ਕਰੋੜਾਂ ਦੀ ਹੈਰੋਇਨ ਸਮੇਤ ਤਸਕਰ ਗ੍ਰਿਫਤਾਰ
Friday, Sep 27, 2019 - 07:57 PM (IST)

ਸੁਲਤਾਨਪੁਰ ਲੋਧੀ, (ਧੀਰ)— ਥਾਣਾ ਸੁਲਤਾਨਪੁਰ ਲੋਧੀ ਪੁਲਸ ਵਲੋਂ ਨਸ਼ਿਆਂ ਦੇ ਸਮਗਲਰਾਂ ਖਿਲਾਫ ਛੇੜੀ ਹੋਈ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਇਕ ਨਸ਼ਿਆਂ ਦੇ ਸਮਗਲਰ ਪਾਸੋਂ 1 ਕਰੋੜ ਤੋਂ ਵੱਧ ਦੀ ਹੈਰੋਇਨ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸ. ਸਰਬਜੀਤ ਸਿੰਘ ਨੇ ਦਸਿਆ ਕਿ ਏ.ਐੱਸ.ਆਈ ਗੁਰਦੀਪ ਸਿੰਘ, ਏ.ਐੱਸ.ਆਈ ਅਮਰਜੀਤ ਸਿੰਘ, ਏ.ਐੱਸ.ਆਈ ਸੰਤੋਖ ਸਿੰਘ, ਐੱਚ.ਸੀ ਤਰਲੋਕ ਸਿੰਘ ਆਦਿ ਪੁਲਸ ਪਾਰਟੀ ਨਾਲ ਦੌਰਾਨੇ ਗਸ਼ਤ ਪਿੰਡ ਮੋਠਾਂਵਾਲਾ ਤੋਂ ਲਾਟੀਆਂਵਾਲ, ਅਹਿਮਦਪੁਰ ਛੰਨਾ, ਤੋਤੀ ਸੈਚਾਂ ਆਦਿ ਨੂੰ ਜਾ ਰਹੇ ਸਨ ਤਾਂ ਪਿੰਡ ਅਹਿਮਦਪੁਰ ਛੰਨਾ ਪੀਰ ਬਾਬਾ ਜੀ ਦੀ ਜਗ੍ਹਾ ਤੋਂ ਥੋੜਾ ਪਿੱਛੇ ਪਿੰਡ ਅਹਿਮਦਪੁਰ ਛੰਨਾ ਤੋਂ ਇਕ ਨੌਜਵਾਨ ਨੂੰ ਪੈਦਲ ਆਉਂਦੇ ਵੇਖਿਆ ਜਿਸਨੇ ਪੁਲਸ ਪਾਰਟੀ ਨੂੰ ਵੇਖ ਘਬਰਾ ਕੇ ਪੈਂਟ ਦੀ ਜੇਬ 'ਚ ਇਕ ਵਜਨਦਾਰ ਮੋਮੀ ਲਿਫਾਫਾ ਸੜਕ ਦੇ ਕੰਢੇ ਸੁੱਟ ਕੇ ਪਿੱਛੇ ਨੂੰ ਮੁੜਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਪੁਲਸ ਪਾਰਟੀ ਨੇ ਮੌਕੇ 'ਤੇ ਕਾਬੂ ਕਰ ਲਿਆ। ਸ਼ੱਕ ਦੇ ਅਧਾਰ 'ਤੇ ਨਾਮ ਪਤਾ ਪੁੱਛਣ 'ਤੇ ਉਸਨੇ ਆਪਣਾ ਨਾਮ ਹਰਜਿੰਦਰ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਲਾਟੀਆਂਵਾਲ ਦੱਸਿਆ ਜਿਸ ਪਾਸੋਂ ਉਕਤ ਮੋਮੀ ਲਿਫਾਫੇ ਨੂੰ ਖੋਲ ਕੇ ਵੇਖਿਆ ਤਾਂ ਉਸ 'ਚ 275 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸ ਦੀ ਅੰਤਰਰਾਸ਼ਟਰੀ ਬਜ਼ਾਰ 'ਚ ਕੀਮਤ 1 ਕਰੋੜ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮ ਖਿਲਾਫ ਕੇਸ ਦਰਜ ਕਰਕੇ ਉਸਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ।