ਸ਼ਹੀਦੀ ਦਿਵਸ ਮੌਕੇ ਭਗਤ ਸਿੰਘ ਫੈਨ ਕਲੱਬ ਨੇ ਬੈਨਰ ਪਾ ਕੇ ਫੋਟੋ ਸੈਸ਼ਨ ਕਰਵਾਉਣ ''ਤੇ ਕੱਸਿਆ ਤੰਜ
Saturday, Mar 23, 2019 - 06:34 PM (IST)

ਜਲੰਧਰ,(ਸੋਨੂੰ)— ਵੱਖ-ਵੱਖ ਸਿਆਸੀ ਪਾਰਟੀਆਂ ਦੇ ਅਹੁਦੇਦਾਰਾਂ ਤੇ ਵਰਕਰਾਂ ਵੱਲੋਂ ਅੱਜ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਿੰਘ ਦੇ ਸ਼ਹੀਦੀ ਦਿਵਸ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸ਼ਹੀਦ ਭਗਤ ਚੌਕ 'ਤੇ ਸਥਿਤ ਸ਼ਹੀਦ ਦੇ ਬੁੱਤ ਨੂੰ ਫੁੱਲ ਭੇਟ ਕਰਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਸ ਦੌਰਾਨ ਸਿਆਸੀ ਪਾਰਟੀਆਂ ਦੀ ਗੁਟਬਾਜ਼ੀ ਸਾਫ ਨਜ਼ਰ ਆਈ।
ਸ਼ਰਧਾਜਲੀ ਦੇਣ ਲਈ ਵੱਖ-ਵੱਖ ਗੁਟਾਂ ਦੇ ਕਾਂਗਰਸੀ ਅਤੇ ਭਾਜਪਾ ਦੇ ਨੇਤਾ ਪਹੁੰਚੇ। ਇਸ ਦੌਰਾਨ ਭਗਤ ਸਿੰਘ ਫੈਨ ਕਲੱਬ ਨੇ ਬੈਨਰ ਪਹਿਨ ਫੋਟੋ ਸੈਸ਼ਨ ਕਰਵਾਉਣ 'ਤੇ ਤੰਜ ਕੱਸਿਆ। ਕਲੱਬ ਦੇ ਮੈਂਬਰਾਂ ਨੇ ਗਲੇ 'ਚ ਬੈਨਰ ਪਾ ਕੇ ਨੇਤਾਗਣ ਫੋਟੋ ਸੈਸ਼ਨ ਕਰਵਾਉਣ, ਜਲਦੀ ਫੋਟੋ ਖਿੱਚੋ ਫੇਸਬੁੱਕ 'ਤੇ ਪਾਉਣੀ ਹੈ ਸਮੇਤ ਤੰਜ ਕੱਸਦੇ ਹੋਏ ਕਈ ਸਲੋਗਨ ਲਿਖੇ। ਹਾਲਾਂਕਿ ਭਾਜਪਾ 'ਚ ਗੁਟਬੰਦੀ 'ਤੇ ਜ਼ਿਲਾ ਪ੍ਰਧਾਨ ਰਮਨ ਪੱਬੀ ਤੋਂ ਸਵਾਲ ਪੁੱਛੇ ਜਾਣ 'ਤੇ ਚੁੱਪੀ ਸਾਧ ਲਈ ਪਰ ਸ਼ਰਧਾ ਦੇ ਫੁੱਲ ਭੇਟ ਕਰਨ ਵਾਲੇ ਦੋਵੇਂ ਭਾਜਪਾਈਆਂ ਦੇ ਗੁਟਾਂ 'ਚ ਮਨੋਰੰਜਨ ਕਾਲੀਆ ਜ਼ਰੂਰ ਮੌਜੂਦ ਰਹੇ। ਫੈਨ ਕਲੱਬ ਦੇ ਪ੍ਰਧਾਨ ਮਨੀਸ਼ ਨੇ ਕਿਹਾ ਕਿ ਪੂਰਾ ਸਾਲ ਨੇਤਾਵਾਂ ਨੂੰ ਭਗਤ ਸਿੰਘ ਜੀ ਯਾਦ ਨਹੀਂ ਆਉਂਦੀ ਪਰ ਅੱਜ ਦੇ ਦਿਨ ਸ਼ਰਧਾਜਲੀ ਦੇ ਫੁੱਲ ਦੇਣ ਆ ਜਾਂਦੇ ਹਨ।
ਉਥੇ ਹੀ ਸੰਸਦ ਮੈਂਬਰ ਸੰਤੋਖ ਚੌਧਰੀ, ਰਮੇਸ਼ ਸ਼ਰਮਾ, ਆਪ' ਦੇ ਡਾ. ਸੰਜੀਵ ਸ਼ਰਮਾ ਨੇ ਕਲੱਬ ਦੇ ਮੈਂਬਰਾਂ ਦੇ ਕਦਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਲੋਕਤੰਤਰ ਹੈ, ਹਰ ਇਕ ਨੂੰ ਆਪਣੇ ਢੰਗ ਨਾਲ ਆਵਾਜ਼ ਚੁੱਕਣ ਦਾ ਹੱਕ ਹੈ ਪਰ ਇਹ ਨੌਜਵਾਨ ਖੁਦ ਵੀ ਫੋਟੋ ਸੈਸ਼ਨ 'ਚ ਆ ਰਹੇ ਹਨ। ਉਥੇ ਹੀ ਵਿਧਾਇਕ ਅਵਤਾਰ ਹੈਨਰੀ ਨੇ ਕਲੱਬ ਦੇ ਨੌਜਵਾਨਾਂ ਦੇ ਕਦਮ ਦੀ ਸ਼ਲਾਘਾ ਕੀਤੀ ਅਤੇ ਫੋਟੋ ਸੈਸ਼ਨ ਨਹੀਂ ਕਰਵਾਇਆ।