ਸਰਕਾਰ ਦੀ ਸਵੱਲੀ ਨਜ਼ਰ ਦੀ ਉਡੀਕ 'ਚ ਹੈ 'ਨਿੱਕੀਆਂ ਜਿੰਦਾਂ ਵੱਡੇ ਸਾਕੇ ਸਮਾਰਕ'

05/26/2020 11:47:45 AM

ਰੂਪਨਗਰ — ਕਾਂਗਰਸ ਸਰਕਾਰ ਨੂੰ ਸੱਤਾ 'ਚ ਆਏ ਸਾਢੇ ਤਿੰਨ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜ 'ਚ ਵੀ ਕਰੋੜਾਂ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤੇ ਗਏ ਕਈ ਅਜਿਹੇ ਪ੍ਰਾਜੈਕਟ ਹਨ, ਜੋ ਕਿ ਅਧਵੱਟੇ ਲਟਕੇ ਹੋਏ ਹਨ। ਇਸ ਦੇ ਇਲਾਵਾ ਅਕਾਲੀ-ਭਾਜਪਾ ਦੀ ਸਰਕਾਰ ਵੇਲੇਂ ਸ਼ੁਰੂ ਕੀਤੇ ਗਏ ਪ੍ਰਾਜੈਕਟ ਜਿਉਂ ਦੇ ਤਿਉਂ ਹੀ ਖੜ੍ਹੇ ਹਨ। ਜੇਕਰ ਗੱਲ ਕੀਤੀ ਜਾਵੇ ਰੂਪਨਗਰ ਜ਼ਿਲ੍ਹੇ ਦੇ ਬਲਾਕ ਮੋਰਿੰਡਾ ਦੇ ਪਿੰਡ ਸਹੇੜੀ ਦੀ ਤਾਂ ਇਥੇ 'ਨਿੱਕੀਆਂ ਜਿੰਦਾਂ ਵੱਡੇ ਸਮਾਰਕ' ਸਰਕਾਰ ਦੀ ਸਵੱਲੀ ਨਜ਼ਰ ਦੀ ਉਡੀਕ 'ਚ ਹੈ।

PunjabKesari
ਸਹੇੜੀ ਪਿੰਡ ਗੰਗੂ ਬ੍ਰਾਹਮਣ ਦਾ ਹੈ, ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਅਤੇ ਫਹਿਤ ਸਿੰਘ ਨੂੰ ਆਪਣੇ ਘਰ ਸਹੇੜੀ ਰੱਖ ਕੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਕੋਲ ਕੈਦ ਕਰਵਾਇਆ ਸੀ। ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਦੀ ਯਾਦ 'ਚ 14 ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਗਿਆ 'ਨਿੱਕੀਆਂ ਜਿੰਦਾਂ ਵੱਡੇ ਸਾਕੇ ਸਮਾਰਕ' ਨੂੰ ਅਣਗੋਲਿਆਂ ਕੀਤਾ ਹੋਇਆ ਹੈ। ਇਹ ਸਮਾਮਰਕ ਹੁਣ ਜੰਗਲ ਬਣ ਚੁੱਕਾ ਹੈ ਅਤੇ ਹੁਣ ਤਾਂ ਉਦਘਾਟਨੀ ਪੱਧਰ ਵੀ ਭੰਗ-ਬੂਟੀ ਨਾਲ ਘਿਰਿਆ ਹੋਇਆ ਹੈ। ਇਸ ਦੇ ਬਾਹਰ ਲੱਗਾ ਗੇਟ ਵੀ ਪੁਰੀ ਤਰ੍ਹਾਂ ਟੁੱਟ ਚੁੱਕਾ ਹੈ।

PunjabKesari

ਕੈਪਟਨ ਵੱਲੋਂ 2006 'ਚ ਇਸ ਸਮਾਰਕ ਦਾ ਕੀਤਾ ਗਿਆ ਸੀ ਉਦਘਾਟਨ
ਪਿੰਡ ਸਹੇੜੀ ਵਿਖੇ ਇਸ ਸਮਾਰਕ ਦਾ ਉਦਘਾਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਸ ਸਮੇਂ ਦੇ ਕੇਂਦਰੀ ਟੂਰਿਜ਼ਮ ਅਤੇ ਕਲਚਰ ਮੰਤਰੀ ਅੰਬਿਕਾ ਸੋਨੀ, ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਵੱਲੋਂ 21 ਦਸੰਬਰ 2006 'ਚ ਕੀਤਾ ਗਿਆ ਸੀ। ਉਸ ਸਮੇਂ ਰੂਪਨਗਰ ਦੇ ਡਿਪਟੀ ਕਮਿਸ਼ਨਰ ਅਲੋਖ ਸ਼ੇਖਰ ਸਨ। ਇਸ ਸਮਾਰਕ ਦਾ ਕੰਮ ਸ਼ੁਰੂ ਹੋਣ ਤੋਂ ਬਾਅਦ ਗਰਾਂਟਾਂ ਦੀ ਕਮੀ ਕਰਕੇ ਰੁਕ ਗਿਆ। ਹਾਲਾਂਕਿ 2007 'ਚ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਬਣੀ ਪਰ ਫਿਰ ਵੀ ਇਸ ਸਮਾਰਕ ਨੂੰ ਪੂਰਾ ਨਹੀਂ ਕੀਤਾ ਜਾ ਸਕਿਆ। ਹੁਣ ਵੀ ਤਿੰਨ ਸਾਲਾਂ ਤੋਂ ਕਾਂਗਰਸ ਸਰਕਾਰ ਹੈ ਅਤੇ ਕੋਈ ਵੀ ਗਰਾਂਟ ਸਮਾਰਕ ਦੇ ਅਧੂਰੇ ਕੰਮ ਲਈ ਜਾਰੀ ਨਹੀਂ ਕੀਤੀ ਗਈ ਹੈ।

PunjabKesari

ਪਿੰਡ ਸਹੇੜੀ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦਾ ਹਿੱਸਾ ਹੈ ਅਤੇ ਇਥੋਂ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਹਨ। ਇਸ ਹਲਕੇ ਤੋਂ ਚਰਨਜੀਤ ਸਿੰਘ ਚੰਨੀ ਲਗਾਤਾਰ 3 ਵਾਰ ਚੋਣਾਂ ਜਿੱਤਣ ਦੇ ਬਾਵਜੂਦ ਵੀ ਇਸ ਸਮਾਰਕ ਲਈ ਗਰਾਂਟ ਜਾਰੀ ਨਹੀਂ ਕਰ ਸਕੇ ਹਨ। ਕਾਂਗਰਸ ਸਰਕਾਰ ਜੋ ਪ੍ਰਾਜੈਕਟ ਪਹਿਲਾਂ ਤੋਂ ਸ਼ੁਰੂ ਕੀਤੇ ਗਏ ਹਨ, ਉਹ ਪੂਰੇ ਨਹੀਂ ਕਰ ਰਹੀ ਅਤੇ ਨਵੇਂ ਪ੍ਰਾਜੈਕਟ ਸ਼ੁਰੂ ਕਰ ਰਹੀ ਹੈ। ਹਾਲ ਹੀ 'ਚ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚਮਕੌਰ ਸਾਹਿਬ ਦੇ ਸੁੰਦਰੀਕਰਨ ਲਈ 47 ਕਰੋੜ ਰੁਪਏ ਦਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ ਪਰ ਸਹੇੜੀ ਦੇ ਸਮਾਰਕ ਲਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਹੈ। ਉਥੇ ਹੀ ਮੁੱਦੇ 'ਤੇ ਪਿੰਡ ਦੇ ਸਰਚੰਪ ਦਾ ਕਹਿਣਾ ਹੈ ਕਿ ਲਗਭਗ ਇਕ ਏਕੜ ਜ਼ਮੀਨ 'ਚ ਬਣੇ ਇਸ ਸਮਾਰਕ ਦਾ ਕੰਮ ਪੂਰਾ ਕਰਨ ਲਈ ਪੰਜਾਬ ਦੇ ਬਜਟ 'ਚ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਡੇਢ ਕਰੋੜ ਦੀ ਗਰਾਂਟ ਦੇਣ ਦਾ ਬਿਆਨ ਦਿੱਤਾ ਗਿਆ ਸੀ ਪਰ ਹਾਲੇ ਤੱਕ ਕੋਈ ਵੀ ਗਰਾਂਟ ਨਹੀਂ ਆਈ ਹੈ। ਇਸ ਸਮਾਰਕ ਦਾ ਕੰਮ ਸੈਰ-ਸਪਾਟਾ ਮਹਿਕਮੇ ਵੱਲੋਂ ਕਰਵਾਇਆ ਜਾਣਾ ਹੈ।


shivani attri

Content Editor

Related News