ਪਿੰਡਾਂ ਨੂੰ ਨਸ਼ਾ-ਮੁਕਤ ਬਣਾਉਣ ਲਈ ਮੋਹਰੀ ਭੂਮਿਕਾ ਨਿਭਾਉਣ ਪੰਚਾਇਤਾਂ : ਅਰੋੜਾ

Thursday, Jul 18, 2019 - 01:57 PM (IST)

ਪਿੰਡਾਂ ਨੂੰ ਨਸ਼ਾ-ਮੁਕਤ ਬਣਾਉਣ ਲਈ ਮੋਹਰੀ ਭੂਮਿਕਾ ਨਿਭਾਉਣ ਪੰਚਾਇਤਾਂ : ਅਰੋੜਾ

ਹੁਸ਼ਿਆਰਪੁਰ (ਘੁੰਮਣ)— ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਸੁੰਦਰ ਸ਼ਾਮ ਅਰੋੜਾ ਨੇ ਨਸ਼ਿਆਂ ਖਿਲਾਫ ਇਕਜੁੱਟਤਾ ਦਾ ਸੱਦਾ ਦਿੰਦੇ ਕਿਹਾ ਕਿ ਸਾਂਝੇ ਹੰਭਲੇ ਨਾਲ ਸਮਾਜ ਨੂੰ ਨਸ਼ਾ-ਮੁਕਤ ਕੀਤਾ ਜਾ ਸਕਦਾ ਹੈ। ਉਹ ਪਿੰਡ ਬੱਸੀ ਗੁਲਾਮ ਹੁਸੈਨ ਵਿਖੇ ਕਰਵਾਏ ਇਕ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਪਿੰਡ ਦੀ ਪੰਚਾਇਤ ਨੂੰ ਖੇਡ ਸਟੇਡੀਅਮ ਲਈ 5 ਲੱਖ ਰੁਪਏ ਦਾ ਚੈੱਕ ਵੀ ਦਿੱਤਾ। ਕੈਬਨਿਟ ਮੰਤਰੀ ਨੇ ਸੰਬੋਧਨ ਕਰਦੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ-ਮੁਕਤ ਕਰਨ ਲਈ ਜਿੱਥੇ 'ਡੇਪੋ' ਅਤੇ 'ਬੱਡੀ'  ਪ੍ਰੋਗਰਾਮ ਚਲਾਏ ਗਏ ਹਨ, ਉਥੇ ਹੀ ਨਸ਼ਿਆਂ ਦੀ ਦਲਦਲ 'ਚ ਫਸੇ ਮਰੀਜ਼ਾਂ ਦੇ ਇਲਾਜ ਲਈ ਮੁੜ-ਵਸੇਬਾ ਕੇਂਦਰ, ਓ. ਓ. ਏ. ਟੀ. ਸੈਂਟਰ ਅਤੇ ਨਸ਼ਾ-ਛੁਡਾਊ ਕੇਂਦਰ ਖੋਲ੍ਹੇ ਗਏ ਹਨ। ਉਨ੍ਹਾਂ ਅਪੀਲ ਕੀਤੀ ਕਿ ਪਿੰਡਾਂ ਨੂੰ ਨਸ਼ਾ-ਮੁਕਤ ਬਣਾਉਣ ਲਈ ਪੰਚਾਇਤਾਂ ਮੋਹਰੀ ਭੂਮਿਕਾ ਨਿਭਾਉਣ ਕਿਉਂਕਿ ਇਕਜੁੱਟਤਾ ਨਾਲ ਹੀ ਇਸ ਕੋਹੜ ਦਾ ਖਾਤਮਾ ਕੀਤਾ ਜਾ ਸਕਦਾ ਹੈ। ਨਸ਼ੇ ਵਿਚ ਜਕੜੇ ਮਰੀਜ਼ ਦੀ ਸ਼ਨਾਖਤ ਕਰਨ ਉਪਰੰਤ ਉਸ ਨੂੰ ਮੁੜ-ਵਸੇਬਾ ਕੇਂਦਰ, ਓ. ਓ. ਏ. ਟੀ. ਸੈਂਟਰ ਅਤੇ ਨਸ਼ਾ-ਛੁਡਾਊ ਕੇਂਦਰਾਂ 'ਚ ਭਰਤੀ ਕਰਵਾਇਆ ਜਾ ਸਕਦਾ ਹੈ, ਜਿਥੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦਾ ਮੁਫਤ ਇਲਾਜ ਕਰਵਾਇਆ ਜਾਵੇਗਾ। ਉਨ੍ਹਾਂ ਪਿੰਡ ਵਾਸੀਆਂ ਨੂੰ ਵੱਧ ਤੋਂ ਵੱਧ 'ਡੇਪੋ' (ਨਸ਼ਾ ਰੋਕੂ ਅਫਸਰ) ਬਣਨ ਦੀ ਅਪੀਲ ਵੀ ਕੀਤੀ।

ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਮਿਲਾਵਟਖੋਰਾਂ 'ਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ, ਜਦਕਿ ਖੇਡਾਂ ਨੂੰ ਵੀ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ, ਤਾਂ ਜੋ ਸੂਬੇ ਦੀ ਨੌਜਵਾਨੀ ਨੂੰ ਸਿਹਤਮੰਦ ਬਣਾਇਆ ਜਾ ਸਕੇ। ਪਿੰਡਾਂ 'ਚ ਨੌਜਵਾਨਾਂ ਨੂੰ ਤੰਦਰੁਸਤੀ ਦਾ ਸੁਨੇਹਾ ਦੇਣ ਲਈ ਖੇਡ ਸਟੇਡੀਅਮ ਉਸਾਰੇ ਜਾ ਰਹੇ ਹਨ। ਇਸ ਤੋਂ ਇਲਾਵਾ ਹੁਸ਼ਿਆਰਪੁਰ ਸ਼ਹਿਰ ਦੀਆਂ ਪ੍ਰਮੁੱਖ ਪਾਰਕਾਂ ਵਿਚ ਚੰਡੀਗੜ੍ਹ ਦੀ ਤਰਜ਼ 'ਤੇ ਆਊਟਡੋਰ ਜਿਮ ਵੀ ਲਾਏ ਜਾ ਰਹੇ ਹਨ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਦੀ ਵਿਕਾਸ ਪੱਖੋਂ ਨੁਹਾਰ ਬਦਲੀ ਜਾ ਰਹੀ ਹੈ। ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਜ਼ਿਲੇ ਦੇ ਹਰ ਪਿੰਡ 'ਚ 550 ਬੂਟੇ ਲਾਏ ਜਾ ਰਹੇ ਹਨ। ਸਮਾਗਮ ਦੌਰਾਨ ਸ਼੍ਰੀ ਅਰੋੜਾ ਨੇ ਪਿੰਡ ਦੀ ਪੰਚਾਇਤ ਨੂੰ ਖੇਡ ਸਟੇਡੀਅਮ ਲਈ 5 ਲੱਖ ਰੁਪਏ ਦਾ ਚੈੱਕ ਪਿੰਡ ਦੀ ਬਜ਼ੁਰਗ ਔਰਤ ਗਿਆਨ ਕੌਰ ਹੱਥੋਂ ਦਿਵਾਇਆ।
ਇਸ ਮੌਕੇ ਦਿਹਾਤੀ ਕਾਂਗਰਸ ਪ੍ਰਧਾਨ ਕੈਪਟਨ ਕਰਮ ਚੰਦ, ਸਰਪੰਚ ਬੱਸੀ ਗੁਲਾਮ ਹੁਸੈਨ ਨਰਵੀਰ ਨੰਦੀ, ਸ਼੍ਰੀਮਤੀ ਸੁਮਨ ਤਲਵਾੜ, ਸਰਪੰਚ ਬੱਸੀ ਪੁਰਾਣੀ ਕੁਲਦੀਪ ਅਰੋੜਾ, ਕੌਂਸਲਰ ਸੁਰਿੰਦਰ ਪਾਲ ਸਿੱਧੂ, ਸੁੱਚਾ ਸਿੰਘ, ਬਖਸ਼ੀਸ਼ ਸਿੰਘ, ਰਾਕੇਸ਼ ਕੁਮਾਰ, ਸੰਜੀਵ ਕੁਮਾਰ, ਹਰਮੇਸ਼ ਕੁਮਾਰ, ਸ਼੍ਰੀਮਤੀ ਕਮਲਜੀਤ ਕੌਰ, ਸ਼੍ਰੀਮਤੀ ਕਸ਼ਮੀਰ ਕੌਰ, ਗੋਪੀ ਸੈਣੀ, ਜਸਵੀਰ ਸੈਣੀ ਅਤੇ ਰਾਜੇਸ਼ ਸੈਣੀ ਤੋਂ ਇਲਾਵਾ ਹੋਰ ਵੀ ਸ਼ਖ਼ਸੀਅਤਾਂ ਹਾਜ਼ਰ ਸਨ।     


author

shivani attri

Content Editor

Related News