ਸਟੇਟ GST ਵਿਭਾਗ ਵੱਲੋਂ 7 ਫਰਮਾਂ ’ਤੇ ਛਾਪੇਮਾਰੀ, ਮੈਸਰਜ਼ ਹਨੂਮਾਨ, ਬੀ. ਐੱਸ. ਤੇ ਰਵਿੰਦਰਾ ਟ੍ਰੇਡਰਜ਼ ’ਤੇ ਲਾਈ ਸੀਲ
Sunday, Aug 24, 2025 - 01:35 PM (IST)

ਜਲੰਧਰ (ਪੁਨੀਤ)–ਬਿਨਾਂ ਲੈਣ-ਦੇਣ ਦੇ ਫਰਜ਼ੀ ਸਰਕੁਲਰ ਟ੍ਰੇਡਿੰਗ ਦੇ ਮਾਮਲੇ ਨੂੰ ਲੈ ਕੇ ਸਟੇਟ ਜੀ. ਐੱਸ. ਟੀ. ਵਿਭਾਗ ਵੱਲੋਂ ਮਹਾਨਗਰ ਜਲੰਧਰ ਵਿਚ 3 ਫਰਮਾਂ ਨੂੰ ਸੀਲ ਕੀਤਾ ਗਿਆ ਹੈ, ਜਿਨ੍ਹਾਂ ਵਿਚ ਪੁਲਸ ਲਾਈਨ ਰੋਡ ਦੀਆਂ 2 ਫਰਮਾਂ, ਜਦਕਿ ਪਿੰਡ ਚੁਹਾਰਵਾਲ ਦੀ ਇਕ ਫਰਮ ਸ਼ਾਮਲ ਹੈ। ਡੀ. ਸੀ. ਟੈਕਸੇਸ਼ਨ (ਡੀ. ਸੀ. ਐੱਸ. ਟੀ.) ਦਰਵੀਰ ਰਾਜ ਦੇ ਦਿਸ਼ਾ-ਨਿਰਦੇਸ਼ਾਂ ’ਤੇ ਹੋਈ ਸ਼ਨੀਵਾਰ ਦੀ ਕਾਰਵਾਈ ਵਿਚ ਸੌਂਫ ਅਤੇ ਜੀਰੇ ਦੇ ਵਪਾਰ ਵਿਚ ਬਿਲਿੰਗ ਸਬੰਧੀ ਕਈ ਦੋਸ਼ ਸਾਹਮਣੇ ਆ ਰਹੇ ਹਨ, ਜਿਸ ’ਤੇ ਵਿਭਾਗ ਦੀਆਂ ਨਜ਼ਰਾਂ ਬਣੀਆਂ ਹੋਈਆਂ ਹਨ। ਇਸ ਕਾਰਵਾਈ ਨੂੰ 6 ਟੀਮਾਂ ਵੱਲੋਂ ਅੰਜਾਮ ਦਿੱਤਾ ਗਿਆ।
ਇਹ ਵੀ ਪੜ੍ਹੋ: ਕੈਨੇਡਾ ਤੋਂ ਮਿਲੀ ਮੰਦਭਾਗੀ ਖ਼ਬਰ ਨੇ ਘਰ 'ਚ ਪੁਆਏ ਵੈਣ, ਪੰਜਾਬੀ ਨੌਜਵਾਨ ਦੀ ਹੋਈ ਦਰਦਨਾਕ ਮੌਤ
ਅਸਿਸਟੈਂਟ ਕਮਿਸ਼ਨਰ-1 ਅਨੁਰਾਗ ਭਾਰਤੀ ਵੱਲੋਂ ਟੀਮਾਂ ਦੀ ਅਗਵਾਈ ਕੀਤੀ ਗਈ। ਇਸ ਸਿਲਸਿਲੇ ਵਿਚ ਪੁਲਸ ਲਾਈਨ ਰੋਡ ਸਥਿਤ ਰਜਿੰਦਰਾ ਨਗਰ ਦੀ ਮੈਸਰਜ਼ ਬੀ. ਐੱਸ. ਟ੍ਰੇਡਰਜ਼ ’ਤੇ ਐੱਸ. ਟੀ. ਓ. ਬਲਦੀਪ ਕਰਨ ਸਿੰਘ ਦੀ ਅਗਵਾਈ ਵਿਚ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਉਕਤ ਫਰਮ ਬਲਬੀਰ ਸਿੰਘ ਦੇ ਨਾਂ ’ਤੇ ਰਜਿਸਟਰਡ ਹੈ। ਿਵਭਾਗ ਵੱਲੋਂ ਮੌਕੇ ’ਤੇ ਹੀ ਫਰਮ ਨੂੰ ਸੀਲ ਕਰ ਦਿੱਤਾ ਗਿਆ। ਪੁਲਸ ਲਾਈਨ ਰੋਡ ’ਤੇ ਸਥਿਤ ਦੂਜੀ ਫਰਮ ਹਨੂਮਾਨ ਟ੍ਰੇਡਰਜ਼, ਜੋ ਕਿ ਅਮਨਦੀਪ ਸਿੰਘ ਦੇ ਨਾਂ ’ਤੇ ਦੱਸੀ ਜਾ ਰਹੀ ਹੈ, ਇਸ ਫਰਮ ਨੂੰ ਵੀ ਸੀਲ ਲਾਈ ਗਈ ਹੈ। ਐੱਸ. ਟੀ. ਓ. ਅਸ਼ੋਕ ਕੁਮਾਰ ਦੀ ਅਗਵਾਈ ਵਿਚ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਇਸੇ ਤਰ੍ਹਾਂ ਐੱਸ. ਟੀ. ਓ. ਜਗਮਾਲ ਸਿੰਘ ਦੀ ਅਗਵਾਈ ਵਿਚ ਪਿੰਡ ਚੁਹਾਰਵਾਲ ਦੀ ਰਵਿੰਦਰਾ ਟ੍ਰੇਡਰਜ਼ ਨੂੰ ਵੀ ਸੀਲ ਕਰਦੇ ਹੋਏ ਨੋਟਿਸ ਲਾਇਆ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਬਿਜਲੀ ਚੋਰੀ ਕਰਨ ਵਾਲੇ ਸਾਵਧਾਨ! ਪਾਵਰਕਾਮ ਕਰ ਰਿਹੈ ਵੱਡੀ ਕਾਰਵਾਈ
3 ਫਰਮਾਂ ਨੂੰ ਸੀਲ ਕਰਨ ਦੇ ਇਲਾਵਾ 4 ਹੋਰ ਫਰਮਾਂ ’ਤੇ ਰੇਡ ਕਰਕੇ ਰਿਕਾਰਡ ਆਦਿ ਚੈੱਕ ਕੀਤਾ ਗਿਆ। ਇਨ੍ਹਾਂ ਫਰਮਾਂ ਵਿਚ ਮੰਡੀ ਫੈਂਟਨਗੰਜ ਸਥਿਤ ਪੀ. ਆਰ. ਐਂਟਰਪ੍ਰਾਈਜ਼ਿਜ਼, ਮੁਬਾਰਕਪੁਰ ਸ਼ੇਖੇ ਸਥਿਤ ਕੇ. ਜੀ. ਐਂਟਰਪ੍ਰਾਈਜ਼ਿਜ਼, ਇੰਡਸਟਰੀਅਲ ਅਸਟੇਟ (ਢੱਡਾ) ਦੀ ਏ. ਪੀ. ਇੰਡਸਟਰੀਅਲ ਕਾਰਪੋਰੇਸ਼ਨ ਅਤੇ ਆਰ. ਐੱਸ. ਟ੍ਰੇਡਰਜ਼ ਸ਼ਾਮਲ ਹਨ। ਇਨ੍ਹਾਂ ਫਰਮਾਂ ’ਤੇ ਜਾਂਚ ਕਰਨ ਵਾਲਿਆਂ ਵਿਚ ਐੱਸ. ਟੀ. ਓ. ਅਰਸ਼ਦੀਪ ਸਿੰਘ, ਓਂਕਾਰ ਨਾਥ ਅਤੇ ਜਸਵਿੰਦਰਪਾਲ ਸ਼ਾਮਲ ਰਹੇ। ਦੱਸਿਆ ਗਿਆ ਹੈ ਕਿ ਇਨ੍ਹਾਂ ਵਿਚੋਂ ਵਧੇਰੇ ਟ੍ਰੇਡਰਜ਼ ਜੀਰੇ ਅਤੇ ਸੌਂਫ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ। ਜਾਂਚ ਦੌਰਾਨ ਵਿਭਾਗ ਵੱਲੋਂ ਕਈ ਫਰਮਾਂ ਦੇ ਰਿਕਾਰਡ ਨੂੰ ਕਬਜ਼ੇ ਵਿਚ ਲੈ ਲਿਆ ਗਿਆ, ਜਿਸ ’ਤੇ ਜਾਂਚ ਕੀਤੀ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਜਿਹੜੀਆਂ ਫਰਮਾਂ ਨੂੰ ਸੀਲ ਕੀਤਾ ਗਿਆ ਹੈ, ਉਥੇ ਕੋਈ ਮੌਕੇ ’ਤੇ ਨਹੀਂ ਆਇਆ। ਇਸ ਕਾਰਨ ਵਿਭਾਗ ਵੱਲੋਂ ਨੋਟਿਸ ਲਾ ਕੇ ਸੀਲ ਕਰ ਦਿੱਤਾ ਗਿਆ ਹੈ, ਕਾਰਵਾਈ ਅਜੇ ਜਾਰੀ ਹੈ।
ਸੀਲ ਹੋਈਆਂ ਫਰਮਾਂ ਨੂੰ 26 ਅਗਸਤ ਨੂੰ ਪੇਸ਼ ਹੋਣ ਦਾ ਨੋਟਿਸ
ਅਧਿਕਾਰੀਆਂ ਨੇ ਦੱਸਿਆ ਕਿ ਆਰਡਰ ਆਫ ਸੀਲਿੰਗ ਵਿਚ ਅੰਡਰ ਸੈਕਸ਼ਨ 67 (4) ਆਫ ਦਿ ਪੰਜਾਬ ਜੀ. ਐੱਸ. ਟੀ. ਐਕਟ 2017 ਅਤੇ ਸੈਂਟਰਲ ਜੀ. ਐੱਸ. ਟੀ. ਐਕਟ 2017 ਤਹਿਤ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਸੀਲ ਕੀਤੀਆਂ ਗਈਆਂ ਫਰਮਾਂ ਨੂੰ ਲਾਏ ਗਏ ਨੋਟਿਸ ਵਿਚ 26 ਅਗਸਤ ਨੂੰ ਜੀ. ਐੱਸ. ਟੀ. ਭਵਨ ਦੇ ਕਮਰਾ ਨੰਬਰ 1 (ਤੀਜੀ ਮੰਜ਼ਿਲ) ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਜੇਕਰ ਉਕਤ ਫਰਮ ਨਾਲ ਸਬੰਧਤ ਵਿਅਕਤੀ ਪੇਸ਼ ਨਹੀਂ ਹੁੰਦੇ ਤਾਂ ਅਗਲੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇਗਾ।
ਗੜਬੜੀ ਕਰਨ ਵਾਲਿਆਂ ’ਤੇ ਤਿੱਖੀ ਨਜ਼ਰ : ਡੀ. ਸੀ. ਦਰਵੀਰ ਰਾਜ
ਡਿਪਟੀ ਕਮਿਸ਼ਨਰ ਐਕਸਾਈਜ਼ ਦਰਵੀਰ ਰਾਜ ਨੇ ਕਿਹਾ ਕਿ ਟੈਕਸ ਦੀ ਅਦਾਇਗੀ ਵਿਚ ਗੜਬੜੀ ਕਰਨ ਵਾਲਿਆਂ ’ਤੇ ਵਿਭਾਗ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਹਰੇਕ ਫਰਮ ਨਿਯਮਾਂ ਦੇ ਮੁਤਾਬਕ ਕੰਮ ਕਰੇ, ਨਹੀਂ ਤਾਂ ਵਿਭਾਗ ਵੱਲੋਂ ਬਣਦੀ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ 'ਚ 24, 25, 26, 27 ਤਾਰੀਖ਼ਾਂ ਲਈ ਹੋਈ ਵੱਡੀ ਭਵਿੱਖਬਾਣੀ ! 11 ਜ਼ਿਲ੍ਹਿਆਂ ਦੇ ਲੋਕ ਰਹਿਣ Alert
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e