਹੈ ਕਿ ਮਾਨਸੂਨ ਦੇ ਮੱਦੇਨਜ਼ਰ ਸਾਰੀਆਂ ਜ਼ਰੂਰੀ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਮੇਅਰ ਅਤੇ ਨਿਗਮ ਕਮਿਸ਼ਨਰ ਵੀ ਅਧਿਕਾਰੀਆਂ ਨੂੰ ਅਲਰਟ ਮੋਡ 'ਤੇ ਰਹਿਣ ਦੇ ਨਿਰਦੇਸ਼ ਦੇ ਰਹੇ ਹਨ ਪਰ ਜ਼ਮੀਨੀ ਪੱਧਰ ’ਤੇ ਹਾਲਾਤ ਇਨ੍ਹਾਂ ਦਾਅਵਿਆਂ ਤੋਂ ਬਿਲਕੁਲ ਵੱਖਰੇ ਨਜ਼ਰ ਆ ਰਹੇ ਹਨ। ਇਸ ਦੀ ਤਾਜ਼ਾ ਉਦਾਹਰਣ ਬਸਤੀ ਦਾਨਿਸ਼ਮੰਦਾਂ ਦੇ ਸਤਨਾਮ ਨਗਰ ਵਿਚ ਵੇਖਣ ਨੂੰ ਮਿਲੀ, ਜਿੱਥੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣੇ ਰੋਡ-ਗਲੀ ਚੈਂਬਰ ਲੰਮੇ ਸਮੇਂ ਤੋਂ ਮਿੱਟੀ ਅਤੇ ਗਾਰ ਨਾਲ ਭਰੇ ਹੋਏ ਸਨ। ਇੰਨਾ ਹੀ ਨਹੀਂ, ਕਈ ਚੈਂਬਰਾਂ ਦੇ ਢੱਕਣ ਵੀ ਗਾਇਬ ਸਨ, ਜਿਸ ਨਾਲ ਹਾਦਸੇ ਦਾ ਖ਼ਤਰਾ ਵੀ ਬਣਿਆ ਹੋਇਆ ਸੀ।
ਇਹ ਵੀ ਪੜ੍ਹੋ: ਕਹਿਰ ਓ ਰੱਬਾ! ਨਾਨਕੇ ਛੁੱਟੀਆਂ ਕੱਟਣ ਗਏ ਜਵਾਕ ਦੀ ਕਰੰਟ ਲੱਗਣ ਨਾਲ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਇਸ ਸਬੰਧੀ ਸਥਾਨਕ ਲੋਕਾਂ ਨੇ 30 ਅਪ੍ਰੈਲ ਨੂੰ ਨਗਰ ਨਿਗਮ ਦੇ ਓ. ਐਂਡ ਐੱਮ. ਸੈੱਲ ਵਿਚ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਸਬੰਧਤ ਇਲਾਕੇ ਦੇ ਜੂਨੀਅਰ ਇੰਜੀਨੀਅਰ (ਜੇ. ਈ.) ਜਗਦੇਵ ਨੂੰ ਵ੍ਹਟਸਐਪ ਰਾਹੀਂ ਭੇਜੀ ਗਈ ਪਰ 48 ਦਿਨਾਂ ਤਕ ਇਸ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। 18 ਜੂਨ ਨੂੰ ਮੇਅਰ ਦਫ਼ਤਰ ਨਾਲ ਸਬੰਧਤ ਜੇ. ਈ. ਨੂੰ ਫੋਨ ਕੀਤੇ ਜਾਣ ਤੋਂ ਬਾਅਦ ਉਸੇ ਦਿਨ ਚੈਂਬਰਾਂ ’ਤੇ ਨਵੇਂ ਢੱਕਣ ਤਾਂ ਰਖਵਾ ਦਿੱਤੇ ਗਏ ਪਰ ਜਦੋਂ ਸਥਾਨਕ ਲੋਕਾਂ ਨੇ ਚੈਂਬਰਾਂ ਦੀ ਸਫਾਈ ਕਰਵਾਉਣ ਦੀ ਮੰਗ ਕੀਤੀ ਤਾਂ ਉਸ ਨੂੰ ਟਾਲ ਦਿੱਤਾ ਗਿਆ।

ਸਥਿਤੀ ਇਹ ਹੈ ਕਿ ਸ਼ਿਕਾਇਤ ਦਰਜ ਹੋਏ 60 ਦਿਨ ਪੂਰੇ ਹੋ ਚੁੱਕੇ ਹਨ ਪਰ ਅੱਜ ਤਕ ਚੈਂਬਰਾਂ ਦੀ ਸਫ਼ਾਈ ਨਹੀਂ ਕਰਵਾਈ ਗਈ, ਜਦਕਿ ਇਨ੍ਹਾਂ ਰਾਹੀਂ ਹੀ ਬਰਸਾਤ ਦਾ ਪਾਣੀ ਸੀਵਰ ਲਾਈਨ ਵਿਚ ਪਹੁੰਚਣਾ ਹੈ। ਅਜਿਹੇ ਵਿਚ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਮਾਨਸੂਨ ਦੌਰਾਨ ਭਾਰੀ ਬਾਰਿਸ਼ ਹੋਈ ਤਾਂ ਇਲਾਕੇ ਵਿਚ ਪਾਣੀ ਭਰਨ ਦੀ ਸਮੱਸਿਆ ਗੰਭੀਰ ਰੂਪ ਲੈ ਸਕਦੀ ਹੈ। ਇਸ ਪੂਰੇ ਮਾਮਲੇ ਨੇ ਨਗਰ ਨਿਗਮ ਪ੍ਰਸ਼ਾਸਨ ਦੀਆਂ ਮਾਨਸੂਨ ਤਿਆਰੀਆਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਕ ਪਾਸੇ ਪ੍ਰਸ਼ਾਸਨ ਪੂਰੀ ਤਿਆਰੀ ਦੇ ਦਾਅਵੇ ਕਰ ਰਿਹਾ ਹੈ, ਉਥੇ ਹੀ ਦੂਜੇ ਪਾਸੇ ਹੋਰ ਸ਼ਿਕਾਇਤਾਂ ਦੇ ਹੱਲ ਵਿਚ ਹੋ ਰਹੀ ਦੇਰੀ ਜ਼ਮੀਨੀ ਹਕੀਕਤ ਨੂੰ ਉਜਾਗਰ ਕਰ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵਧਾਈ ਗਈ ਸੁਰੱਖਿਆ! ਵਿਸ਼ੇਸ਼ DGP ਨੇ ਜਾਰੀ ਕਰ ਦਿੱਤੇ ਸਖ਼ਤ ਹੁਕਮ
‘‘ਪਿਛਲੇ ਮਾਨਸੂਨ ਸੀਜ਼ਨ ’ਚ ਫੋਲੜੀਵਾਲ ਸੀਵਰੇਜ ਟ੍ਰੀਟਮੈਂਟ ਪਲਾਂਟ ਦੀਆਂ ਮੋਟਰਾਂ ਨੇ ਕੁਝ ਘੰਟਿਆਂ ਤਕ ਕੰਮ ਨਹੀਂ ਕੀਤਾ ਸੀ, ਜਿਸ ਕਾਰਨ ਬਾਰਿਸ਼ ਦੌਰਾਨ ਸ਼ਹਿਰ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦਰਜਨਾਂ ਬੇਸਮੈਂਟ ਅਤੇ ਹੇਠਲੇ ਹਿੱਸਿਆਂ ਵਿਚ ਪਾਣੀ ਭਰ ਗਿਆ ਸੀ, ਜਿਸ ਨਾਲ ਲੋਕਾਂ ਨੂੰ ਭਾਰੀ ਆਰਥਿਕ ਨੁਕਸਾਨ ਹੋਇਆ। ਇਸ ਵਾਰ ਮਾਨਸੂਨ ਸੀਜ਼ਨ ਦੇ ਮੱਦੇਨਜ਼ਰ ਜਲੰਧਰ ਨਗਰ ਨਿਗਮ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਚੁਸਤ-ਦਰੁੱਸਤ ਰਹਿਣ ਦੇ ਨਿਰਦੇਸ਼ ਿਦੱਤੇ ਗਏ ਹਨ। ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਲਾਪ੍ਰਵਾਹੀ ਕਰਦਾ ਹੈ ਤਾਂ ਉਸ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।’’-ਬਲਬੀਰ ਸਿੰਘ ਬਿੱਟੂ, ਸੀਨੀਅਰ ਡਿਪਟੀ ਮੇਅਰ

ਮਾਨਸੂਨ ਕਾਰਨ ਕੰਟਰੋਲ ਰੂਮ ਨਿਗਮ ਬਿਲਡਿੰਗ ਦੀ ਬੇਸਮੈਂਟ ’ਚ ਕਰੇਗਾ ਕੰਮ
ਮੇਅਰ ਵਨੀਤ ਧੀਰ ਦੀ ਗੈਰ-ਹਾਜ਼ਰੀ ਵਿਚ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਮਾਨਸੂਨ ਸੀਜ਼ਨ ਦੀਆਂ ਤਿਆਰੀਆਂ ਨੂੰ ਲੈ ਕੇ ਨਗਰ ਨਿਗਮ ਅਧਿਕਾਰੀਆਂ ਦੀ ਮੀਟਿੰਗ ਕੀਤੀ। ਮੀਟਿੰਗ ਵਿਚ ਸ਼ਹਿਰ ਵਿਚ ਪਾਣੀ ਭਰਨ, ਸੀਵਰੇਜ ਜਾਮ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਨਾਲ ਸਬੰਧਤ ਵਿਵਸਥਾਵਾਂ ਦੀ ਸਮੀਖਿਆ ਕੀਤੀ ਗਈ।
ਇਹ ਵੀ ਪੜ੍ਹੋ: Punjab: ਖੇਤਾਂ ਨੂੰ ਲੱਗੇ ਪਾਣੀ 'ਚ ਆ ਗਿਆ ਕਰੰਟ ! ਕਿਸਾਨ ਦੀ ਤੜਫ਼-ਤੜਫ਼ ਨਿਕਲੀ ਜਾਨ
ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਕਿ ਮਾਨਸੂਨ ਦੌਰਾਨ ਨਗਰ ਨਿਗਮ ਦਾ ਕੰਟਰੋਲ ਰੂਮ ਨਿਗਮ ਦੀ ਮੁੱਖ ਇਮਾਰਤ ਦੀ ਬੇਸਮੈਂਟ ਵਿਚ ਸੰਚਾਲਿਤ ਕੀਤਾ ਜਾਵੇਗਾ, ਜੋ 24 ਘੰਟੇ 8-8 ਘੰਟੇ ਦੀਆਂ 3 ਸ਼ਿਫਟਾਂ ਵਿਚ ਕੰਮ ਕਰੇਗਾ। ਪਾਣੀ ਭਰਨ ਅਤੇ ਸੀਵਰੇਜ ਜਾਮ ਦੀ ਕਿਸੇ ਵੀ ਸ਼ਿਕਾਇਤ ਦਾ ਤੁਰੰਤ ਹੱਲ ਕੀਤਾ ਜਾਵੇਗਾ, ਉਥੇ 3 ਟੈਲੀਫੋਨ ਕੰਮ ਕਰਨਗੇ। ਇਸ ਤੋਂ ਇਲਾਵਾ ਸ਼ਹਿਰ ਦੇ ਸਾਰੇ ਸੀਵਰੇਜ ਟ੍ਰੀਟਮੈਂਟ ਪਲਾਂਟਾਂ ’ਤੇ ਸਬੰਧਤ ਕੰਪਨੀਆਂ ਨੂੰ ਡੀਜ਼ਲ ਅਤੇ ਜਨਰੇਟਰ ਦੀ ਅਗਾਊਂ ਵਿਵਸਥਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਬਿਜਲੀ ਗੁੱਲ ਹੋਣ ਜਾਂ ਕਿਸੇ ਐਮਰਜੈਂਸੀ ਸਥਿਤੀ ਵਿਚ ਪੰਪਿੰਗ ਕੰਮ ਪ੍ਰਭਾਵਿਤ ਨਾ ਹੋਵੇ। ਨਗਰ ਨਿਗਮ ਵੱਲੋਂ ਸੰਚਾਲਿਤ ਸਾਰੇ ਡਿਸਪੋਜ਼ਲਾਂ ’ਤੇ ਵੀ ਜਨਰੇਟਰ ਅਤੇ ਲੋੜੀਂਦਾ ਡੀਜ਼ਲ ਉਪਲੱਬਧ ਰੱਖਣ ਦੇ ਨਿਰਦੇਸ਼ ਅਧਿਕਾਰੀਆਂ ਨੂੰ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਤੇ ਮੀਂਹ ਦਾ Alert! 4 ਜੁਲਾਈ ਤੱਕ ਮੌਸਮ ਦੀ ਵੱਡੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
