ਸੋਢਲ ਮੰਦਿਰ ਨੂੰ ਜਾਣ ਵਾਲੀਆਂ ਜ਼ਿਆਦਾਤਰ ਸੜਕਾਂ ’ਤੇ ਬੰਦ ਪਈਆਂ ਸਟਰੀਟ ਲਾਈਟਾਂ
Friday, Sep 13, 2024 - 05:15 PM (IST)
ਜਲੰਧਰ (ਖੁਰਾਣਾ)–2-3 ਦਿਨ ਵਿਚ ਹੀ ਵਿਸ਼ਵ ਪ੍ਰਸਿੱਧ ਸਿੱਧ ਬਾਬਾ ਸੋਢਲ ਦਾ ਮੇਲਾ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਉਥੇ ਦੁਕਾਨਾਂ ਹੁਣੇ ਤੋਂ ਹੀ ਸਜਣੀਆਂ ਸ਼ੁਰੂ ਹੋ ਗਈਆਂ ਹਨ। ਅਜਿਹੇ ਵਿਚ ਜਿੱਥੇ ਨਗਰ ਨਿਗਮ ਨੇ ਸੋਢਲ ਮੇਲੇ ਦੇ ਮੱਦੇਨਜ਼ਰ ਸਾਫ਼-ਸਫ਼ਾਈ ਦੇ ਵਾਧੂ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ, ਉਥੇ ਹੀ ਇਹ ਵੀ ਇਕ ਤੱਥ ਹੈ ਕਿ ਸੋਢਲ ਮੰਦਰ ਵੱਲ ਆਉਣ ਵਾਲੇ ਰਸਤਿਆਂ ’ਤੇ ਇਨ੍ਹੀਂ ਦਿਨੀਂ ਹਜ਼ਾਰਾਂ ਦੀ ਗਿਣਤੀ ਵਿਚ ਸਟਰੀਟ ਲਾਈਟਾਂ ਬੰਦ ਪਈਆਂ ਹੋਈਆਂ ਹਨ, ਜਿਨ੍ਹਾਂ ਨੂੰ ਚਾਲੂ ਕਰਨ ਦਾ ਕੋਈ ਪ੍ਰਬੰਧ ਨਗਰ ਨਿਗਮ ਕੋਲ ਨਹੀਂ ਹੈ।
ਜ਼ਿਕਰਯੋਗ ਹੈ ਕਿ ਕਾਫ਼ੀ ਸਮੇਂ ਤੋਂ ਐੱਲ. ਈ. ਡੀ. ਸਟਰੀਟ ਲਾਈਟਾਂ ਨੂੰ ਲਗਾਉਣ ਵਾਲੀ ਕੰਪਨੀ ਦੇ ਨਾਲ ਨਗਰ ਨਿਗਮ ਅਤੇ ਸਮਾਰਟ ਸਿਟੀ ਕੰਪਨੀ ਦਾ ਵਿਵਾਦ ਚੱਲ ਰਿਹਾ ਹੈ, ਜਿਸ ਕਾਰਨ ਲੰਮੇ ਸਮੇਂ ਤੋਂ ਸ਼ਹਿਰ ਦੀਆਂ ਸਟਰੀਟ ਲਾਈਟਾਂ ਦੀ ਮੇਨਟੀਨੈਂਸ ਨਹੀਂ ਹੋ ਰਹੀ। ਕੁਝ ਦਿਨ ਪਹਿਲਾਂ ਕੰਪਨੀ ਪ੍ਰਤੀਨਿਧੀ ਨੇ ਨਿਗਮ ਕਮਿਸ਼ਨਰ ਨਾਲ ਬੈਠਕ ਕਰਕੇ ਲਾਈਟਾਂ ਦੀ ਮੇਨਟੀਨੈਂਸ ਲਈ 15 ਦਿਨ ਦੇ ਸਮੇਂ ਦੀ ਮੰਗ ਕੀਤੀ ਸੀ, ਜੋ ਕੰਪਨੀ ਨੂੰ ਪ੍ਰਦਾਨ ਕੀਤਾ ਜਾ ਚੁੱਕਾ ਹੈ ਪਰ ਇਸੇ ਦੌਰਾਨ ਮੇਲਾ ਆ ਜਾਣ ਕਾਰਨ ਨਗਰ ਨਿਗਮ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ- ਚੰਡੀਗੜ੍ਹ ਬਲਾਸਟ ਮਾਮਲੇ 'ਤੇ ਅੱਤਵਾਦੀ ਗੁਰਪਤਵੰਤ ਪੰਨੂੰ ਦੀ CM ਮਾਨ ਤੇ ਪੰਜਾਬ ਪੁਲਸ ਨੂੰ ਧਮਕੀ
ਸੋਢਲ ਮੰਦਿਰ ਤਕ ਆਉਣ-ਜਾਣ ਦੇ ਹਨ ਦਰਜਨ ਭਰ ਰਸਤੇ
ਹਰ ਸਾਲ ਸੋਢਲ ਮੇਲੇ ਦੇ ਦਿਨਾਂ ਵਿਚ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਬਾਬਾ ਸੋਢਲ ਮੰਦਰ ’ਚ ਸੀਸ ਨਿਵਾਉਣ ਪਹੁੰਚਦੇ ਹਨ ਅਤੇ ਮੇਲੇ ਤੋਂ ਕਈ-ਕਈ ਦਿਨ ਪਹਿਲਾਂ ਹੀ ਉਥੇ ਸ਼ਰਧਾਲੂਆਂ ਦਾ ਆਉਣਾ-ਜਾਣਾ ਦਿਨ-ਰਾਤ ਲੱਗਾ ਰਹਿੰਦਾ ਹੈ। ਸੋਢਲ ਮੰਦਰ ਤਕ ਆਉਣ-ਜਾਣ ਲਈ ਜ਼ਿਆਦਾਤਰ ਸ਼ਰਧਾਲੂ ਚੰਦਨ ਨਗਰ ਫਾਟਕ, ਟਾਂਡਾ ਰੋਡ, ਅੰਡਰਬ੍ਰਿਜ ਸ਼ਿਵ ਨਗਰ, ਰਾਮ ਨਗਰ ਰੋਡ, ਇੰਡਸਟਰੀਅਲ ਏਰੀਆ, ਕਾਲੀ ਮਾਤਾ ਮੰਦਰ ਰੋਡ, ਪ੍ਰੀਤ ਨਗਰ ਰੋਡ, ਸਈਪੁਰ ਰੋਡ, ਕੇ. ਐੱਮ. ਵੀ. ਰੋਡ, ਦੋਆਬਾ ਕਾਲਜ ਰੋਡ, ਕਿਸ਼ਨਪੁਰਾ ਇਲਾਕਾ, ਜੈਨ ਪੈਲੇਸ ਰੋਡ ਅਤੇ ਅੰਦਰੂਨੀ ਮੁਹੱਲਿਆਂ ਦੇ ਰਸਤਿਆਂ ਦੀ ਵਰਤੋਂ ਕਰਦੇ ਹਨ।
ਪਿਛਲੇ ਲੰਮੇ ਸਮੇਂ ਤੋਂ ਇਸ ਜ਼ਿਆਦਾਤਰ ਇਲਾਕੇ ਦੀਆਂ ਸਟਰੀਟ ਲਾਈਟਾਂ ਬੰਦ ਪਈਆਂ ਹਨ ਅਤੇ ਕਈ ਇਲਾਕਿਆਂ ਵਿਚ ਤਾਂ ਘੁੱਪ ਹਨੇਰਾ ਛਾਇਆ ਹੋਇਆ ਹੈ। ਆਉਣ ਵਾਲੇ ਦਿਨਾਂ ਵਿਚ ਨਗਰ ਨਿਗਮ ਸੋਢਲ ਮੇਲਾ ਇਲਾਕੇ ਦੀਆਂ ਸਟਰੀਟ ਲਾਈਟਾਂ ਨੂੰ ਤਾਂ ਚਾਲੂ ਕਰ ਸਕਦਾ ਹੈ ਪਰ ਦੂਰ-ਦੂਰ ਤਕ ਫੈਲੇ ਰਸਤਿਆਂ ਦੀਆਂ ਸਟਰੀਟ ਲਾਈਟਾਂ ਨੂੰ ਠੀਕ ਕਰਨਾ ਨਿਗਮ ਅਧਿਕਾਰੀਆਂ ਦੇ ਵੱਸ ਵਿਚ ਨਹੀਂ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ 17 ਸਤੰਬਰ ਨੂੰ ਮੀਟ ਤੇ ਸ਼ਰਾਬ ਦੀ ਵਿਕਰੀ ’ਤੇ ਰਹੇਗੀ ਪਾਬੰਦੀ, ਹੁਕਮ ਹੋਏ ਜਾਰੀ
ਕੋਈ ਵਾਰਦਾਤ ਹੋਈ ਤਾਂ ਮੇਲੇ ’ਤੇ ਪੈ ਸਕਦੈ ਅਸਰ
ਬੰਦ ਪਈਆਂ ਸਟਰੀਟ ਲਾਈਟਾਂ ਕਾਰਨ ਅਤੇ ਕੁਝ ਹੋਰ ਕਾਰਨਾਂ ਕਾਰਨ ਪਿਛਲੇ ਕੁਝ ਮਹੀਨਿਆਂ ਤੋਂ ਜਲੰਧਰ ਵਿਚ ਕ੍ਰਾਈਮ ਰੇਟ ਕਾਫੀ ਵਧਿਆ ਹੈ ਅਤੇ ਲੁੱਟ-ਖੋਹ ਅਤੇ ਸਨੈਚਿੰਗ ਆਦਿ ਦੀਆਂ ਵਾਰਦਾਤਾਂ ਵਿਚ ਭਾਰੀ ਵਾਧਾ ਵੇਖਿਆ ਜਾ ਰਿਹਾ ਹੈ। ਭਾਵੇਂ ਜਲੰਧਰ ਪੁਲਸ ਨੇ ਪਿਛਲੇ ਕੁਝ ਦਿਨਾਂ ਵਿਚ ਲੁਟੇਰਿਆਂ ਦੇ ਗੈਂਗ ਫੜੇ ਹਨ ਪਰ ਹਾਲੇ ਵੀ ਲੋਕਾਂ ਵਿਚ ਦਹਿਸ਼ਤ ਹੈ। ਸ਼ਹਿਰ ਵਿਚ ਆਮ ਚਰਚਾ ਹੈ ਕਿ ਜੇਕਰ ਸੋਢਲ ਮੇਲੇ ਵੱਲ ਆਉਣ ਵਾਲੇ ਰਸਤਿਆਂ ’ਤੇ ਰਾਤ ਸਮੇਂ ਕੋਈ ਵਾਰਦਾਤ ਹੋਈ ਤਾਂ ਮੇਲੇ ਵਿਚ ਆਉਣ ਵਾਲੇ ਸ਼ਰਧਾਲੂਆਂ ਦੇ ਮਨੋਬਲ ’ਤੇ ਅਸਰ ਪੈ ਸਕਦਾ ਹੈ। ਅਜਿਹੇ ਵਿਚ ਜਲੰਧਰ ਪੁਲਸ ਨੂੰ ਚਾਹੀਦਾ ਹੈ ਕਿ ਉਹ ਸੋਢਲ ਮੰਦਰ ਵੱਲ ਆਉਣ ਵਾਲੇ ਰਸਤਿਆਂ ’ਤੇ ਪੈਨੀ ਨਜ਼ਰ ਰੱਖੇ ਅਤੇ ਸੁਰੱਖਿਆ ਦੇ ਵਾਧੂ ਪ੍ਰਬੰਧ ਕਰੇ ਤਾਂ ਜੋ ਸੋਢਲ ਮੇਲਾ ਸ਼ਾਂਤੀਪੂਰਵਕ ਸੰਪੰਨ ਹੋ ਸਕੇ।
ਇਹ ਵੀ ਪੜ੍ਹੋ- ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲਣ 'ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ