ਸ਼ਿਵ ਸੈਨਾ ਨੇ ਨਾਇਬ ਤਹਿਸੀਲਦਾਰ ''ਤੇ ਲਗਾਏ ਭ੍ਰਿਸ਼ਟਾਚਾਰ ਦੇ ਦੋਸ਼

09/11/2019 6:34:50 PM

ਰੂਪਨਗਰ (ਸੱਜਣ ਸੈਣੀ)— ਰੂਪਨਗਰ ਦੇ ਨਾਇਬ ਤਹਿਸੀਲਦਾਰ ਦੀਆਂ ਮੁਸ਼ਕਿਲਾਂ ਦਿਨੋ-ਦਿਨ ਵੱਧਦੀਆਂ ਜਾ ਰਹੀਆਂ ਹਨ। ਨਾਇਬ ਤਹਿਸੀਲਦਾਰ ਸਤਵਿੰਦਰ ਸਿੰਘ ਰਣੀਕੇ ਦੇ ਖਿਲਾਫ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਭ੍ਰਿਸਟਾਚਾਰ ਦੇ ਦੋਸ਼ ਲਗਾਉਂਦੇ ਹੋਏ ਧਰਨਾ ਦਿੱਤਾ ਗਿਆ ਸੀ, ਉਸ ਮਾਮਲੇ ਦੀ ਹਾਲੇ ਜਾਂਚ ਪੂਰੀ ਨਹੀਂ ਹੋਈ ਅਤੇ ਹੁਣ ਸ਼ਿਵ ਸੈਨਾ ਪੰਜਾਬ ਵੱਲੋਂ ਨਾਇਬ ਤਹਿਸੀਲਦਾਰ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦੇ ਹੋਏ ਡੀ. ਸੀ. ਕੰਪਲੈਕਸ 'ਚ ਧਰਨਾ ਦਿੰਦੇ ਹੋਏ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਦੇ ਨਾਲ ਹੀ ਨਾਇਬ ਤਹਿਸੀਲਦਾਰ ਖਿਲਾਫ ਡੀ. ਸੀ. ਦੇ ਨਾਮ ਅਤੇ ਤਹਿਸੀਲਦਾਰ ਨੂੰ ਇਕ ਮੰਗ ਪੱਤਰ ਵੀ ਦਿੱਤਾ। ਮੰਗ ਪੱਤਰ ਦੇਣ ਪਹੁੰਚੇ ਸ਼ਿਵ ਸੈਨਿਕਾ ਤੋਂ ਜਦੋਂ ਕੋਈ ਵੀ ਅਧਿਕਾਰੀ ਮੰਗ ਪੱਤਰ ਲੈਣ ਨਾ ਪਹੁੰਚਿਆ ਤਾਂ ਸ਼ਿਵ ਸੈਨਿਕ ਡੀ. ਸੀ. ਕੰਪਲੈਕਸ ਦੇ ਅੰਦਰ ਮੁੱਖ ਗੇਟ ਰੋਕ ਕੇ ਧਰਨਾ ਲਗਾ ਕੇ ਬੈਠ ਗਏ ਅਤੇ ਕਰੀਬ ਦੋ ਘੰਟੇ ਤੱਕ ਇਥੇ ਹੀ ਧਰਨੇ 'ਤੇ ਡਟੇ ਰਹੇ। ਇਸ ਦੇ ਬਾਅਦ ਤਹਿਸੀਲਦਾਰ ਕੁਲਦੀਪ ਸਿੰਘ ਧਰਨਾ ਕਾਰੀਆਂ ਕੋਲੋ ਮੰਗ ਪੱਤਰ ਲੈਣ ਪਹੁੰਚੇ ਅਤੇ ਉਨ੍ਹਾਂ ਨੇ ਮਾਮਲੇ ਦੀ ਨਿਰਪੱਖ ਜਾਂਚ ਦਾ ਭਰੋਸਾ ਵੀ ਦਿੱਤਾ। ਜਦੋਂ ਉਕਤ ਮਾਮਲੇ ਸਬੰਧੀ ਨਾਇਬ ਤਹਿਸੀਲਦਾਰ ਸਤਵਿੰਦਰ ਸਿੰਘ ਰਣੀਕੇ ਦਾ ਪੱਖ ਜਾਣਨ ਲਈ ਉਨਾ੍ਹ ਦੇ ਦਫਤਰ ਪਹੁੰਚ ਕੀਤੀ ਤਾਂ ਉਹ ਨਹੀਂ ਮਿਲੇ ਜਿਸ ਦੇ ਬਾਅਦ ਉਨਾ੍ਹ ਨਾਲ ਜਦੋਂ ਫੋਨ 'ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਮਾਮਲੇ 'ਚ ਕੁਝ ਵੀ ਕਹਿਣ ਦੀ ਵਜਾਏ ਨੋ- ਕੁਮੈਂਟ ਕਹਿ ਕੇ ਫੋਨ ਕੱਟ ਦਿੱਤਾ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਇਕ ਲੀਡਰ ਦੇ ਸਾਰੇ ਦਸਤਾਵੇਜ਼ ਪੂਰੇ ਹੋਣ ਦੇ ਬਾਅਦ ਵੀ ਜ਼ਮੀਨ ਦੀ ਰਜਿਸਟਰੀ ਕਰਨ ਤੋਂ ਮਨ੍ਹਾ ਕਰਨ ਕਰਕੇ ਨਾਇਬ ਤਹਿਸੀਲਦਾਰ ਵਿਵਾਦਾਂ 'ਚ ਘਿਰੇ ਹਨ। ਉਸ ਮਾਮਲੇ 'ਚ ਵੀ ਆਮ ਆਦਮੀ ਪਾਰਟੀ ਦੇ ਲੀਡਰ ਵੱਲੋਂ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਨਾਇਬ ਤਹਿਸੀਲਦਾਰ ਖਿਲਾਫ ਲਿਖਤੀ ਸ਼ਿਕਾਇਤ ਕਰਕੇ ਰਿਸ਼ਵਤ ਮੰਗਣ ਦੇ ਦੋਸ਼ ਲਗਾਏ ਹਨ। ਨਾਇਬ ਤਹਿਸੀਲਦਾਰ 'ਤੇ ਰਿਸ਼ਵਤ ਮੰਗਣ ਦੇ ਲੱਗ ਰਹੇ ਦੋਸ਼ ਸੱਚੇ ਹਨ ਜਾਂ ਝੂਠੇ ਇਹ ਤਾ ਨਿਰਪੱਖ ਜਾਂਚ ਬਾਅਦ ਵੀ ਸਾਹਮਣੇ ਆਵੇਗਾ।


shivani attri

Content Editor

Related News