ਘੱਟ ਸੈਲਰੀ ਨਾਲ ਗੁਜ਼ਾਰਾ ਨਾ ਹੋਣ ''ਤੇ ਸ਼ੁਰੂ ਕੀਤੀ ਚਰਸ ਸਮੱਗਲਿੰਗ, ਗ੍ਰਿਫਤਾਰ

10/03/2019 11:27:56 PM

ਜਲੰਧਰ, (ਜ.ਬ.)— ਘੱਟ ਸੈਲਰੀ ਹੋਣ ਕਾਰਨ ਗੁਜ਼ਾਰਾ ਨਾ ਹੋਣ 'ਤੇ ਚਰਸ ਦੀ ਸਮੱਗਲਿੰਗ ਕਰਨ ਵਾਲੇ ਨੌਜਵਾਨ ਨੂੰ ਸੀ. ਆਈ. ਏ. ਸਟਾਫ ਦੀ ਟੀਮ ਨੇ ਕਾਬੂ ਕੀਤਾ ਹੈ। ਮੁਲਜ਼ਮ ਕੋਲੋਂ ਇਕ ਕਿੱਲੋ ਚਰਸ ਬਰਾਮਦ ਹੋਈ ਹੈ। ਪੁਲਸ ਨੇ ਉਕਤ ਨੌਜਵਾਨ ਖਿਲਾਫ ਕੇਸ ਦਰਜ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਸੀ. ਆਈ. ਏ. ਸਟਾਫ-1 ਦੇ ਇੰਚਾਰਜ ਹਰਮਿੰਦਰ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਸਟਾਫ-1 ਦੀ ਟੀਮ ਨੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਵਿਚ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਪੈਦਲ ਆ ਰਿਹਾ ਇਕ ਨੌਜਵਾਨ ਪੁਲਸ ਟੀਮ ਨੂੰ ਦੇਖ ਕੇ ਪਿੱਛੇ ਮੁੜਣ ਲੱਗਾ। ਸ਼ੱਕ ਪੈਣ 'ਤੇ ਪੁਲਸ ਨੇ ਉਸ ਨੂੰ ਕਾਬੂ ਕਰ ਉਸ ਦੇ ਹੱਥ ਵਿਚ ਫੜਿਆ ਬੈਗ ਚੈੱਕ ਕੀਤਾ ਤਾਂ ਉਸ ਵਿਚੋਂ 1 ਕਿੱਲੋ ਚਰਸ ਮਿਲੀ। ਪੁੱਛਗਿੱਛ ਵਿਚ ਨੌਜਵਾਨ ਨੇ ਆਪਣਾ ਨਾਂ ਪੰਕਜ ਪਿਪਲਾਨੀ ਉਰਫ ਸ਼ੇਰੂ ਪੁੱਤਰ ਉਮ ਪ੍ਰਕਾਸ਼ ਵਾਸੀ ਸ਼ਕਰਪੁਰਾ ਰੇਵਾੜੀ ਹਰਿਆਣਾ ਦੱਸਿਆ। ਪੰਕਜ ਨੇ ਦੱਸਿਆ ਕਿ ਬਚਪਨ ਵਿਚ ਹੀ ਮਾਤਾ-ਪਿਤਾ ਦੀ ਮੌਤ ਹੋ ਜਾਣ ਕਾਰਨ ਉਹ ਜਲੰਧਰ ਦੇ ਇਕ ਆਸ਼ਰਮ ਵਿਚ ਹੀ ਪਲਿਆ ਹੈ। ਵੱਡਾ ਹੋ ਕੇ ਉਹ ਆਪਣੇ ਪਿੰਡ ਜਾ ਕੇ ਕੱਪੜਿਆਂ ਦੀ ਫੜ੍ਹੀ ਲਾਉਣ ਲੱਗਾ ਪਰ ਕਰੀਬ 7 ਲੱਖ ਦਾ ਘਾਟਾ ਪੈਣ 'ਤੇ ਉਹ ਦੁਬਾਰਾ ਜਲੰਧਰ ਆ ਗਿਆ ਤੇ ਡੀ. ਏ. ਵੀ. ਕਾਲਜ ਕੋਲ ਸਥਿਤ ਇਕ ਫੈਕਟਰੀ ਵਿਚ ਕੰਮ ਕਰਨ ਲੱਗਾ। ਵਿਆਹ ਤੋਂ ਬਾਅਦ ਪੰਕਜ ਸ਼ਹੀਦ ਬਾਬੂ ਲਾਭ ਸਿੰਘ ਨਗਰ ਵਿਚ ਕਿਰਾਏ ਦੇ ਮਕਾਨ ਵਿਚ ਰਹਿਣ ਲੱਗਾ। ਪੰਕਜ ਨੇ ਕਿਹਾ ਕਿ ਵਿਆਹ ਤੋਂ ਬਾਅਦ ਸੈਲਰੀ ਨਾਲ ਗੁਜ਼ਾਰਾ ਨਾ ਹੋਣ ਕਾਰਣ ਉਹ ਚਰਸ ਦੀ ਸਮੱਗਲਿੰਗ ਕਰਨ ਲੱਗਾ।


KamalJeet Singh

Content Editor

Related News