30 ਘੰਟੇ ਚੱਲੀ 6600 ਰੋਡਵੇਜ਼ ਕਰਮਚਾਰੀਆਂ ਦੀ ਹੜਤਾਲ, ਵਿਭਾਗ ਨੂੰ ਹੋਇਆ 3.15 ਕਰੋੜ ਦਾ ਨੁਕਸਾਨ

05/20/2022 2:56:30 PM

ਜਲੰਧਰ (ਪੁਨੀਤ)–ਸਸਪੈਂਡ ਕੀਤੇ ਠੇਕਾ ਕਰਮਚਾਰੀਆਂ ਨੂੰ ਬਹਾਲ ਕਰਵਾਉਣ ਸਮੇਤ ਡਿਊਟੀ ਸ਼ਡਿਊਲ ਸਥਾਨਕ ਡਿਪੂ ਵੱਲੋਂ ਬਣਾਉਣ ਦੀ ਮੰਗ ਨੂੰ ਲੈ ਕੇ ਯੂਨੀਅਨ ਵੱਲੋਂ ਬੁੱਧਵਾਰ ਦੁਪਹਿਰੇ ਸ਼ੁਰੂ ਕੀਤੀ ਹੜਤਾਲ ਵੀਰਵਾਰ 6 ਵਜੇ ਤੱਕ ਚੱਲੀ, ਜਿਸ ਨਾਲ 3000 ਤੋਂ ਵੱਧ ਸਰਕਾਰੀ ਬੱਸਾਂ ਦਾ 30 ਘੰਟੇ ਤੱਕ ਚੱਕਾ ਜਾਮ ਰਿਹਾ ਅਤੇ 27 ਲੱਖ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸੀਨੀਅਰ ਅਧਿਕਾਰੀਆਂ ਨਾਲ ਅੱਜ ਦੁਪਹਿਰੇ 12 ਵਜੇ ਦਾ ਪੈਨਲ ਮੀਟਿੰਗ ਦਾ ਸਮਾਂ ਨਿਰਧਾਰਿਤ ਹੋਇਆ। ਯੂਨੀਅਨ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸ਼ੁੱਕਰਵਾਰ ਦੁਪਹਿਰ ਨੂੰ ਬੱਸਾਂ ਦਾ ਦੁਬਾਰਾ ਚੱਕਾ ਜਾਮ ਕੀਤਾ ਜਾਵੇਗਾ।

PunjabKesari

ਬੁੱਧਵਾਰ ਤੋਂ ਚੱਲ ਰਹੀ ਹੜਤਾਲ ਨੂੰ ਖਤਮ ਕਰਵਾਉਣ ਲਈ ਅਧਿਕਾਰੀ ਸਵੇਰੇ ਤੋਂ ਯਤਨ ਕਰ ਰਹੇ ਸਨ ਪਰ ਰੋਡਵੇਜ਼-ਪਨਬੱਸ ਅਤੇ ਪੀ. ਆਰ. ਟੀ. ਸੀ. ਠੇਕਾ ਕਰਮਚਾਰੀ ਯੂਨੀਅਨ ਸਸਪੈਂਡ ਕੀਤੇ ਕਰਮਚਾਰੀਆਂ ਨੂੰ ਬਹਾਲ ਕਰਨ ਦੀ ਮੰਗ ’ਤੇ ਅੜੀ ਰਹੀ ਅਤੇ ਦੋਵਾਂ ਧਿਰਾਂ ਵਿਚ ਸਹਿਮਤੀ ਨਹੀਂ ਬਣ ਸਕੀ। ਵਿਭਾਗ ਦੇ ਰਵੱਈਏ ਤੋਂ ਭੜਕੀ ਯੂਨੀਅਨ ਨੇ ਪੰਜਾਬ ਦੇ ਕਿਸੇ ਵੀ ਡਿਪੂ ਵਿਚੋਂ ਬੱਸਾਂ ਨੂੰ ਬਾਹਰ ਨਹੀਂ ਜਾਣ ਦਿੱਤਾ, ਜਿਸ ਨਾਲ ਬੱਸ ਅੱਡੇ ਦੇ ਕਾਊਂਟਰਾਂ ’ਤੇ ਸਰਕਾਰੀ ਬੱਸਾਂ ਦੇ 4200 ਤੋਂ ਵੱਧ ਟਾਈਮ ਮਿਸ ਹੋਏ ਅਤੇ ਵਿਭਾਗ ਨੂੰ 3.15 ਕਰੋੜ ਤੋਂ ਵੱਧ ਦਾ ਟਰਾਂਜ਼ੈਕਸ਼ਨ ਲਾਸ ਉਠਾਉਣਾ ਪਿਆ। ਇਸ ਪੂਰੇ ਘਟਨਾਕ੍ਰਮ ਵਿਚ 27 ਲੱਖ ਯਾਤਰੀ ਪ੍ਰਭਾਵਿਤ ਹੋਏ, ਜੋ ਕਿ ਬਹੁਤ ਚਿੰਤਾਜਨਕ ਹੈ। ਬੱਸ ਅੱਡੇ ਵਿਚ ਪਹੁੰਚਣ ਵਾਲੇ ਲੋਕਾਂ ਨੂੰ ਬੱਸਾਂ ਲੈਣ ਲਈ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਪ੍ਰਾਈਵੇਟ ਬੱਸਾਂ ਵਿਚ ਸੀਟਾਂ ਫੁੱਲ ਮਿਲ ਰਹੀਆਂ ਸਨ।

ਡਿਊਟੀ ’ਤੇ ਜਾਣ ਵਾਲੇ ਵਧੇਰੇ ਡੇਲੀ ਪੈਸੰਜਰ ਸਮੇਂ ’ਤੇ ਆਪਣੇ ਕੰਮ ਵਾਲੇ ਸਥਾਨ ’ਤੇ ਨਹੀਂ ਪਹੁੰਚ ਸਕੇ। ਇਸ ਦੌਰਾਨ ਡਿਪੂਆਂ ਦੇ ਗੇਟਾਂ ਸਾਹਮਣੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਕਰਮਚਾਰੀਆਂ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਗਿਆ। ਯੂਨੀਅਨ ਨੇ ਕਿਹਾ ਕਿ ਉਹ ਜਦੋਂ ਹੜਤਾਲ ਕਰਦੀ ਹੈ ਤਾਂ ਅਧਿਕਾਰੀਆਂ ਨੰੂ ਮੀਟਿੰਗ ਕਰਨ ਦੀ ਯਾਦ ਆ ਜਾਂਦੀ ਹੈ। ਪਿਛਲੀ ਵਾਰ ਦੀ ਮੀਟਿੰਗ ਵਿਚ ਵੀ ਕੋਈ ਨਤੀਜਾ ਨਹੀਂ ਨਿਕਲ ਸਕਿਆ। ਇਸ ਵਾਰ ਮੀਟਿੰਗ ਵਿਚ ਭਰੋਸੇ ਨਾਲ ਕੰਮ ਨਹੀਂ ਚੱਲੇਗਾ। ਉਨ੍ਹਾਂ ਨੂੰ ਹਰ ਹਾਲਤ ਵਿਚ ਆਪਣੀਆਂ ਮੰਗਾਂ ਦੀ ਪੂਰਤੀ ਚਾਹੀਦੀ ਹੈ, ਨਹੀਂ ਤਾਂ ਉਹ ਕੱਲ ਨੂੰ ਬੱਸਾਂ ਦਾ ਚੱਕਾ ਜਾਮ ਕਰਨ ਵਿਚ ਦੇਰੀ ਨਹੀਂ ਕਰਨਗੇ।

PunjabKesari

ਹਿਮਾਚਲ/ਉੱਤਰਾਖੰਡ ਸਮੇਤ ਦੂਜੇ ਸੂਬਿਆਂ ਲਈ ਇਕ ਵੀ ਬੱਸ ਨਹੀਂ ਚੱਲੀ
ਸਭ ਤੋਂ ਵੱਧ ਪ੍ਰੇਸ਼ਾਨੀ ਦੂਜੇ ਸੂਬਿਆਂ ਨੂੰ ਜਾਣ ਵਾਲੇ ਲੋਕਾਂ ਨੂੰ ਉਠਾਉਣੀ ਪਈ ਕਿਉਂਕਿ ਅੱਜ ਇਕ ਵੀ ਸਰਕਾਰੀ ਬੱਸ ਦੂਜੇ ਸੂਬਿਆਂ ਲਈ ਰਵਾਨਾ ਨਹੀਂ ਹੋਈ। ਪ੍ਰਾਈਵੇਟ ਦੀ ਗੱਲ ਕਰੀਏ ਤਾਂ ਇਕ ਅੱਧੀ ਨੂੰ ਛੱਡ ਕੇ ਦੂਜੇ ਸੂਬਿਆਂ ਦਾ ਪਰਮਿਟ ਪ੍ਰਾਈਵੇਟ ਟਰਾਂਸਪੋਰਟਰਾਂ ਕੋਲ ਨਹੀਂ ਹੈ, ਜਿਸ ਕਾਰਨ ਯਾਤਰੀਆਂ ਨੂੰ ਸਰਕਾਰੀ ਬੱਸਾਂ ਵਿਚ ਸਫਰ ਕਰਨਾ ਪੈਂਦਾ ਹੈ। ਦਿੱਲੀ ਲਈ ਇਕ ਪ੍ਰਾਈਵੇਟ ਕੰਪਨੀ ਦੀਆਂ ਜਿਹੜੀਆਂ ਬੱਸਾਂ ਚੱਲਦੀਆਂ ਹਨ, ਉਨ੍ਹਾਂ ਵਿਚ ਸਰਕਾਰੀ ਬੱਸਾਂ ਦੇ ਮੁਕਾਬਲੇ 6-7 ਗੁਣਾ ਵਧ ਕਿਰਾਇਆ, ਜੋ ਕਿ ਹਰ ਕੋਈ ਸਹਿਣ ਨਹੀਂ ਕਰ ਸਕਦਾ। ਇਸ ਕਾਰਨ ਹਿਮਾਚਲ, ਉੱਤਰਾਖੰਡ, ਦਿੱਲੀ, ਹਰਿਆਣਾ, ਰਾਜਸਥਾਨ ਆਦਿ ਨੂੰ ਜਾਣ ਵਾਲੇ ਯਾਤਰੀਆਂ ਨੂੰ ਦੂਜੇ ਸੂਬਿਆਂ ਤੋਂ ਆਉਣ ਵਾਲੀਆਂ ਬੱਸਾਂ ’ਤੇ ਨਿਰਭਰ ਹੋਣਾ ਪਿਆ। ਦੂਜੇ ਸੂਬਿਆਂ ਨੂੰ ਜਾਣ ਵਾਲੇ ਯਾਤਰੀਆਂ ਨੂੰ ਆਪਣੇ ਪ੍ਰੋਗਰਾਮ ਵੀ ਰੱਦ ਕਰਨੇ ਪਏ। ਇਸ ਕਾਰਨ ਵਪਾਰ ਵੀ ਪ੍ਰਭਾਵਿਤ ਹੋਇਆ।

2 ਮਹੀਨੇ ’ਚ ਆਮ ਆਦਮੀ ਪਾਰਟੀ ਦੀ ਸੱਚਾਈ ਹੋਈ ਉਜਾਗਰ : ਯੂਨੀਅਨ
ਰੋਡਵੇਜ਼-ਪਨਬੱਸ ਅਤੇ ਪੀ. ਆਰ. ਟੀ. ਸੀ. ਠੇਕਾ ਕਰਮਚਾਰੀ ਯੂਨੀਅਨ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਸਿਰਫ 2 ਮਹੀਨੇ ਦੇ ਸ਼ਾਸਨ ਵਿਚ ਹੀ ਆਮ ਆਦਮੀ ਪਾਰਟੀ ਦੀ ਸੱਚਾਈ ਉਜਾਗਰ ਹੋ ਗਈ ਹੈ। ਸੱਤਾ ਵਿਚ ਆਉਣ ਤੋਂ ਪਹਿਲਾਂ ‘ਆਪ’ ਆਗੂਆਂ ਵੱਲੋਂ ਵੱਡੇ-ਵੱਡੇ ਵਾਅਦੇ ਕੀਤੇ ਗਏ ਅਤੇ ਸੱਤਾ ਵਿਚ ਆਉਣ ਤੋਂ ਬਾਅਦ ਸਭ ਕੁਝ ਭੁੱਲ ਗਏ। ਠੇਕਾ ਕਰਮਚਾਰੀਆਂ ਨੂੰ ਤੁਰੰਤ ਪੱਕਾ ਕੀਤਾ ਜਾਵੇ, ਨਹੀਂ ਤਾਂ ਸਰਕਾਰ ਨੂੰ ਆਉਣ ਵਾਲੀਆਂ ਨਿਗਮ ਅਤੇ ਪੰਚਾਇਤੀ ਚੋਣਾਂ ਵਿਚ ਸਬਕ ਸਿਖਾਇਆ ਜਾਵੇਗਾ। ਯੂਨੀਅਨ ਡਿਪੂ-1 ਦੇ ਪ੍ਰਧਾਨ ਗੁਰਪ੍ਰੀਤ ਿਸੰਘ ਭੁੱਲਰ, ਡਿਪੂ-2 ਦੇ ਪ੍ਰਧਾਨ ਸਤਪਾਲ ਿਸੰਘ ਸੱਤਾ, ਸੂਬਾਈ ਮੀਤ ਪ੍ਰਧਾਨ ਦਲਜੀਤ ਿਸੰਘ ਜੱਲੇਵਾਲ, ਸਕੱਤਰ ਚਾਨਣ ਸਿੰਘ, ਸਹਾਇਕ ਸਕੱਤਰ ਕੁਲਵਿੰਦਰ ਸਿੰਘ ਅਤੇ ਪਰਮਜੀਤ ਿਸੰਘ ਪੰਮਾ ਸਮੇਤ ਕਈ ਅਾਗੂਆਂ ਨੇ ਸੰਬੋਧਨ ਕੀਤਾ।

ਹੜਤਾਲ ਦੇ ਦੂਜੇ ਦਿਨ ਦਾ ਘਟਨਾਕ੍ਰਮ
* ਸਵੇਰੇ 9.00 ਵਜੇ ਯੂਨੀਅਨ ਮੈਂਬਰਾਂ ਨੇ ਡਿਪੂ-1 ਅਤੇ 2 ਦੇ ਗੇਟ ਸਾਹਮਣੇ ਧਰਨਾ-ਪ੍ਰਦਰਸ਼ਨ ਸ਼ੁਰੂ ਕੀਤਾ।
* 10.00 ਵਜੇ ਅਧਿਕਾਰੀਆਂ ਨੇ ਯੂਨੀਅਨ ਨਾਲ ਫੋਨ ’ਤੇ ਗੱਲਬਾਤ ਦੌਰਾਨ ਭਰੋਸਾ ਦਿੱਤਾ।
* 10.30 ਵਜੇ ਯੂਨੀਅਨ ਦੇ ਅਹੁਦੇਦਾਰਾਂ ਨੇ ਆਪਸ ਵਿਚ ਗੱਲਬਾਤ ਕਰ ਕੇ ਹੜਤਾਲ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ।
* 11.00 ਵਜੇ ਸੀਨੀਅਰ ਅਧਿਕਾਰੀਆਂ ਨੇ ਸਥਾਨਕ ਅਧਿਕਾਰੀਆਂ ਨੂੰ ਯੂਨੀਅਨ ਨਾਲ ਗੱਲ ਕਰਨ ਲਈ ਕਿਹਾ।
* ਦੁਪਹਿਰ 12.00 ਵਜੇ ਹੱਲ ਨਹੀਂ ਨਿਕਲਿਆ, ਯੂਨੀਅਨ ਆਗੂਆਂ ਨੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਜਾਰੀ ਰਖਿਆ।
* 1.00 ਵਜੇ ਵਿਭਾਗ ਵੱਲੋਂ ਮੰਗਾਂ ਮੰਨਣ ਦੀ ਗੱਲ ਸਾਹਮਣੇ ਆਈ।
* 1.30 ਵਜੇ ਯੂਨੀਅਨ ਆਗੂਆਂ ਨੇ ਲਿਖਤੀ ਭਰੋਸਾ ਮੰਗਿਆ।
* 2.00 ਵਜੇ ਸੁਰੱਖਿਆ ਦੇ ਮੱਦੇਨਜ਼ਰ ਪੁਲਸ ਫੋਰਸ ਵਧਾਈ ਗਈ।
* 2.50 ਵਜੇ ਯੂਨੀਅਨ ਦੀ ਸਟੇਟ ਬਾਡੀ ਨੇ ਜਲੰਧਰ ਫੋਨ ਕਰ ਕੇ ਅਗਲੀ ਰਣਨੀਤੀ ਦੱਸੀ।
* 3.30 ਵਜੇ ਚੰਡੀਗੜ੍ਹ ਵਿਚ ਅਧਿਕਾਰੀਆਂ ਨੇ ਯੂਨੀਅਨ ਆਗੂਆਂ ਨਾਲ ਫੋਨ ’ਤੇ ਗੱਲਬਾਤ ਕੀਤੀ।
* 4.00 ਵਜੇ ਵੀਡੀਓ ਕਾਨਫਰੰਸਿੰਗ ਜ਼ਰੀਏ ਪੂਰੀ ਜਾਣਕਾਰੀ ਿਡਪੂ ਦੇ ਪ੍ਰਧਾਨਾਂ ਨੂੰ ਦਿੱਤੀ ਗਈ।
* 5.40 ਵਜੇ ਸ਼ੁੱਕਰਵਾਰ ਮੀਟਿੰਗ ਤੱਕ ਬੱਸਾਂ ਚਲਾਉਣ ਦਾ ਫੈਸਲਾ ਹੋਇਆ।
* ਸ਼ਾਮੀਂ 6.05 ਵਜੇ ਬੱਸਾਂ ਦੀ ਆਵਾਜਾਈ ਸ਼ੁਰੂ ਹੋਈ।
 
 


Manoj

Content Editor

Related News