ਸੀਵਰ ਲਾਈਨਾਂ ਦੀ ਸੁਪਰ-ਸਕਸ਼ਨ ਮਸ਼ੀਨਾਂ ਨਾਲ ਸਫਾਈ ਦੌਰਾਨ ਵੱਡਾ ਘਪਲਾ ਆਇਆ ਸਾਹਮਣੇ

06/19/2021 3:11:10 PM

ਜਲੰਧਰ (ਖੁਰਾਣਾ)– ਜਲੰਧਰ ਵਿਚ ਸਾਲਾਂ ਪੁਰਾਣੀਆਂ ਸੀਵਰ ਲਾਈਨਾਂ ਨੂੰ ਸੁਪਰ-ਸਕਸ਼ਨ ਮਸ਼ੀਨਾਂ ਨਾਲ ਸਾਫ਼ ਕਰਵਾਉਣ ਦੇ ਕੰਮ ਵਿਚ ਇਕ ਵੱਡਾ ਘਪਲਾ ਸਾਹਮਣੇ ਆਇਆ ਹੈ, ਜਿਸ ਕਾਰਨ ਨਿਗਮ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗਣ ਦੇ ਆਸਾਰ ਹਨ। ਜ਼ਿਕਰਯੋਗ ਹੈ ਕਿ ਜਦੋਂ ਪੁਰਾਣੀਆਂ ਸੀਵਰ ਲਾਈਨਾਂ ਦੀ ਗਾਰ ਨੂੰ ਕੱਢਣ ਲਈ ਸੁਪਰ-ਸਕਸ਼ਨ ਤਕਨੀਕ ਸ਼ੁਰੂ ਕੀਤੀ ਗਈ ਸੀ, ਉਦੋਂ ਨਿਗਮ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਅਤਿ-ਆਧੁਨਿਕ ਮਸ਼ੀਨਾਂ ਜ਼ਰੀਏ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਸੀਵਰ ਲਾਈਨਾਂ ਵਿਚ ਪੂਰੀ ਤਰ੍ਹਾਂ ਜੰਮੀ ਹੋਈ ਗਾਰ ਕੱਢ ਕੇ ਇਨ੍ਹਾਂ ਲਾਈਨਾਂ ਨੂੰ ਬਿਲਕੁਲ ਨਵੀਂ ਵਰਗਾ ਬਣਾ ਦਿੱਤਾ ਜਾਵੇਗਾ। ਹੁਣ ਤੱਕ ਨਗਰ ਨਿਗਮ ਸੁਪਰ-ਸਕਸ਼ਨ ਮਸ਼ੀਨਾਂ ਨਾਲ ਸੀਵਰ ਦੀ ਸਫਾਈ ਦੇ ਨਾਂ ’ਤੇ ਲਗਭਗ 10 ਕਰੋੜ ਰੁਪਏ ਖਰਚ ਕਰ ਚੁੱਕਾ ਹੋਵੇਗਾ ਪਰ ਹੁਣ ਇਸ ਸਾਰੇ ਕੰਮ ਨੇ ਇਕ ਘਪਲੇ ਦਾ ਰੂਪ ਲੈ ਲਿਆ ਹੈ।

ਇਹ ਵੀ ਪੜ੍ਹੋ: ਬੇਗੋਵਾਲ 'ਚ ਖ਼ੌਫ਼ਨਾਕ ਵਾਰਦਾਤ, 23 ਸਾਲ ਦੇ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ

ਭਾਜਪਾ ਕੌਂਸਲਰ ਵੀਰੇਸ਼ ਮਿੰਟੂ ਨੇ ਮੌਕੇ ’ਤੇ ਇਹ ਘਪਲਾ ਫੜਿਆ ਅਤੇ ਦੱਸਿਆ ਕਿ ਸੁਪਰ-ਸਕਸ਼ਨ ਮਸ਼ੀਨਾਂ ਨਾਲ ਵੈਸਟ ਵਿਧਾਨ ਸਭਾ ਹਲਕੇ ਅਧੀਨ ਪੈਂਦੀ ਕਾਲਾ ਸੰਘਿਆਂ ਰੋਡ ਦੀ ਸਫਾਈ ਦਾ ਕੰਮ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਹ ਮਸ਼ੀਨਾਂ ਘਾਹ ਮੰਡੀ ਚੌਕ ਤੋਂ ਸਫ਼ਾਈ ਕਰ ਰਹੇ ਅੱਗੇ ਵਧ ਰਹੀਆਂ ਸਨ ਪਰ ਹੈਰਾਨੀਜਨਕ ਗੱਲ ਇਹ ਸੀ ਕਿ ਸੀਵਰੇਜ ਦੇ ਇਕ ਚੈਂਬਰ ਵਿਚੋਂ ਗਾਰ ਕੱਢ ਕੇ ਟੈਂਕਰ ਵਿਚ ਭਰ ਕੇ ਠੇਕੇਦਾਰ ਵੱਲੋਂ ਉਸ ਗਾਰ ਨੂੰ ਅਗਲੀ ਸੀਵਰ ਲਾਈਨ ਵਿਚ ਹੀ ਪਾਇਆ ਜਾ ਰਿਹਾ ਸੀ ਅਤੇ ਜਦੋਂ ਉਸ ਨੂੰ ਮੌਕੇ ’ਤੇ ਫੜਿਆ ਗਿਆ, ਉਦੋਂ ਉਹ ਅਗਲੀ ਲਾਈਨ ਵਿਚ ਸੀਵਰੇਜ ਦਾ ਢੱਕਣ ਚੁੱਕ ਕੇ ਉਸ ਵਿਚ ਸਾਰੀ ਗਾਰ ਪਲਟ ਰਿਹਾ ਸੀ।

ਇਹ ਵੀ ਪੜ੍ਹੋ:  ਪਿਓ-ਧੀ ਦਾ ਰਿਸ਼ਤਾ ਤਾਰ-ਤਾਰ, 3 ਸਾਲ ਤੱਕ ਧੀ ਨਾਲ ਮਿਟਾਉਂਦਾ ਰਿਹਾ ਹਵਸ ਦੀ ਭੁੱਖ, ਇੰਝ ਖੁੱਲ੍ਹਿਆ ਭੇਤ

ਉਨ੍ਹਾਂ ਦੱਸਿਆ ਕਿ ਨਿਯਮ ਅਨੁਸਾਰ ਠੇਕੇਦਾਰ ਨੇ ਸੀਵਰ ਲਾਈਨਾਂ ਵਿਚੋਂ ਕੱਢੀ ਗਾਰ ਕਿਸੇ ਨਿਸ਼ਚਿਤ ਥਾਂ ’ਤੇ ਜਾ ਕੇ ਸੁੱਟਣੀ ਹੁੰਦੀ ਹੈ, ਜਿਸ ਲਈ ਉਸਨੂੰ ਕਾਫੀ ਪੈਸੇ ਵੀ ਮਿਲਦੇ ਹਨ ਪਰ ਪੈਸੇ ਬਚਾਉਣ ਦੇ ਚੱਕਰ ਵਿਚ ਠੇਕੇਦਾਰ ਵੱਲੋਂ ਦੂਜੀਆਂ ਸੀਵਰ ਲਾਈਨਾਂ ਵਿਚ ਗਾਰ ਸੁੱਟਣ ਦਾ ਮਾਮਲਾ ਕਾਫੀ ਸੰਵੇਦਨਸ਼ੀਲ ਹੈ। ਉਨ੍ਹਾਂ ਦੱਸਿਆ ਕਿ ਕਰੋੜਾਂ ਰੁਪਏ ਦੇ ਇਸ ਕੰਮ ਦੌਰਾਨ ਸਬੰਧਤ ਜੇ. ਈ. ਅਤੇ ਐੱਸ. ਡੀ. ਓ. ਨੂੰ ਹਾਜ਼ਰ ਰਹਿਣਾ ਹੁੰਦਾ ਹੈ ਪਰ ਕਦੀ ਮੌਕੇ ’ਤੇ ਕੋਈ ਨਿਗਮ ਅਧਿਕਾਰੀ ਦਿਖਾਈ ਨਹੀਂ ਦਿੱਤਾ, ਜਿਸ ਤੋਂ ਸਪੱਸ਼ਟ ਹੈ ਕਿ ਨਿਗਮ ਵਿਚ ਇਹ ਸਾਰੀ ਖੇਡ ਆਪਸ ਵਿਚ ਮਿਲ ਕੇ ਖੇਡੀ ਜਾ ਰਹੀ ਹੈ ਅਤੇ ਨਿਗਮ ਨੂੰ ਹੁਣ ਤੱਕ ਕਰੋੜਾਂ ਰੁਪਏ ਦਾ ਚੂਨਾ ਲਾਇਆ ਜਾ ਚੁੱਕਾ ਹੈ।

ਇਹ ਵੀ ਪੜ੍ਹੋ:  ਜਲੰਧਰ: ਕੋਰੋਨਾ ਦੌਰ ਦੀ ਦਰਦਨਾਕ ਤਸਵੀਰ, 12 ਦਿਨ ਲਾਸ਼ ਲੈਣ ਨਹੀਂ ਪੁੱਜਾ ਪਰਿਵਾਰ, ਪ੍ਰਸ਼ਾਸਨ ਨੇ ਨਿਭਾਈਆਂ ਅੰਤਿਮ ਰਸਮਾਂ

ਸਬੰਧਤ ਜੇ. ਈ. ਅਤੇ ਐੱਸ. ਡੀ. ਓ. ’ਤੇ ਹੋਵੇ ਐਕਸ਼ਨ
ਕੌਸਲਰ ਵੀਰੇਸ਼ ਮਿੰਟੂ ਨੇ ਮੰਗ ਕੀਤੀ ਕਿ ਇਸ ਮਾਮਲੇ ਵਿਚ ਦੋਸ਼ੀ ਪਾਏ ਗਏ ਨਿਗਮ ਦੇ ਸਬੰਧਤ ਜੇ. ਈ. ਅਤੇ ਐੱਸ. ਡੀ. ਓ. ’ਤੇ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਠੇਕੇਦਾਰ ਵੱਲੋਂ ਨਿਗਮ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਇਆ ਜਾ ਰਿਹਾ ਹੈ ਪਰ ਮੌਕੇ ’ਤੇ ਨਿਗਮ ਅਧਿਕਾਰੀ ਮੌਜੂਦ ਨਹੀਂ ਰਹਿੰਦੇ। ਖਾਸ ਗੱਲ ਇਹ ਹੈ ਕਿ ਨਿਗਮ ਵਿਚ ਵਧੇਰੇ ਜੇ. ਈ. ਅਤੇ ਐੱਸ. ਡੀ. ਓ. ਕਾਂਟਰੈਕਟ ਆਧਾਰ ’ਤੇ ਭਰਤੀ ਹਨ, ਜਿਸ ਕਾਰਨ ਉਹ ਨਿਗਮ ਦੇ ਕਾਇਦੇ ਕਾਨੂੰਨਾਂ ਨੂੰ ਮੰਨਣ ਲਈ ਪਾਬੰਦ ਨਹੀਂ ਹਨ ਅਤੇ ਨਗਰ ਨਿਗਮ ਅਜਿਹੇ ਕਰਮਚਾਰੀਆਂ ’ਤੇ ਕੋਈ ਐਕਸ਼ਨ ਨਹੀਂ ਲੈਂਦਾ।

ਇਹ ਵੀ ਪੜ੍ਹੋ:  ਕਪੂਰਥਲਾ: ਧੀ ਦਾ ਮੂੰਹ ਵੇਖਣਾ ਵੀ ਨਾ ਹੋਇਆ ਨਸੀਬ, ਜਨਮ ਦੇਣ ਦੇ ਬਾਅਦ ਮਾਂ ਨੇ ਤੋੜ ਦਿੱਤਾ ਦਮ

ਖਾਲੀ ਲਾਈਨਾਂ ਦੇ ਵੀ ਬਣ ਰਹੇ ਕਰੋੜਾਂ ਦੇ ਬਿੱਲ
ਸੁਪਰ-ਸਕਸ਼ਨ ਮਸ਼ੀਨਾਂ ਨਾਲ ਸਫਾਈ ਦੌਰਾਨ ਘਪਲੇ ਦਾ ਇਹ ਨਵਾਂ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਕੌਂਸਲਰ ਦੋਸ਼ ਲਾ ਚੁੱਕੇ ਹਨ ਕਿ ਇਸ ਕੰਮ ਵਿਚ ਲੱਗੇ ਠੇਕੇਦਾਰ ਖਾਲੀ ਸੀਵਰ ਲਾਈਨਾਂ ਦੀ ਸਫਾਈ ਕਰ ਕੇ ਵੀ ਕਰੋੜਾਂ ਰੁਪਏ ਦੇ ਬਿੱਲ ਬਣਾ ਰਹੇ ਹਨ। ਹੈਰਾਨੀਜਨਕ ਤੱਥ ਇਹ ਹੈ ਕਿ ਸੀਵਰ ਲਾਈਨ ਦੀ ਸਫ਼ਾਈ ਦੌਰਾਨ ਬਣਾਈ ਗਈ ਸੀ. ਸੀ. ਟੀ. ਵੀ. ਰਿਕਾਰਡਿੰਗ ਕੋਈ ਨਿਗਮ ਅਧਿਕਾਰੀ ਨਹੀਂ ਵੇਖਦਾ, ਜਿਸ ਕਾਰਨ ਇਸ ਕੰਮ ਵਿਚ ਲੱਗੇ ਠੇਕੇਦਾਰ ਭਾਰੀ ਮੁਨਾਫ਼ਾ ਕਮਾ ਰਹੇ ਹਨ ਅਤੇ ਨਿਗਮ ਨੂੰ ਵੱਡਾ ਚੂਨਾ ਲੱਗ ਰਿਹਾ ਹੈ ਅਤੇ ਲੋਕਾਂ ਦੇ ਟੈਕਸਾਂ ਦਾ ਪੈਸਾ ਠੇਕੇਦਾਰਾਂ ਦੀਆਂ ਜੇਬਾਂ ਵਿਚ ਜਾ ਰਿਹਾ ਹੈ।

ਇਹ ਵੀ ਪੜ੍ਹੋ:  ਫਿਲੌਰ ਤੋਂ ਵੱਡੀ ਖ਼ਬਰ, ਹਵੇਲੀ ’ਚ ਬਣੇ ਬਾਥਰੂਮ ’ਚ ਮਹਿਲਾ ਨੇ ਖ਼ੁਦ ਨੂੰ ਲਾਈ ਅੱਗ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News