ਸਪੋਰਟਸ ਕਾਰੋਬਾਰੀ ਨੂੰ ਧਮਕੀ ਭਰੇ ਮੈਸੇਜ ਭੇਜ ਕੇ ਮੰਗੀ 5 ਲੱਖ ਦੀ ਫਿਰੌਤੀ, ਦੋ ਮੁਲਜ਼ਮ ਗ੍ਰਿਫ਼ਤਾਰ
02/16/2023 4:54:51 PM

ਜਲੰਧਰ (ਸੁਧੀਰ)-ਸੀ. ਆਈ. ਏ. ਸਟਾਫ਼ ਦੀ ਪੁਲਸ ਨੇ ਸਪੋਰਟਸ ਕਾਰੋਬਾਰੀ ਅਤੇ ਉਸ ਦੀ ਭਾਬੀ ਦੇ ਮੋਬਾਇਲ ਫੋਨ ’ਤੇ ਜਾਨੋਂ ਮਾਰਨ ਦੀ ਧਮਕੀ ਭਰੇ ਮੈਸੇਜ ਭੇਜ ਕੇ ਉਨ੍ਹਾਂ ਤੋਂ 5 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ 2 ਮੁਲਜ਼ਮਾਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਡੀ. ਸੀ. ਪੀ. ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ ਅਤੇ ਡੀ. ਸੀ. ਪੀ. ਲਾਅ ਐਂਡ ਆਰਡਰ ਅੰਕੁਰ ਗੁਪਤਾ ਨੇ ਦੱਸਿਆ ਕਿ ਸਪੋਰਟਸ ਕਾਰੋਬਾਰੀ ਆਸ਼ੀਸ਼ ਮਹਾਜਨ ਵਾਸੀ ਬੰਦਾ ਬਹਾਦਰ ਨਗਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਗਾਇਆ ਸੀ ਕਿ ਉਸ ਨੂੰ ਅਤੇ ਉਸ ਦੀ ਭਾਬੀ ਨੂੰ ਕੋਈ ਅਣਪਛਾਤਾ ਵਿਅਕਤੀ ਧਮਕੀ ਭਰੇ ਮੈਸੇਜ ਭੇਜ ਕੇ ਉਨ੍ਹਾਂ ਤੋਂ 5 ਲੱਖ ਰੁਪਏ ਦੀ ਫਿਰੌਤੀ ਮੰਗ ਰਿਹਾ ਹੈ ਅਤੇ ਫਿਰੌਤੀ ਨਾ ਦੇਣ ’ਤੇ ਉਨ੍ਹਾਂ ਨੂੰ ਗੋਲੀ ਮਾਰਨ ਦੀ ਧਮਕੀ ਵੀ ਮਿਲ ਰਹੀ ਹੈ।
ਇਹ ਵੀ ਪੜ੍ਹੋ : 7 ਜਨਮਾਂ ਦਾ ਸਾਥ ਨਿਭਾਉਣ ਵਾਲਾ ਪਤੀ ਹੀ ਨਿਕਲਿਆ ਕਾਤਲ, ਜ਼ਹਿਰ ਦਾ ਟੀਕਾ ਲਗਾ ਕੇ ਪਤਨੀ ਨੂੰ ਦਿੱਤੀ ਬੇਰਹਿਮ ਮੌਤ
ਡੀ. ਸੀ. ਪੀ. ਤੇਜਾ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਅਸ਼ੋਕ ਸ਼ਰਮਾ ਦੀ ਅਗਵਾਈ ਵਿਚ ਕਮਿਸ਼ਨਰੇਟ ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਟੈਕਨੀਕਲ ਢੰਗ ਨਾਲ ਜਾਂਚ ਕੀਤੀ। ਜਾਂਚ ਉਪਰੰਤ ਪੁਲਸ ਨੇ ਹਰਦੀਪ ਸਿੰਘ ਉਰਫ਼ ਹੈਪੀ ਵਾਸੀ ਸੋਢਲ ਰੋਡ ਜਲੰਧਰ, ਹਾਲ ਵਾਸੀ ਜਨਤਾ ਨਗਰ ਲੁਧਿਆਣਾ ਅਤੇ ਪਰਮਜੀਤ ਸਿੰਘ ਵਾਸੀ ਇੰਡਸਟਰੀਅਲ ਏਰੀਆ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਤੋਂ ਪੁਲਸ ਨੇ 2 ਮੋਬਾਇਲ ਫੋਨ ਵੀ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਹਰਦੀਪ ਸਿੰਘ ਉਰਫ਼ ਹੈਪੀ ਖ਼ਿਲਾਫ਼ ਪਹਿਲਾਂ ਵੀ ਮਾਮਲਾ ਦਰਜ ਹੈ। ਪੁੱਛਗਿੱਛ ਦੌਰਾਨ ਪੁਲਸ ਨੂੰ ਪਤਾ ਲੱਗਾ ਹੈ ਕਿ ਫੜੇ ਗਏ ਮੁਲਜ਼ਮ ਪਹਿਲਾਂ ਸਪੋਰਟਸ ਕਾਰੋਬਾਰੀ ਕੋਲ ਨੌਕਰੀ ਕਰਦੇ ਸਨ, ਜਿਸ ਵਿਚ ਹਰਦੀਪ ਸਿੰਘ ਉਰਫ਼ ਹੈਪੀ ਸਪੋਰਟਸ ਕਾਰੋਬਾਰੀ ਕੋਲ ਡਰਾਈਵਰੀ ਦਾ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਫਿਲਹਾਲ ਫੜੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ: ਹਜ਼ਾਰਾਂ ਲੋਕਾਂ ਨੂੰ ਇਸ ਵਾਰ ਨਹੀਂ ਮਿਲੇਗੀ 2 ਰੁਪਏ ਵਾਲੀ ਕਣਕ, ਕਈ ਕਾਰਡਧਾਰਕਾਂ ਦੇ ਕੱਟੇ ਜਾਣਗੇ ਨਾਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।