ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਜਾਇਆ ਗਿਆ ਨਗਰ ਕੀਰਤਨ
Sunday, Feb 12, 2023 - 03:13 PM (IST)

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ, ਵਰਿੰਦਰ ਪੰਡਿਤ, ਜਸਵਿੰਦਰ)- ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵੈੱਲਫੇਅਰ ਸੁਸਾਇਟੀ (ਰਜਿ.) ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 646ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪਿੰਡ ਸੋਹੀਆਂ (ਟਾਂਡਾ) ਤੋਂ 26ਵਾਂ ਮਹਾਨ ਜ਼ਿਲ੍ਹਾ ਪੱਧਰੀ ਨਗਰ ਕੀਰਤਨ ਸ਼ਰਧਾ, ਭਾਵਨਾ, ਸਤਿਕਾਰ ਅਤੇ ਖਾਲਸਾਈ ਸ਼ਾਨੋ-ਸ਼ੌਕਤ ਨਾਲ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਸਜ਼ਾਏ ਗਏ ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ। ਉਪਰੰਤ ਡੇਰਾ ਗੁਰੂਸਰ ਖੁੱਡਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਤੇਜਾ ਸਿੰਘ ਜੀ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਨਗਰ ਕੀਰਤਨ ਨੂੰ ਚਾਲੇ ਪਾਉਣ ਦੀ ਰਸਮ ਅਦਾ ਕੀਤੀ ।
ਨਗਰ ਕੀਰਤਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਫੁੱਲਾਂ ਨਾਲ ਸ਼ਿੰਗਾਰੀ ਹੋਈ ਸੁੰਦਰ ਪਾਲਕੀ ਵਿਚ ਬੜੇ ਸਤਿਕਾਰ ਨਾਲ ਸੁਸ਼ੋਭਿਤ ਕੀਤੇ ਗਏ ਸਨ। ਨਗਰ ਕੀਰਤਨ ਵਿੱਚ ਸ਼ਾਮਲ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਸ਼ਬਦ ਕੀਰਤਨ ਅਤੇ ਸ੍ਰੀ ਗੁਰੂ ਰਵਿਦਾਸ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਾ ਰਿਹਾ ਸੀ। ਇਸ ਮੌਕੇ ਨਗਰ ਕੀਰਤਨ ਵਿਚ ਸ਼ਾਮਲ ਬੈਡ ਵਾਜੇ ਦੀਆਂ ਪਾਰਟੀਆਂ ਨਗਰ ਕੀਰਤਨ ਦੀ ਸੋਭਾ ਨੂੰ ਚਾਰ ਚੰਨ ਲਗਾ ਰਹੀਆਂ ਸਨ। ਨਗਰ ਕੀਰਤਨ ਦੇ ਸਵਾਗਤ ਵਾਸਤੇ ਵੱਖ-ਵੱਖ ਪਿੰਡਾਂ ਵਿੱਚ ਸੁੰਦਰ ਸਜਾਵਟੀ ਗੇਟ ਬਣਾਏ ਗਏ ਸਨ ਅਤੇ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਕਰਦੇ ਹੋਏ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ।
ਕਿਸਾਨਾਂ ਨਾਲ ਸੰਵਾਦ ਤੋਂ ਬਾਅਦ CM ਮਾਨ ਦਾ ਵੱਡਾ ਐਲਾਨ, ਗੰਨਾ ਮਿੱਲਾਂ ਨੂੰ ਜਾਰੀ ਕੀਤੇ ਇਹ ਹੁਕਮ
ਇਸ ਮੌਕੇ ਸੰਗਤ ਦੀ ਸੇਵਾ ਵਾਸਤੇ ਜਗ੍ਹਾ-ਜਗ੍ਹਾ 'ਤੇ ਫਲ-ਫਰੂਟ ਮਠਿਆਈਆਂ ਚਾਹ-ਪਕੌੜੇ ਅਤੇ ਗੁਰੂ ਕੇ ਲੰਗਰ ਲਗਾਏ ਗਏ ਸਨ। ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸਾਹਿਬ ਪਿੰਡ ਸੋਹੀਆਂ ਤੋਂ ਅਰੰਭ ਹੋ ਕੇ ਦਰਗਾਹੇੜੀ, ਕੁਰਾਲਾ ਕਲਾਂ, ਰਲ੍ਹਹਨ, ਡੇਰਾ ਗੁਰੂਸਰ ਖੁੱਡਾ, ਕੁਰਾਲਾ ਖੁਰਦ, ਗੁਰਦੁਆਰਾ ਟਾਹਲੀ ਸਾਹਿਬ , ਬੋਲੇਵਾਲ, ਮੂਨਕ ਕਲਾਂ, ਮੂਨਕ ਖ਼ੁਰਦ, ਲੋਧੀ ਚਕ, ਗਹੋਤ ,ਰਾਜਪੁਰ, ਸ਼ਾਲਾਪੁਰ,ਬੋਦਲ ਕੋਟਲੀ, ਚੱਤੋਵਾਲ, ਝੱਜੀ ਪਿੰਡ ਧੁੱਗਾ ਕਲਾਂ, ਦੇਹਰੀਵਾਲ, ਖਾਨਪੁਰ, ਸ਼ੇਖੂਪੁਰ ਬੋਗਲ ਖ਼ੁਰਦ, ਬਗੋਲ ਕਲਾਂ, ਤੋਂ ਹੁੰਦਾ ਹੋਇਆ ਪਿੰਡ ਸੋਹੀਆਂ ਵਿਖੇ ਪਹੁੰਚ ਕੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੇ ਨਾਲ ਸੰਪੂਰਨ ਹੋਇਆ। ਇਸ ਮੌਕੇ ਸੰਤ ਨਰੇਸ਼ ਗਿਰ ਜੀ ਨੰਗਲ ਖੂੰਗਾ, ਸੰਤ ਸੁਖਜੀਤ ਸਿੰਘ ਜੀ ਡੇਰਾ ਗੁਰੂਸਰ ਖੁੱਡਾ, ਸੰਤ ਬਾਬਾ ਕੁਲਦੀਪ ਸਿੰਘ ਜੀ ਟਾਹਲੀ ਸਾਹਿਬ, ਡੀ. ਐੱਸ .ਪੀ. ਕੁਲਵੰਤ ਸਿੰਘ ਟਾਂਡਾ, ਬਾਬਾ ਹਰਪ੍ਰੀਤ ਸਿੰਘ ਟਾਹਲੀ ਸਾਹਿਬ, ਪ੍ਰਧਾਨ ਤੀਰਥ ਸਿੰਘ, ਸੁਖਵਿੰਦਰ ਸਿੰਘ ਮੂਨਕਾਂ, ਹੈਡ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਮੂਨਕਾਂ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : ਨਸ਼ੇ ਦੇ ਨਾਜਾਇਜ਼ ਕਾਰੋਬਾਰ ਸਬੰਧੀ ਫਿਰ ਚਰਚਾ ’ਚ ਫਿਲੌਰ ਦੀ ਪੰਜਾਬ ਪੁਲਸ ਅਕੈਡਮੀ, ਖੁੱਲ੍ਹੇ ਵੱਡੇ ਰਾਜ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।