ਵਾਰ-ਵਾਰ ਹਿਲਾਉਂਦੇ ਹੋ ਪੈਰ ਤਾਂ ਹੋ ਸਕਦੀ ਹੈ ਇਹ ਬੀਮਾਰੀ

10/11/2019 8:42:11 PM

ਜਲੰਧਰ  (ਵੈਬ ਡੈਸਕ)– ਕੀ ਤੁਹਾਨੂੰ ਵਾਰ-ਵਾਰ ਪੈਰ ਹਿਲਾਉਣ ਦੀ ਇੱਛਾ ਹੁੰਦੀ ਹੈ? ਜੇਕਰ ਹਾਂ ਤਾਂ ਬਿਹਤਰ ਹੈ ਕਿ ਤੁਸੀਂ ਡਾਕਟਰ ਨੂੰ ਦਿਖਾਓ ਕਿਉਂਕਿ ਤੁਸੀਂ ‘ਰੈਸਟਲੈੱਸ ਲੈੱਗ ਸਿੰਡ੍ਰੋਮ’ ਨਾਲ ਪੀੜਤ ਹੋ ਸਕਦੇ ਹੋ। ਇਹ ਇਕ ਅਜਿਹੀ ਬੀਮਾਰੀ ਹੈ, ਜਿਸ ਨਾਲ ਵਿਅਕਤੀ ਦੇ ਪੈਰ ਖਾਸ ਤੌਰ ’ਤੇ ਸ਼ਾਮ ਜਾਂ ਰਾਤ ਦੇ ਸਮੇਂ ਬੇ-ਅਰਾਮੀ ਜਿਵੇਂ ਕਿ ਅਕੜਾਅ, ਜਲਨ ਹੁੰਦੀ ਹੈ। ਇਸ ਹਾਲਤ ’ਚ ਰਾਹਤ ਪਾਉਣ ਦੇ ਲਈ ਵਿਅਕਤੀ ਨੂੰ ਪੈਰ ਹਿਲਾਉਣ ਜਾਂ ਚੱਲਣ ਦੀ ਬਹੁਤ ਇੱਛਾ ਹੁੰਦੀ ਹੈ।

ਇਸ ਬੀਮਾਰੀ ਨਾਲ ਨੀਂਦ ਆਉਣ ’ਚ ਪ੍ਰੇਸ਼ਾਨੀ, ਸੌਣ ਦੇ ਦੌਰਾਨ ਨਸ ਦਾ ਚੜ੍ਹ ਜਾਣਾ, ਬੈਠਣ ’ਚ ਪ੍ਰੇਸ਼ਾਨੀ ਹੋਣਾ ਅਤੇ ਦੇਰ ਤਕ ਇਕ ਥਾਂ ਖੜ੍ਹੇ ਨਾ ਹੋ ਸਕਣ ਦੇ ਨਾਲ ਹੁਣ ਆਤਮ-ਹੱਤਿਆ ਦਾ ਖਤਰਾ ਵਧਣ ਵਰਗੀ ਗੰਭੀਰ ਸਮੱਸਿਆ ਵੀ ਜੁੜ ਗਈ ਹੈ। ਇਕ ਸਟੱਡੀ ’ਚ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਇਹ ਬੀਮਾਰੀ ਹੁੰਦੀ ਹੈ, ਉਨ੍ਹਾਂ ਦੇ ਆਤਮ-ਹੱਤਿਆ ਜਾਂ ਖੁਦ ਨੂੰ ਨੁਕਸਾਨ ਪਹੁੰਚਾਉਣ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ।

ਇਸ ਤਰ੍ਹਾਂ ਕੀਤੀ ਗਈ ਸਟੱਡੀ

ਅਮਰੀਕਾ ’ਚ ਹੋਈ ਸਟੱਡੀ ’ਚ ‘ਰੈਸਟਲੈੱਸ ਲੈੱਗ ਸਿੰਡ੍ਰੋਮ’ ਨਾਲ ਪੀੜਤ ਕਰੀਬ 24,179 ਮਰੀਜ਼ਾਂ ਅਤੇ 145,194 ਅਜਿਹੇ ਲੋਕਾਂ ਦੇ ਮੈਡੀਕਲ ਰਿਕਾਰਡ ਨੂੰ ਸਟੱਡੀ ਕੀਤਾ ਗਿਆ, ਜਿਨ੍ਹਾਂ ਨੂੰ ਇਹ ਸਿੰਡ੍ਰੋਮ ਨਹੀਂ ਸੀ। ਇਨ੍ਹਾਂ ਵਿਚ ਕਿਸੇ ਨੂੰ ਵੀ ਆਤਮ-ਹੱਤਿਆ ਜਾਂ ਖੁਦ ਨੂੰ ਨੁਕਸਾਨ ਪਹੁੰਚਾਉਣ ਵਰਗੇ ਖਿਆਲ ਨਹੀਂ ਆਉਂਦੇ ਸਨ। ਰਿਕਾਰਡ ਨੂੰ ਸਟੱਡੀ ਕਰਨ ’ਚ ਸਾਹਮਣੇ ਆਇਆ ਕਿ ਅਜਿਹੇ ਲੋਕ, ਜਿਨ੍ਹਾਂ ਨੂੰ ਸਿੰਡ੍ਰੋਮ ਸੀ, ਨੂੰ ਆਤਮ-ਹੱਤਿਆ ਜਾਂ ਖੁਦ ਨੂੰ ਨੁਕਸਾਨ ਪਹੁੰਚਾਉਣ ਦਾ ਖਦਸ਼ਾ ਉਨ੍ਹਾਂ ਲੋਕਾਂ ਦੇ ਮੁਕਾਬਲੇ ਕਰੀਬ 270 ਫੀਸਦੀ ਵੱਧ ਸੀ, ਜਿਨ੍ਹਾਂ ਨੂੰ ਇਹ ਨਹੀਂ ਸੀ।


Arun chopra

Content Editor

Related News