ਪੁਲਸ ਅਧਿਕਾਰੀ ਬਣ ਕੇ 60 ਹਜ਼ਾਰ ਰੁਪਏ ਕਰਵਾਏ ਟ੍ਰਾਂਸਫਰ, ਪਾਕਿਸਤਾਨੀ ਨੰਬਰ ਤੋਂ ਆਈ ਸੀ ਕਾਲ

Monday, Aug 05, 2024 - 05:25 AM (IST)

ਜਲੰਧਰ (ਜ.ਬ.) : ਸਲੇਮਪੁਰ ਰੋਡ ’ਤੇ ਸਥਿਤ ਅੰਮ੍ਰਿਤ ਵਿਹਾਰ ’ਚ ਇਕ ਵਿਅਕਤੀ ਨੂੰ ਪੁਲਸ ਅਧਿਕਾਰੀ ਦੱਸ ਕੇ ਬੇਟੇ ਨੂੰ ਕ੍ਰਿਮੀਨਲ ਨਾਲ ਫੜੇ ਜਾਣ ਤੇ ਫਿਰ ਉਸ ਨੂੰ ਜੇਲ੍ਹ ਭੇਜਣ ਦਾ ਡਰਾਵਾ ਦੇ ਕੇ ਇਕ ਸ਼ਾਤਰ ਠੱਗ ਨੇ 60 ਹਜ਼ਾਰ ਰੁਪਏ ਟ੍ਰਾਂਸਫਰ ਕਰਵਾ ਲਏ। ਬਾਅਦ ’ਚ ਪਤਾ ਲੱਗਾ ਕਿ ਜਿਸ ਮੋਬਾਈਲ ਨੰਬਰ ਤੋਂ ਕਾਲ ਆਈ ਸੀ, ਉਹ ਪਾਕਿਸਤਾਨ ਦਾ ਨੰਬਰ ਸੀ। ਪੈਸੇ ਟ੍ਰਾਂਸਫਰ ਹੋਣ ਤੋਂ ਬਾਅਦ ਪੀੜਤ ਨੇ ਆਪਣੇ ਬੇਟੇ ਨੂੰ ਕਾਲ ਕੀਤਾ ਤਾਂ ਪਤਾ ਲੱਗਾ ਕਿ ਉਹ ਤਾਂ ਯੂਨੀਵਰਸਿਟੀ ’ਚ ਹੀ ਹੈ। ਫਰਾਡ ਹੋਣ ਦੇ ਤਕਰੀਬਨ 1 ਸਾਲ ਬਾਅਦ ਜਾ ਕੇ ਥਾਣਾ-1 ’ਚ ਅਣਪਛਾਤੇ ਠੱਗ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। 

ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਭੁਪਿੰਦਰ ਸਿੰਘ ਪੁੱਤਰ ਗਿਆਨ ਸਿੰਘ ਨੇ ਦੱਸਿਆ ਕਿ ਸਤੰਬਰ 2023 ’ਚ ਉਨ੍ਹਾਂ ਨੂੰ ਇਕ ਕਾਲ ਆਈ ਸੀ। ਕਾਲ ਕਰਨ ਵਾਲੇ ਵਿਅਕਤੀ ਨੇ ਉਸ ਦੇ ਬੇਟੇ ਦੇ ਬਾਰੇ ਪੁੱਛਿਆ। ਉਨ੍ਹਾਂ ਤੋਂ ਹੀ ਸਾਰੀ ਜਾਣਕਾਰੀ ਲੈ ਕੇ ਕਾਲ ਕਰਨ ਵਾਲੇ ਨੇ ਖੁਦ ਨੂੰ ਪੁਲਸ ਅਧਿਕਾਰੀ ਦੱਸਿਆ ਤੇ ਕਿਹਾ ਕਿ ਉਨ੍ਹਾਂ ਦਾ ਬੇਟਾ ਇਕ ਕ੍ਰਿਮੀਨਲ ਨਾਲ ਫੜਿਆ ਗਿਆ ਹੈ। ਇਹ ਸੁਣ ਕੇ ਭੁਪਿੰਦਰ ਸਿੰਘ ਘਬਰਾ ਗਏ। ਭੁਪਿੰਦਰ ਸਿੰਘ ਨੇ ਆਪਣੇ ਬੇਟੇ ਨਾਲ ਗੱਲ ਕਰਨ ਦੀ ਮੰਗ ਤਾਂ ਪਿੱਛੋਂ ਰੋਣ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਉਕਤ ਵਿਅਕਤੀ ਨੇ ਕਿਹਾ ਕਿ ਜੇਕਰ ਉਹ ਉਨ੍ਹਾਂ ਦੇ ਬੇਟੇ ਨੂੰ ਜੇਲ੍ਹ ਭੇਜਦਾ ਹੈ ਤਾਂ ਉਸ ਦਾ ਕਰੀਅਰ ਖਰਾਬ ਹੋ ਜਾਵੇਗਾ, ਜੋ ਉਹ ਨਹੀਂ ਚਾਹੁੰਦਾ। ਇਸੇ ਦੌਰਾਨ ਉਸ ਨੇ ਭੁਪਿੰਦਰ ਸਿੰਘ ਤੋਂ 1.50 ਲੱਖ ਰੁਪਏ ਦੀ ਮੰਗ ਕੀਤੀ।

ਇਹ ਵੀ ਪੜ੍ਹੋ : ਚੀਨੀ ਕੰਪਨੀਆਂ 'ਤੇ ਕੇਂਦਰ ਸਰਕਾਰ ਦੀ ਸਟ੍ਰਾਈਕ, Loan ਅਤੇ Jobs ਦੇ ਨਾਂ 'ਤੇ ਮਾਰ ਰਹੀਆਂ ਸਨ ਠੱਗੀਆਂ

ਭੁਪਿੰਦਰ ਨੇ ਉਸ ਨੂੰ ਕਿਹਾ ਕਿ ਇੰਨੇ ਪੈਸੇ ਉਸ ਕੋਲ ਨਹੀਂ ਹੈ ਤਾਂ ਉਹ 50 ਲੱਖ ਹਜ਼ਾਰ ’ਚ ਮੰਨ ਗਿਆ। ਭੁਪਿੰਦਰ ਸਿੰਘ ਨੇ ਕਿਸੇ ਤਰ੍ਹਾਂ ਉਸ ਵਿਅਕਤੀ ਵੱਲੋਂ ਦਿੱਤੇ ਪੇਟੀਐੱਮ ਨੰਬਰ ’ਤੇ 50 ਹਜ਼ਾਰ ਰੁਪਏ ਪਾ ਦਿੱਤੇ। ਉਕਤ ਵਿਅਕਤੀ ਨੇ ਦੁਬਾਰਾ ਉਸ ਨੂੰ ਕਾਲ ਕਰ ਕੇ ਸਕ੍ਰੀਨ ਸ਼ਾਟ ਭੇਜਣ ਨੂੰ ਕਿਹਾ। ਉਹ ਵੀ ਭੁਪਿੰਦਰ ਸਿੰਘ ਨੇ ਭੇਜ ਦਿੱਤੇ ਪਰ ਬਾਅਦ ’ਚ ਕਹਿਣ ਲੱਗਾ ਕਿ ਜੇਕਰ ਉਨ੍ਹਾਂ ਨੇ 10 ਹਜ਼ਾਰ ਰੁਪਏ ਹੋਰ ਟਰਾਂਸਫਰ ਨਹੀਂ ਕੀਤੇ ਤਾਂ ਉਹ ਉਨ੍ਹਾਂ ਦੇ ਬੇਟੇ ਨੂੰ ਜੇਲ੍ਹ ਭੇਜ ਦੇਵੇਗਾ ਤੇ ਪੂਰੀ ਉਮਰ ਜ਼ਮਾਨਤ ਨਹੀਂ ਹੋਣ ਦੇਵੇਗਾ।

ਬੇਟੇ ਨੂੰ ਬਚਾਉਣ ਖਾਤਰ ਭੁਪਿੰਦਰ ਸਿੰਘ ਨੇ 10 ਹਜ਼ਾਰ ਰੁਪਏ ਹੋਰ ਪਾ ਦਿੱਤੇ। ਭੁਪਿੰਦਰ ਸਿੰਘ ਨੇ ਪੈਸੇ ਪਾਉਣ ਤੋਂ ਬਾਅਦ ਕਿਸੇ ਜਾਣਕਾਰ ਨਾਲ ਗੱਲ ਕੀਤੀ ਤਾਂ ਉਸ ਨੇ ਨੰਬਰ ਦੇਖ ਕਿਹਾ ਕਿ ਉਕਤ ਨੰਬਰ ਪਾਕਿਸਤਾਨ ਦਾ ਹੈ। ਪੀੜਤ ਨੇ ਤੁਰੰਤ ਆਪਣੇ ਬੇਟੇ ਦੇ ਨੰਬਰ ’ਤੇ ਕਾਲ ਕੀਤਾ ਤਾਂ ਪਤਾ ਲੱਗਾ ਕਿ ਉਹ ਤਾਂ ਆਪਣੀ ਯੂਨੀਵਰਸਿਟੀ ’ਚ ਹੀ ਹੈ। ਬੇਟੇ ਨਾਲ ਗੱਲ ਕਰਨ ’ਤੇ ਪਤਾ ਲੱਗਾ ਕਿ ਉਨ੍ਹਾਂ ਨਾਲ ਫਰਾਡ ਹੋ ਗਿਆ ਹੈ। ਇਸ ਸਬੰਧੀ ਤੁਰੰਤ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ, ਜਿਸ ਦੀ ਜਾਂਚ ਸ਼ੁਰੂ ਹੋਈ ਤਾਂ ਪਤਾ ਲੱਗਾ ਕਿ ਪੈਸੇ ਕਿਸੇ ਅੰਕਿਤ ਨਾਂ ਦੇ ਵਿਅਕਤੀ ਦੇ ਬੈਂਕ ਖਾਤੇ ’ਚ ਟ੍ਰਾਂਸਫਰ ਹੋਏ ਹਨ। ਪੁਲਸ ਨੇ ਲੰਬੀ ਜਾਂਚ ਤੋਂ ਬਾਅਦ ਅਣਪਛਾਤੇ ਠੱਗ ਖਿਲਾਫ ਕੇਸ ਦਰਜ ਕਰ ਲਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Sandeep Kumar

Content Editor

Related News