ਪੰਜਾਬ ਨੂੰ 3 ਮਹੀਨੇ ''ਚ ''ਨਸ਼ਾ ਮੁਕਤ ਬਣਾਉਣ ਦਾ ਦਾਅਵਾ ਖੋਖਲਾ : ਅਰਵਿੰਦ ਖੰਨਾ
Thursday, Jan 23, 2025 - 04:07 PM (IST)
ਚੰਡੀਗੜ੍ਹ (ਮਨਜੀਤ) : ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਪੰਜਾਬ ਨੂੰ ਤਿੰਨ ਮਹੀਨੇ 'ਚ ਨਸ਼ਾ ਮੁਕਤ ਬਣਾਉਣ ਦਾ ਦਾਅਵਾ ਕਰਨ ਵਾਲੀ ਸਰਕਾਰ ਆਪਣੀ ਨਾਕਾਮੀ ਨੂੰ ਲੁਕਾਉਣ ਲਈ ਹੁਣ ਇੱਕ ਹੋਰ ਨਵੇਂ ਡਰਾਮੇਂ ਦੀ ਤਿਆਰੀ 'ਚ ਹੈ। ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਖੰਨਾ ਨੇ ਕਿਹਾ ਕਿ ਤਿੰਨ ਸਾਲ ਦੇ ਕਰੀਬ ਸਮਾਂ ਬੀਤ ਜਾਣ ਉਪਰੰਤ ਵੀ ਸਰਕਾਰ ਪੰਜਾਬ ਵਿੱਚੋਂ ਨਸ਼ਾ ਰੋਕਣ ਵਿੱਚ ਕਾਮਯਾਬ ਨਹੀਂ ਹੋਈ, ਸਗੋਂ ਨਸ਼ੇ ਦੇ ਸੌਦਾਗਰਾਂ ਦੇ ਹੌਂਸਲੇ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਬੁਲੰਦ ਹੋਏ ਹਨ।
ਖੰਨਾ ਨੇ ਕਿਹਾ ਕਿ ਸੂਬਾ ਸਰਕਾਰ ਹੁਣ ਇੱਕ ਐੱਨ. ਜੀ. ਓ. ਨਾਰਕੋਟਿਕਸ ਅਨਾਨਿਮ (ਐੱਨ.ਏ) ਨਾਲ ਸਹਿਯੋਗ ਕਰਕੇ ਨਸ਼ੇ ਦੇ ਖ਼ਾਤਮੇ ਲਈ ਮੁਹਿੰਮ ਚਲਾਉਣ ਦਾ ਦਾਅਵਾ ਕਰ ਰਹੀ ਹੈ ਤਾਂ ਜੋ ਉਕਤ ਐੱਨ. ਜੀ. ਓ. ਦੇ ਕਾਊਂਸਲਰ ਨਸ਼ੇ ਦੇ ਆਦਿ ਲੋਕਾਂ ਨੂੰ ਨਸ਼ੇ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕਰ ਸਕਣ। ਖੰਨਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਜਾਂਦੇ ਓਟ ਕਲੀਨਿਕਾਂ ਵਿੱਚ ਪਹਿਲਾਂ ਤੋਂ ਹੀ ਕਾਊਂਸਲਰ ਮੌਜੂਦ ਹਨ। ਉਨ੍ਹਾਂ ਕਿਹਾ ਕਿ ਜੜ੍ਹ ਖ਼ਤਮ ਕਰਨ ਦੀ ਥਾਂ ਪੰਜਾਬ ਸਰਕਾਰ ਪੱਤੇ ਝਾੜ ਕੇ ਸਮਾਂ ਟਪਾਉਣ ਦੀ ਕੋਸ਼ਿਸ਼ ਵਿੱਚ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਦੇ ਦਾਅਵੇ ਕਰਨ ਵਾਲਿਆਂ ਨੇ ਕਰੀਬ ਤਿੰਨ ਸਾਲ ਦਾ ਸਮਾਂ ਸਿਰਫ਼ ਯੋਜਨਾਵਾਂ ਬਣਾਉਣ ਵਿੱਚ ਹੀ ਟਪਾ ਦਿੱਤਾ ਹੈ।