Shaadi.Com 'ਤੇ ਜੀਵਨ ਸਾਥੀ ਭਾਲਣ ਵਾਲੀਆਂ ਕੁੜੀਆਂ ਹੋ ਜਾਣ ਸਾਵਧਾਨ!, ਪੜ੍ਹੋ ਪੂਰਾ ਮਾਮਲਾ
Monday, Dec 11, 2023 - 03:20 AM (IST)
ਗੁਰਾਇਆ (ਮੁਨੀਸ਼)- ਜੇਕਰ ਤੁਹਾਡੀ ਬੇਟੀ ਵੀ ਵਿਦੇਸ਼ ਜਾਣ ਲਈ ਵਿਆਹ ਲਈ ਸੋਸ਼ਲ ਮੀਡੀਆ ਜਾਂ ਸ਼ਾਦੀ ਡਾਟ ਕਾਮ ’ਤੇ ਆਪਣੀ ਪ੍ਰੋਫਾਈਲ ਪੋਸਟ ਕਰਕੇ ਆਪਣੇ ਜੀਵਨ ਸਾਥੀ ਦੀ ਭਾਲ ਕਰ ਰਹੀ ਹੈ ਤਾਂ , ਉਹ ਕੁੜੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਇਹ ਖ਼ਬਰ ਜ਼ਰੂਰ ਪੜ੍ਹ ਲੈਣ। ਇਹ ਖ਼ਬਰ ਉਨ੍ਹਾਂ ਦੇ ਹੋਸ਼ ਉਡਾ ਦੇਵੇਗੀ ਅਤੇ ਇਹ ਖ਼ਬਰ ਉਨ੍ਹਾਂ ਕੁੜੀਆਂ ਦੇ ਵੀ ਹੋਸ਼ ਉਡਾ ਦੇਵੇਗੀ ਜੋ ਇਸ ਧੋਖੇਬਾਜ਼ ਦੇ ਜਾਲ ਵਿਚ ਫਸ ਗਈਆਂ। ਕਈ ਕੁੜੀਆਂ ਨੇ ਵਿਦੇਸ਼ ਜਾਣ ਦੇ ਚੱਕਰ 'ਚ ਇਸ ਠੱਗ ਨੂੰ ਲੱਖਾਂ ਰੁਪਏ ਦਿੱਤੇ ਹਨ ਅਤੇ ਹੁਣ ਤੱਕ ਬਹੁਤ ਸਾਰੀਆਂ ਕੁੜੀਆਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਹ ਇਸ ਧੋਖਾਧੜੀ ਦਾ ਸ਼ਿਕਾਰ ਹੋ ਗਈਆਂ ਹਨ।
ਇਹ ਹੈ ਮਾਮਲਾ
ਗੁਰਾਇਆ ਪੁਲਸ ਨੇ ਇੱਕ ਅਜਿਹੇ ਸ਼ਾਤਰ ਠੱਗ ਨੂੰ ਕਾਬੂ ਕੀਤਾ ਹੈ, ਜਿਸ ਨੇ ਕੈਨੇਡਾ ਦਾ ਨਾਗਰਿਕ ਹੋਣ ਦਾ ਦੱਸ ਕਿ ਸ਼ਾਦੀ ਡਾਟ ਕਾਮ ’ਤੇ ਆਪਣੀ ਪ੍ਰੋਫਾਈਲ ਪੋਸਟ ਕਰਕੇ ਪੰਜਾਬ, ਚੰਡੀਗੜ੍ਹ ਅਤੇ ਦਿੱਲੀ ਦੀਆਂ 50 ਦੇ ਕਰੀਬ ਕੁੜੀਆਂ ਨਾਲ ਠੱਗੀ ਮਾਰੀ ਹੈ ਅਤੇ ਕਈਆਂ ਨਾਲ ਸਰੀਰਕ ਸਬੰਧ ਵੀ ਬਣਾਏ ਹਨ। ਇਹ ਸੂਚੀ ਅਜੇ ਹੋਰ ਲੰਬੀ ਹੁੰਦੀ ਜਾ ਰਹੀ ਹੈ। ਐੱਸ.ਐੱਚ.ਓ. ਗੁਰਾਇਆ ਸੁਖਦੇਵ ਸਿੰਘ ਨੇ ਦੱਸਿਆ ਕਿ ਇੱਕ ਕੁੜੀ ਨੇ ਹਿੰਮਤ ਜੁਟਾ ਕੇ ਸ਼ਿਕਾਇਤ ਕੀਤੀ ਸੀ ਕਿ ਇੱਕ ਨੌਜਵਾਨ ਨੇ ਕੈਨੇਡਾ ਦਾ ਨਾਗਰਿਕ ਹੋਣ ਦਾ ਦਾਅਵਾ ਕਰਦਿਆਂ ਉਸ ਨਾਲ 1 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ ਅਤੇ ਉਸ ਤੋਂ 60 ਹਜ਼ਾਰ ਰੁਪਏ ਹੋਰ ਮੰਗ ਰਿਹਾ ਹੈ ਤੇ ਉਸਦੇ ਜਰੂਰੀ ਕਾਗਜ਼ਾਤ ਵੀ ਉਸ ਕੋਲ ਹਨ। ਇਸ ਤੋਂ ਬਾਅਦ ਐੱਸ.ਐੱਚ.ਓ. ਗੁਰਾਇਆ ਸੁਖਦੇਵ ਸਿੰਘ ਨੇ ਨੌਜਵਾਨ ਖਿਲਾਫ ਮਾਮਲਾ ਦਰਜ ਕਰ ਲਿਆ। ਦੋਸ਼ੀ ਖਿਲਾਫ ਮੁਕੱਦਮਾ ਦਰਜ ਕਰਕੇ ਉਕਤ ਠੱਗ ਨੂੰ ਗ੍ਰਿਫਤਾਰ ਕਰ ਲਿਆ ਹੈ।
ਗ੍ਰਿਫਤਾਰੀ ਤੋਂ ਬਾਅਦ ਪੁੱਛਗਿੱਛ ਦੌਰਾਨ ਹੋਏ ਖੁਲਾਸੇ ਬਹੁਤ ਹੀ ਹੈਰਾਨੀਜਨਕ ਹਨ। ਉਸ ਦੀ ਪਛਾਣ ਹਰਪਾਲ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਬੀਹਾਲਾ ਥਾਣਾ ਟੱਲੇਵਾਲ ਜ਼ਿਲ੍ਹਾ ਬਰਨਾਲਾ ਵਜੋਂ ਹੋਈ ਹੈ, ਜੋ ਭੋਲੀਆਂ-ਭਾਲੀਆਂ ਕੁੜੀਆਂ ਨੂੰ ਆਪਣੇ ਵੱਖ-ਵੱਖ ਨਾਂ ਦੱਸਦਾ ਸੀ ਅਤੇ shaadi.com ’ਤੇ ਉਸ ਦੀ ਪ੍ਰੋਫਾਈਲ ਸੰਦੀਪ ਸਿੰਘ ਕੈਨੇਡਾ ਦੇ ਨਾਂ ’ਤੇ ਬਣੀ ਹੋਈ ਸੀ।
ਇਹ ਵੀ ਪੜ੍ਹੋ- ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਲੜੀ ਦਾ ਪਹਿਲਾ ਟੀ-20 ਮੁਕਾਬਲਾ ਮੀਂਹ ਕਾਰਨ ਹੋਇਆ ਰੱਦ
ਹੁਣ ਤੱਕ 50 ਦੇ ਕਰੀਬ ਕੁੜੀਆਂ ਦਾ ਪਰਦਾਫਾਸ਼ ਹੋ ਚੁੱਕਾ ਹੈ ਅਤੇ ਲਿਸਟ ਲੰਬੀ ਹੁੰਦੀ ਜਾ ਰਹੀ ਹੈ
ਐੱਸ.ਐੱਚ.ਓ. ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਸ ਦੀ ਹੁਣ ਤੱਕ ਕੀਤੀ ਪੁੱਛਗਿੱਛ ਅਤੇ ਇਸ ਦੇ ਫੋਨ 'ਤੇ ਆ ਰਹੀਆਂ ਕਾਲਾਂ ਤੋਂ 50 ਦੇ ਕਰੀਬ ਅਜਿਹੀਆਂ ਕੁੜੀਆਂ ਦਾ ਖੁਲਾਸਾ ਹੋਇਆ ਹੈ, ਜਿਨ੍ਹਾਂ ਨੂੰ ਉਹ ਆਪਣੇ ਜਾਲ ’ਚ ਫਸਾ ਕੇ ਵਿਆਹ ਕਰਵਾ ਕੇ ਉਨ੍ਹਾਂ ਨੂੰ ਕੈਨੇਡਾ ਲੈ ਕੇ ਜਾਣ ਦੇ ਸੁਪਨੇ ਦਿਖਾ ਰਿਹਾ ਹੈ। ਉਹ ਹੁਣ ਤੱਕ ਕੁੜੀਆਂ ਨਾਲ 60 ਲੱਖ ਰੁਪਏ ਦੀ ਠੱਗੀ ਵੀ ਮਾਰ ਚੁੱਕਾ ਹੈ। ਜਿਨ੍ਹਾਂ ਕੁੜੀਆਂ ਨੂੰ ਉਸ ਨੇ ਆਪਣੇ ਜਾਲ ਵਿੱਚ ਫਸਾ ਲਿਆ ਹੈ, ਉਨ੍ਹਾਂ ਵਿੱਚ ਬੈਂਕ ਦੇ ਸਹਾਇਕ ਮੈਨੇਜਰ, ਨਰਸਾਂ, ਇਮੀਗ੍ਰੇਸ਼ਨ ਦਾ ਕੰਮ ਕਰਦੀ ਕੁੜੀਆਂ ਅਤੇ ਇੱਥੋਂ ਤੱਕ ਕਿ ਪ੍ਰੋਫੈਸਰ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਕਈਆਂ ਨੇ ਇਸ ਦੀਆਂ ਗੱਲਾਂ ਚ ਆ ਕਿ ਆਪਣੀ ਨੌਕਰੀ ਵੀ ਛੱਡ ਦਿੱਤੀ ਹੈ। ਗੁਰਾਇਆ ਥਾਣੇ ਵਿੱਚ ਹੁਣ ਤੱਕ ਇਸ ਦਾ ਸ਼ਿਕਾਰ ਹੋਈਆਂ ਪੰਜ ਕੁੜੀਆਂ ਅੱਗੇ ਆ ਚੁੱਕੀਆਂ ਹਨ ਅਤੇ ਕੁਝ ਡਰ ਕਾਰਨ ਅੱਗੇ ਨਹੀਂ ਆ ਰਹੀਆਂ ਹਨ।
ਕੁੜੀਆਂ ਤੋਂ ਕਾਰ, ਮੋਬਾਈਲ ਤੇ ਹੋਰ ਤੋਹਫੇ ਵੀ ਲੈ ਚੁੱਕਾ ਹੈ ਠੱਗ
ਪੁਲਸ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਇਹ ਠੱਗ ਕੋਈ ਕੰਮ ਨਹੀਂ ਕਰਦਾ, ਜਿਸ ਦੇ ਪਿਤਾ ਦੀ ਪਿੰਡ ’ਚ ਛੋਟੀ ਜਿਹੀ ਦੁਕਾਨ ਹੈ, ਉਸ ਦੀਆਂ ਦੋ ਭੈਣਾਂ ਹਨ। ਇਸਨੇ ਕੁੜੀਆਂ ਤੋਂ ਪੈਸੇ ਲੈ ਕਿ ਇੱਕ ਵਰਨਾ ਕਾਰ ਲਈ ਹੈ। ਇਸ ਤੋਂ ਇਲਾਵਾ ਵੱਖ-ਵੱਖ ਕੁੜੀਆਂ ਤੋਂ ਦੋ ਮਹਿੰਗੇ ਐਪਲ ਮੋਬਾਈਲ ਵੀ ਲਏ ਹਨ।
ਨਾ ਤਾਂ ਕਦੇ ਕੈਨੇਡਾ ਗਿਆ ਹੈ ਅਤੇ ਨਾ ਹੀ ਉਸ ਕੋਲ ਵੀਜ਼ਾ ਹੈ, ਕੈਨੇਡਾ ਦਾ ਜਾਅਲੀ ਵੀਜ਼ਾ ਦਿਖਾ ਕੇ ਕੁੜੀਆਂ ਨੂੰ ਭਰਮਾਉਂਦਾ ਸੀ
ਪੁਲਸ ਪੁੱਛਗਿੱਛ ’ਚ ਹੈਰਾਨੀਜਨਕ ਖੁਲਾਸੇ ਇਹ ਵੀ ਹੋਏ ਹਨ ਕਿ ਸੰਦੀਪ ਸਿੰਘ ਦੇ ਨਾਂ ’ਤੇ ਆਈ.ਡੀ. ਬਣਾਉਣ ਵਾਲਾ ਹਰਪਾਲ ਸਿੰਘ ਅੱਜ ਤੱਕ ਕਦੇ ਕੈਨੇਡਾ ਨਹੀਂ ਗਿਆ ਅਤੇ ਨਾ ਹੀ ਉਸ ਕੋਲ ਕੈਨੇਡਾ ਦਾ ਵੀਜ਼ਾ ਹੈ। ਕੁੜੀਆਂ ਨੂੰ ਫਸਾਉਣ ਲਈ ਉਸ ਨੇ ਗੂਗਲ ਰਾਹੀਂ ਜਾਅਲੀ ਵੀਜ਼ਾ ਬਣਵਾਇਆ ਹੋਇਆ ਹੈ। ਇਸ ਤੋਂ ਇਲਾਵਾ ਉਸ ਨੇ ਹਰਮਨ ਸਿੰਘ ਦੇ ਨਾਂ ’ਤੇ ਜਾਅਲੀ ਆਧਾਰ ਕਾਰਡ ਬਣਾ ਕੇ ਇਕ ਫਰਜ਼ੀ ਕੋਵਿਡ ਸ਼ੀਟ ਬਣਾਈ ਹੈ, ਜਿਸ ਨੂੰ ਪੁਲਸ ਨੇ ਬਰਾਮਦ ਕਰ ਲਿਆ ਹੈ। ਇਸ ਤੋਂ ਇਲਾਵਾ ਇੱਕ ਕੁੜੀ ਦੇ ਭਰਾ ਦਾ ਇੱਕ ਆਈ.ਡੀ. ਕਾਰਡ ਵੀ ਬਰਾਮਦ ਕੀਤਾ ਗਿਆ ਹੈ, ਜਿਸ ਰਾਹੀਂ ਇਹ ਸਾਰੇ ਟੋਲ ਪਲਾਜ਼ਿਆਂ ’ਤੋਂ ਮੁਫ਼ਤ ਨਿਕਲਦਾ ਸੀ।
ਇਹ ਵੀ ਪੜ੍ਹੋ- U-19 ਏਸ਼ੀਆ ਕੱਪ : ਪਾਕਿਸਤਾਨ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ, ਸੈਮੀਫਾਈਨਲ 'ਚ ਕੀਤਾ ਪ੍ਰਵੇਸ਼
ਹਰਪਾਲ ਪਹਿਲਾਂ ਹੀ ਸ਼ਾਦੀਸ਼ੁਦਾ ਹੈ, ਜਿਸਦਾ ਤਲਾਕ ਦਾ ਕੇਸ ਉਸਦੀ ਪਤਨੀ ਨਾਲ ਚੱਲ ਰਿਹਾ ਹੈ
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਰਪਾਲ ਨੇ ਸ਼ਾਦੀ ਡਾਟ ਕਾਮ ਰਾਹੀਂ ਵਿਆਹ ਕਰਵਾਇਆ ਹੈ ਤੇ ਉਸ ਦੀ ਆਪਣੀ ਪਤਨੀ ਨਾਲ ਨਹੀਂ ਬਣਦੀ ਅਤੇ ਜਿਸਦਾ ਤਲਾਕ ਦਾ ਕੇਸ ਉਸਦੀ ਪਤਨੀ ਨਾਲ ਅਦਾਲਤ ਵਿੱਚ ਚੱਲ ਰਿਹਾ ਹੈ।
ਪੁਲਸ ਨੇ ਕੀਤਾ ਮਾਮਲਾ ਦਰਜ
ਪੀੜਤ ਲੜਕੀ ਦੇ ਬਿਆਨਾਂ ਦੇ ਆਧਾਰ ’ਤੇ ਗੁਰਾਇਆ ਪੁਲਸ ਨੇ ਹਰਪਾਲ ਸਿੰਘ ਖਿਲਾਫ਼ ਗੁਰਾਇਆ ਥਾਣੇ ’ਚ ਧਾਰਾ 420, 380, 386, 465, 468, 471, 376 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਜਿਸ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਇਸ ਦੌਰਾਨ ਪੁੱਛਗਿੱਛ ਰਾਹੀਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਗੋਇੰਦਵਾਲ ਜੇਲ੍ਹ ਤੋਂ ਚੱਲ ਰਹੇ ਡਰੱਗ ਨੈੱਟਵਰਕ ਦਾ ਪਰਦਾਫਾਸ਼, ਮੁਲਜ਼ਮ ਗ੍ਰਿਫਤਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8