ਸ਼ਹੀਦ ਊਧਮ ਸਿੰਘ ਨਗਰ ਸੋਸਾਇਟੀ ਦਾ ਵਿਵਾਦ ਗਰਮਾਇਆ

Tuesday, Oct 01, 2019 - 11:12 AM (IST)

ਸ਼ਹੀਦ ਊਧਮ ਸਿੰਘ ਨਗਰ ਸੋਸਾਇਟੀ ਦਾ ਵਿਵਾਦ ਗਰਮਾਇਆ

ਜਲੰਧਰ (ਖੁਰਾਣਾ)— ਸ਼ਹਿਰ ਦੇ ਪਾਸ਼ ਇਲਾਕਿਆਂ 'ਚੋਂ ਗਿਣੇ ਜਾਂਦੇ ਸ਼ਹੀਦ ਊਧਮ ਸਿੰਘ ਨਗਰ ਦੀ ਸੋਸਾਇਟੀ ਦਾ ਵਿਵਾਦ ਪਿਛਲੇ ਕਈ ਸਾਲਾਂ ਤੋਂ ਜਾਰੀ ਹੈ ਅਤੇ ਇਨ੍ਹਾਂ ਦਿਨਾਂ 'ਚ ਫਿਰ ਵਿਵਾਦ ਉਸ ਸਮੇਂ ਪੈਦਾ ਹੋ ਗਿਆ ਜਦੋਂ ਐਡਹਾਕ ਕਮੇਟੀ ਦੇ ਕੁਝ ਮੈਂਬਰਾਂ ਨਾਲ ਮੀਟਿੰਗ ਕਰਕੇ ਸਲਵਾਨ ਨੂੰ ਕਾਰਜਕਾਰੀ ਪ੍ਰਧਾਨ ਐਲਾਨਿਆ ਗਿਆ। ਐਡਹਾਕ ਕਮੇਟੀ ਦੇ ਵਿਰੋਧ 'ਚ ਇਸ ਫੈਸਲੇ ਦੇ ਵਿਰੁੱਧ ਸੋਸਾਇਟੀ ਦੇ 4 ਸਾਬਕਾ ਪ੍ਰਧਾਨਾਂ ਪ੍ਰਦੁੱਮਣ ਸਿੰਘ ਠੁਕਰਾਲਾ, ਕੇ. ਕੇ. ਧਵਨ, ਅਮਰ ਅਹੂਜਾ ਅਤੇ ਡੀ. ਡੀ. ਵਰਮਾ ਨੇ ਅੱਜ ਆਪਸ 'ਚ ਮੀਟਿੰਗ ਕੀਤੀ ਅਤੇ ਸਪਸ਼ਟ ਸ਼ਬਦਾਂ 'ਚ ਕਿਹਾ ਕਿ ਐਡਹਾਕ ਕਮੇਟੀ ਵੱਲੋਂ ਬਣਾਇਆ ਗਿਆ ਨਵਾਂ ਪ੍ਰਧਾਨ ਅਸੰਵਿਧਾਨਕ ਹੈ। ਇਸ ਲਈ ਉਨ੍ਹਾਂ ਨੂੰ ਇਹ ਕਦੇ ਵੀ ਮਨਜ਼ੂਰ ਨਹੀਂ ਹੈ। ਉਨ੍ਹਾਂ 4 ਸਾਬਕਾ ਪ੍ਰਧਾਨਾਂ ਠੁਕਰਾਲ, ਧਵਨ, ਆਹੂਜਾ ਅਤੇ ਵਰਮਾ ਨੇ ਦੱਸਿਆ ਕਿ ਜੂਨ 2014 'ਚ ਚੁਣੇ ਗਏ ਪ੍ਰਧਾਨ ਨੂੰ ਸਿਰਫ 46 ਮੈਂਬਰਾਂ ਦੀ ਬੈਠਕ 'ਚ ਹਟਾ ਦਿੱਤਾ ਗਿਆ ਸੀ, ਜਦਕਿ ਵੋਟਰਾਂ ਦੀ ਗਿਣਤੀ 466 ਸੀ। ਉਸ ਸਮੇਂ ਇਕ 5 ਮੈਂਬਰੀ ਐਡਹਾਕ ਕਮੇਟੀ ਬਣਾਈ ਗਈ, ਜਿਸ 'ਚ ਵਿੱਦਿਆ ਸਾਗਰ, ਵਿਨੋਦ ਪੁਰੀ, ਰਾਜੀਵ ਕਪੂਰ, ਸਤਪਾਲ ਸਿੰਘ ਅਤੇ ਸ਼੍ਰੀ ਮੋਤੀ ਨੂੰ ਲਿਆ ਗਿਆ। ਇਨ੍ਹਾਂ 'ਚੋਂ ਸਤਪਾਲ ਸਿੰਘ ਵਿਦੇਸ਼ ਜਾ ਚੁੱਕਾ ਹੈ ਅਤੇ ਵਿਨੋਦ ਪੁਰੀ ਅਤੇ ਰਾਜੀਵ ਕਪੂਰ ਐਡਹਾਕ ਕਮੇਟੀ ਤੋਂ ਅਸਤੀਫਾ ਦੇ ਕੇ ਵੱਖ ਹੋ ਚੁੱਕੇ ਹਨ, ਸਿਰਫ 2 ਮੈਂਬਰ ਹੀ ਐਡਹਾਕ ਕਮੇਟੀ ਨੂੰ ਚਲਾ ਰਹੇ ਹਨ। 

ਠੁਕਰਾਲ ਨੇ ਕਿਹਾ ਕਿ ਕੋਈ ਵੀ ਐਡਹਾਕ ਕਮੇਟੀ ਬਦਲ ਵਜੋਂ ਕੁਝ ਦੇਰ ਲਈ ਬਣਾਈ ਜਾਂਦੀ ਹੈ ਤਾਂ ਕਿ ਚੋਣਾਂ ਕਰਵਾ ਕੇ ਨਵਾਂ ਪ੍ਰਧਾਨ ਬਣਾਇਆ ਜਾਵੇ ਪਰ ਕਾਲੋਨੀ 'ਚ 5 ਸਾਲ ਤੋਂ ਵੀ ਵੱਧ ਦੇ ਸਮੇਂ ਤੋਂ 2 ਮੈਂਬਰੀ ਕਮੇਟੀ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਐਡਹਾਕ ਕਮੇਟੀ ਦੀ ਇਕ ਮੀਟਿੰਗ 29 ਸਤੰਬਰ ਨੂੰ ਹੋਈ, ਜਿਸ ਦੌਰਾਨ ਸਲਵਾਨ ਨੂੰ ਕਾਰਜਕਾਰੀ ਪ੍ਰਧਾਨ ਐਲਾਨਿਆ ਗਿਆ, ਇਸ ਦਾ ਐਡਹਾਕ ਕਮੇਟੀ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਆਪਣਾ ਕਾਰਜਕਾਰੀ ਪ੍ਰਧਾਨ ਐਲਾਨੇ ਅਤੇ ਨਾ ਹੀ ਸੰਵਿਧਾਨਿਕ ਤੌਰ 'ਤੇ ਅਜਿਹੀ ਕੋਈ ਵਿਵਸਥਾ ਹੈ।


author

shivani attri

Content Editor

Related News