ਸ਼ਹੀਦ ਐਕਸਪ੍ਰੈੱਸ ''ਚੋਂ ਉਤਰੇ 31 ਨਗ ਜੀ. ਐੱਸ. ਟੀ. ਮੋਬਾਇਲ ਵਿੰਗ ਨੇ ਫੜਨੇ ਚਾਹੇ ਪਰ ਨਹੀਂ ਮਿਲੀ ਡਿਲਿਵਰੀ

12/03/2020 2:19:47 PM

ਜਲੰਧਰ (ਜ. ਬ., ਗੁਲਸ਼ਨ)— ਇਕ ਪਾਸੇ ਸਰਕਾਰ ਮਾਲੀਆ ਨਾ ਹੋਣ ਦਾ ਰੋਣਾ ਰੋਂਦੇ ਨਹੀਂ ਥੱਕਦੀ, ਉਥੇ ਹੀ ਦੂਜੇ ਪਾਸੇ ਜੇਕਰ ਸਰਕਾਰ ਦੇ ਮਹਿਕਮਾ ਮਾਲੀਆ ਚੋਰੀ ਦੇ ਮਾਮਲੇ 'ਚ ਕਾਰਵਾਈ ਕਰਨ ਲਈ ਫੀਲਡ 'ਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਸਰਕਾਰ ਦਾ ਹੀ ਦੂਜਾ ਮਹਿਕਮਾ ਕੰਮ ਕਰਨ ਤੋਂ ਰੋਕਦਾ ਹੈ। ਅਜਿਹਾ ਹੀ ਤਮਾਸ਼ਾ ਵੀਰਵਾਰ ਰਾਤ ਰੇਲਵੇ ਸਟੇਸ਼ਨ 'ਤੇ ਦੇਖਣ ਨੂੰ ਮਿਲਿਆ, ਜਿੱਥੇ ਜੀ. ਐੱਸ. ਟੀ. ਵਿਭਾਗ ਦੇ ਮੋਬਾਇਲ ਵਿੰਗ ਦੇ ਅਧਿਕਾਰੀ ਜੀ. ਐੱਸ. ਗਰਚਾ ਨੇ ਆਪਣੀ ਟੀਮ ਨਾਲ ਰੇਡ ਕੀਤੀ ਤੇ ਰੇਲਵੇ ਸਟੇਸ਼ਨ 'ਤੇ ਸ਼ਹੀਦ ਐਕਸਪ੍ਰੈੱਸ 'ਚੋਂ ਉਤਰੇ ਦਰਜਨਾਂ ਨਗਾਂ ਦੀ ਜਾਂਚ ਕਰਨ ਲਈ ਜਿਵੇਂ ਹੀ ਰੇਲਵੇ ਸਟੇਸ਼ਨ ਵਿਚ ਦਾਖਲ ਹੋਣਾ ਚਾਹਿਆ ਤਾਂ ਰੇਲਵੇ ਸੁਰੱਖਿਆ ਬਲ ਭਾਵ ਆਰ. ਪੀ. ਐੱਫ. ਦੇ ਕਰਮਚਾਰੀਆਂ ਨੇ ਜੀ. ਐੱਸ. ਟੀ. ਮਹਿਕਮੇ ਦੇ ਅਧਿਕਾਰੀ ਸਮੇਤ ਪੂਰੀ ਟੀਮ ਨੂੰ ਰੇਲਵੇ ਸਟੇਸ਼ਨ 'ਚ ਦਾਖ਼ਲ ਹੋਣ ਤੋਂ ਰੋਕ ਦਿੱਤਾ।

ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਆਬਕਾਰੀ ਵਿਭਾਗ ਦੇ ਸਹਾਇਕ ਕਮਿਸ਼ਨਰ ਮੋਬਾਇਲ ਵਿੰਗ ਗਰਚਾ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਹੀਦ ਐਕਸਪ੍ਰੈੱਸ 'ਚੋਂ ਦਰਜਨਾਂ ਟੈਕਸ ਚੋਰੀ ਦੇ ਨਗ ਰੇਲਵੇ ਸਟੇਸ਼ਨ 'ਤੇ ਉਤਰੇ ਹਨ, ਜਿਨ੍ਹਾਂ ਦੀ ਜਾਂਚ ਕਰਨ ਲਈ ਉਹ ਆਪਣੀ ਟੀਮ ਸਮੇਤ ਰੇਲਵੇ ਸਟੇਸ਼ਨ ਪਹੁੰਚੇ ਸਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਆਰ. ਪੀ. ਐੱਫ. ਦੀ ਡਿਊਟੀ ਤਾਂ ਰੇਲਵੇ ਸਟੇਸ਼ਨ 'ਤੇ ਹੋਣ ਵਾਲੇ ਗਲਤ ਕੰਮਾਂ ਨੂੰ ਰੋਕਣ ਦੀ ਹੈ ਪਰ ਆਰ. ਪੀ. ਐੱਫ. ਨੇ ਹੀ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਟੈਕਸ ਚੋਰੀ ਦੇ ਮਾਲ ਦੀ ਜਾਂਚ ਕਰਨ ਤੋਂ ਰੋਕਿਆ।

PunjabKesari

ਉਥੇ ਹੀ ਦੂਜੇ ਪਾਸੇ ਜਦੋਂ ਰੇਲਵੇ ਸਟੇਸ਼ਨ ਤੋਂ ਕੁਝ ਪਾਸਰਾਂ ਵੱਲੋਂ ਨਗਾਂ ਨੂੰ ਬਾਹਰ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਆਬਕਾਰੀ ਮਹਿਕਮੇ ਦੇ ਮੋਬਾਇਲ ਵਿੰਗ ਨੇ ਉਨ੍ਹਾਂ ਨੂੰ ਕਬਜ਼ੇ 'ਚ ਲੈ ਲਿਆ। ਗਰਚਾ ਨੇ ਦੱਸਿਆ ਕਿ ਉਨ੍ਹਾਂ ਨੇ 5 ਨਗ ਕਬਜ਼ੇ ਵਿਚ ਲਏ ਹਨ, ਜਦਕਿ ਹੋਰ ਦਰਜਨਾਂ ਨਗ ਰੇਲਵੇ ਸਟੇਸ਼ਨ 'ਤੇ ਹੀ ਪਏ ਹਨ, ਜਿਨ੍ਹਾਂ ਦੀ ਨਾ ਤਾਂ ਗਿਣਤੀ ਹੀ ਉਨ੍ਹਾਂ ਨੂੰ ਕਰਨ ਦਿੱਤੀ ਗਈ ਅਤੇ ਨਾ ਹੀ ਉਨ੍ਹਾਂ ਨੂੰ ਆਪਣੇ ਕਬਜ਼ੇ ਵਿਚ ਲੈਣ ਦੀ ਇਜਾਜ਼ਤ ਹੀ ਦਿੱਤੀ ਗਈ।

ਮੌਕੇ 'ਤੇ ਮੌਜੂਦ ਆਰ. ਪੀ. ਐੱਫ. ਦੇ ਏ. ਐੱਸ. ਆਈ. ਬਿਸ਼ੰਭਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੀਨੀਅਰ ਅਧਿਕਾਰੀਆਂ ਵੱਲੋਂ ਨਿਰਦੇਸ਼ ਮਿਲੇ ਹਨ ਕਿ ਕਿਸੇ ਨੂੰ ਵੀ ਇਨ੍ਹਾਂ ਨਗਾਂ ਨਾਲ ਛੇੜਖਾਨੀ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰੇਲਵੇ ਦੇ ਨਿਯਮਾਂ ਅਨੁਸਾਰ ਜੋ ਨਗ ਰੇਲ ਵਿਚੋਂ ਉਤਰੇ ਹਨ, ਉਨ੍ਹਾਂ ਨੂੰ ਉਹੀ ਲਿਜਾ ਸਕਣਗੇ, ਜਿਨ੍ਹਾਂ ਦੇ ਨਾਂ 'ਤੇ ਬਿਲਟੀ ਹੋਵੇਗੀ। ਉਨ੍ਹਾਂ ਕਿਹਾ ਕਿ ਬਿਨਾਂ ਇਜਾਜ਼ਤ ਲਏ ਇਹ ਨਗ ਉਹ ਕਿਸੇ ਦੇ ਹਵਾਲੇ ਨਹੀਂ ਕਰ ਸਕਦੇ ਪਰ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜੋ ਨਗ ਫੜੇ ਗਏ ਹਨ, ਉਹ ਕਿਵੇਂ ਬਾਹਰ ਨਿਕਲੇ ਤਾਂ ਉਨ੍ਹਾਂ ਨੇ ਕਿਹਾ ਕਿ ਰੇਲਵੇ ਸਟੇਸ਼ਨ ਤੋਂ ਬਾਹਰ ਮਾਲ ਜਾਣ 'ਤੇ ਜੀ. ਐੱਸ. ਟੀ. ਵਿਭਾਗ ਉਸਦੀ ਜਾਂਚ ਵੀ ਕਰ ਸਕਦਾ ਹੈ ਅਤੇ ਉਸ ਨੂੰ ਫੜ ਵੀ ਸਕਦਾ ਹੈ ਪਰ ਰੇਲਵੇ ਸਟੇਸ਼ਨ 'ਤੇ ਕਿਸੇ ਨੂੰ ਛੇੜਨ ਨਹੀਂ ਦੇਵਾਂਗੇ। ਉਨ੍ਹਾਂ ਨੇ ਜੀ. ਐੱਸ. ਟੀ. ਮਹਿਕਮੇ ਦੇ ਕਰਮਚਾਰੀਆਂ ਨੂੰ ਰੇਲਵੇ ਸਟੇਸ਼ਨ ਵਿਚ ਦਾਖਲ ਹੀ ਨਹੀਂ ਹੋਣ ਦਿੱਤਾ।

ਜਾਣਕਾਰੀ ਦਿੰਦੇ ਹੋਏ ਬਿਸ਼ੰਭਰ ਸਿੰਘ ਨੇ ਕਿਹਾ ਕਿ ਸ਼ਹੀਦ ਐਕਸਪ੍ਰੈੱਸ ਵਿਚੋਂ 25 ਨਗ ਸਟੇਸ਼ਨ 'ਤੇ ਉਤਰੇ ਸਨ, ਜਿਨ੍ਹਾਂ ਵਿਚੋਂ 8 ਦੀ ਡਲਿਵਰੀ ਹੋ ਚੁੱਕੀ ਹੈ। 5 ਨਗ ਤਾਂ ਜੀ. ਐੱਸ. ਟੀ. ਵਿਭਾਗ ਦੇ ਮੋਬਾਇਲ ਵਿੰਗ ਨੇ ਆਪਣੇ ਕਬਜ਼ੇ ਵਿਚ ਲੈ ਲਏ। ਬਾਕੀ ਦੇ 3 ਨਗਾਂ ਦੀ ਡਲਿਵਰੀ ਕਿਥੇ ਹੋਈ, ਉਸ ਦੀ ਜਾਣਕਾਰੀ ਨਹੀਂ ਦਿੱਤੀ ਗਈ।

ਪਹਿਲਾਂ ਵੀ ਰੇਲਵੇ ਸਟੇਸ਼ਨ 'ਤੇ ਜੀ. ਐੱਸ. ਟੀ. ਵਿਭਾਗ ਦੀ ਚੈਕਿੰਗ ਨੂੰ ਲੈ ਕੇ ਹੋਇਆ ਸੀ ਖੂਬ ਹੰਗਾਮਾ
ਇਥੇ ਵਰਣਨਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਵੀ ਜਦੋਂ ਜੀ. ਐੱਸ. ਟੀ. ਮਹਿਕਮੇ ਦੇ ਅਧਿਕਾਰੀ ਜੀ. ਐੱਸ. ਗਰਚਾ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਰੇਲਵੇ ਸਟੇਸ਼ਨ 'ਤੇ ਦਰਜਨਾਂ ਨਗਾਂ ਨੂੰ ਬਿਨਾਂ ਬਿੱਲ ਦੇ ਫੜਿਆ ਸੀ ਤਾਂ ਉਦੋਂ ਵੀ ਆਰ. ਪੀ. ਐੱਫ. ਨੇ ਉਨ੍ਹਾਂ ਨੂੰ ਉਹ ਸਾਰੇ ਨਗ ਕਬਜ਼ੇ 'ਚ ਨਹੀਂ ਲੈਣ ਦਿੱਤੇ ਸਨ, ਸਗੋਂ ਉਦੋਂ ਤਾਂ ਪਾਸਰਾਂ ਦੀ ਯੂਨੀਅਨ ਨੇ ਇਕੱਠੇ ਹੋ ਕੇ ਆਬਕਾਰੀ ਮਹਿਕਮੇ ਦੇ ਅਧਿਕਾਰੀਆਂ ਦਾ ਵਿਰੋਧ ਵੀ ਕੀਤਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਟੈਕਸ ਚੋਰੀ ਰੋਕਣਾ ਸਰਕਾਰ ਦਾ ਕੰਮ ਹੈ ਅਤੇ ਟੈਕਸ ਚੋਰੀ ਨੂੰ ਲੈ ਕੇ ਸਰਕਾਰ ਦੇ ਹੀ 2 ਵਿਭਾਗ ਇਕ ਵਾਰ ਫਿਰ ਤੋਂ ਆਹਮੋ-ਸਾਹਮਣੇ ਖੜ੍ਹੇ ਦਿਖਾਈ ਦੇ ਰਹੇ ਹਨ। ਮਾਮਲੇ ਬਾਰੇ ਗਰਚਾ ਨੇ ਕਿਹਾ ਕਿ ਉਨ੍ਹਾਂ ਨੇ ਸਾਰੇ ਨਗਾਂ ਨੂੰ ਕਬਜ਼ੇ ਵਿਚ ਲੈਣ ਲਈ ਇਕ ਨੋਟਿਸ ਰੇਲਵੇ ਦੇ ਅਧਿਕਾਰੀ ਨੂੰ ਸੌਂਪਣ ਲਈ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਫੋਨ ਨਹੀਂ ਉਠਾਇਆ, ਇਸ ਲਈ ਉਨ੍ਹਾਂ ਨੇ ਇਸ ਮਾਮਲੇ ਵਿਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


shivani attri

Content Editor

Related News