ਕੈਬਨਿਟ ਮੰਤਰੀ ਤੇ ਮੇਅਰ ਦੇ ਵੈਸਟ ਹਲਕੇ ਦੇ ਟੈਂਡਰਾਂ ’ਚ ਫਿਕਸਿੰਗ ਨੂੰ ਲੈ ਕੇ ਸੀਨੀਅਰ ਡਿਪਟੀ ਮੇਅਰ ਨੇ ਚੁੱਕੇ ਸਵਾਲ
Friday, Aug 22, 2025 - 05:11 PM (IST)

ਜਲੰਧਰ (ਖੁਰਾਣਾ)–ਨਗਰ ਨਿਗਮ ਜਲੰਧਰ ਵਿਚ ਠੇਕੇਦਾਰਾਂ ਅਤੇ ਅਧਿਕਾਰੀਆਂ ਦਾ ਨੈਕਸਸ ਇਕ ਵਾਰ ਫਿਰ ਬੇਨਕਾਬ ਹੋਇਆ ਹੈ। ਨਿਗਮ ਪ੍ਰਸ਼ਾਸਨ ਨੇ ਸੈਂਟਰਲ ਹਲਕੇ ਦੇ ਲੱਗਭਗ 7 ਕਰੋੜ ਰੁਪਏ ਦੇ 2 ਦਰਜਨ ਕੰਮਾਂ ਦੇ ਟੈਂਡਰ ਖੋਲ੍ਹੇ ਤਾਂ ਠੇਕੇਦਾਰਾਂ ਨੇ ਖੁੱਲ੍ਹੇ ਕੰਪੀਟੀਸ਼ਨ ਵਿਚ 40-40 ਫੀਸਦੀ ਤਕ ਡਿਸਕਾਊਂਟ ਆਫਰ ਕਰ ਦਿੱਤਾ ਪਰ ਜਦੋਂ ਉਹੀ ਠੇਕੇਦਾਰ ਵੈਸਟ ਹਲਕੇ ਵਿਚ ਉਤਰੇ ਤਾਂ ਇਥੇ ਸੈਟਿੰਗ ਅਤੇ ਪੂਲਿੰਗ ਜ਼ਰੀਏ ਮਹਿਜ਼ 1 ਤੋਂ 3 ਫੀਸਦੀ ਡਿਸਕਾਊਂਟ ’ਤੇ ਕੰਮ ਚੁੱਕ ਲਏ ਗਏ। ਯਾਨੀ ਕੰਮ ਉਹੀ, ਠੇਕੇਦਾਰ ਉਹੀ ਪਰ ਡਿਸਕਾਊਂਟ ਵਿਚ 30 ਫ਼ੀਸਦੀ ਤੋਂ ਵੀ ਜ਼ਿਆਦਾ ਦਾ ਅੰਤਰ। ਇਹ ਸਾਫ਼ ਸਾਬਿਤ ਕਰਦਾ ਹੈ ਕਿ ਵੈਸਟ ਹਲਕੇ ਵਿਚ ਪੂਰੀ ਪ੍ਰਕਿਰਿਆ ਫਿਕਸਿੰਗ ਜ਼ਰੀਏ ਚਲਾਈ ਗਈ ਅਤੇ ਜਨਤਾ ਦੀ ਗਾੜ੍ਹੀ ਖੂਨ-ਪਸੀਨੇ ਦੀ ਕਮਾਈ ਨੂੰ ਲੁੱਟ ਲਿਆ ਗਿਆ।
ਇਹ ਵੀ ਪੜ੍ਹੋ: ਰੂਪਨਗਰ 'ਚ ਵੱਡੀ ਵਾਰਦਾਤ! ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼
ਕੈਬਨਿਟ ਮੰਤਰੀ ਅਤੇ ਮੇਅਰ ਦੇ ਹਲਕੇ ’ਚ ਅਫਸਰਾਂ ਅਤੇ ਠੇਕੇਦਾਰਾਂ ਨੇ ਖੇਡੀ ਖੁੱਲ੍ਹੀ ਖੇਡ
ਲੱਖਾਂ ਰੁਪਏ ਦੀ ਗੜਬੜੀ ਦੀ ਗੰਭੀਰਤਾ ਇਸ ਲਈ ਹੋਰ ਵਧ ਗਈ ਹੈ ਕਿਉਂਕਿ ਵੈਸਟ ਹਲਕੇ ਦੀ ਪ੍ਰਤੀਨਿਧਤਾ ਇਸ ਸਮੇਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਅਤੇ ਨਗਰ ਨਿਗਮ ਦੇ ਮੇਅਰ ਵਨੀਤ ਧੀਰ ਕਰਦੇ ਹਨ। ਸਵਾਲ ਉੱਠ ਰਿਹਾ ਹੈ ਕਿ ਜਦੋਂ ਅਜਿਹੇ ਸੰਵੇਦਨਸ਼ੀਲ ਹਲਕੇ ਵਿਚ ਕਰੋੜਾਂ ਦੀ ਖੇਡ ਹੋਈ ਤਾਂ ਨਿਗਮ ਪ੍ਰਸ਼ਾਸਨ ਆਖਿਰ ਚੁੱਪ ਕਿਉਂ ਹੈ। ਮੇਅਰ ਵਨੀਤ ਧੀਰ ਪਹਿਲਾਂ ਹੀ ਇਸ ਫਿਕਸਿੰਗ ਵਿਚ ਸ਼ਾਮਲ ਠੇਕੇਦਾਰਾਂ ਨੂੰ ਨੋਟਿਸ ਜਾਰੀ ਕਰਨ ਦੇ ਨਿਰਦੇਸ਼ ਦੇ ਚੁੱਕੇ ਹਨ ਪਰ ਸ਼ਾਇਦ ਅਜਿਹੇ ਨੋਟਿਸ ਅਜੇ ਤਕ ਜਾਰੀ ਨਹੀਂ ਹੋਏ।
ਸੀਨੀਅਰ ਡਿਪਟੀ ਮੇਅਰ ਦਾ ਅਲਟੀਮੇਟਮ, ਰਿਪੋਰਟ ਨਾ ਦਿੱਤੀ ਤਾਂ ਵਿਜੀਲੈਂਸ ਨੂੰ ਸੌਂਪ ਦੇਵਾਂਗਾ ਮਾਮਲਾ
ਇਸ ਮਾਮਲੇ ’ਤੇ ਐਕਸੀਅਨ ਦੀ ਰਿਪੋਰਟ ਨਿਗਮ ਪ੍ਰਸ਼ਾਸਨ ਤਕ ਪਹੁੰਚ ਚੁੱਕੀ ਹੈ। ਰਿਪੋਰਟ ਵਿਚ ਸਾਫ ਸਿਫਾਰਸ਼ ਕੀਤੀ ਗਈ ਹੈ ਕਿ ਪੂਰੀ ਟੈਂਡਰ ਪ੍ਰਕਿਰਿਆ ਰੱਦ ਕੀਤੀ ਜਾਵੇ। ਇਸੇ ਵਿਚਕਾਰ ਆਮ ਆਦਮੀ ਪਾਰਟੀ ਦੇ ਆਗੂ ਅਤੇ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਵੀ ਇਸ ਗੜਬੜੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਹੋਈ ਹੈ ਪਰ ਨਾ ਤਾਂ ਉਨ੍ਹਾਂ ਨੂੰ ਰਿਪੋਰਟ ਦਿੱਤੀ ਗਈ ਅਤੇ ਨਾ ਹੀ ਕੋਈ ਕਾਰਵਾਈ ਹੋਈ। ਬਿੱਟੂ ਨੇ ਅੱਜ ਸਬੰਧਤ ਅਧਿਕਾਰੀਆਂ ਨੂੰ ਫੋਨ ਕਰ ਕੇ ਸਾਫ ਚਿਤਾਵਨੀ ਦਿੱਤੀ ਹੈ ਕਿ ਜੇਕਰ ਹੁਣ ਵੀ ਕਾਰਵਾਈ ਨਾ ਹੋਈ ਅਤੇ ਰਿਪੋਰਟ ਨਾ ਦਿੱਤੀ ਗਈ ਤਾਂ ਉਹ ਪੂਰਾ ਮਾਮਲਾ ਵਿਜੀਲੈਂਸ ਨੂੰ ਸੌਂਪ ਦੇਣਗੇ।
ਇਹ ਵੀ ਪੜ੍ਹੋ: ਜਸਵਿੰਦਰ ਭੱਲਾ ਦੀ ਮੌਤ 'ਤੇ ਕਾਮੇਡੀ ਕਲਾਕਾਰ ਪਤੀਲਾ ਨੇ ਜਤਾਇਆ ਦੁੱਖ਼, ਭਾਵੁਕ ਹੁੰਦਿਆਂ ਦੱਸੀਆਂ ਅਹਿਮ ਗੱਲਾਂ
ਵਿਜੀਲੈਂਸ ਤਕ ਪਹੁੰਚੀ ਹੋਈ ਹੈ ਪੂਰੇ ਮਾਮਲੇ ਦੀ ਸ਼ਿਕਾਇਤ
ਸੂਤਰਾਂ ਦੇ ਮੁਤਾਬਕ ਇਹ ਪੂਰਾ ਮਾਮਲਾ ਹੁਣ ਸਟੇਟ ਵਿਜੀਲੈਂਸ ਅਤੇ ਚੀਫ ਵਿਜੀਲੈਂਸ ਆਫਿਸਰ ਤਕ ਪਹੁੰਚ ਚੁੱਕਾ ਹੈ। ਜਾਂਚ ਸ਼ੁਰੂ ਹੋਈ ਹੈ ਜਾਂ ਨਹੀਂ, ਇਸ ਬਾਰੇ ਕੁਝ ਪਤਾ ਨਹੀਂ ਚੱਲ ਸਕਿਆ। ਫਿਲਹਾਲ ਮੰਨਿਆ ਜਾ ਰਿਹਾ ਹੈ ਕਿ ਜੇਕਰ ਜਾਂਚ ਵਿਚ ਸਿਆਸੀ ਆਗੂਆਂ ਦੀ ਭੂਮਿਕਾ ਜਾਂ ਸਰਪ੍ਰਸਤੀ ਦਾਕੋਈ ਐਂਗਲ ਸਾਹਮਣੇ ਆਇਆ ਤਾਂ ਇਹ ਕੇਸ ਬੇਹੱਦ ਪੇਚੀਦਾ ਹੋ ਸਕਦਾ ਹੈ। ਯਾਦ ਰਹੇ ਕਿ ਅਜੇ ਹਾਲ ਹੀ ਵਿਚ ‘ਆਪ’ ਵਿਧਾਇਕ ਰਮਨ ਅਰੋੜਾ ਦਾ ਮਾਮਲਾ ਨਿਗਮ ਦੀ ਗੜਬੜੀ ਨਾਲ ਜੁੜਿਆ ਹੋਇਆ ਸੀ, ਜਿਹੜਾ ਪੂਰੀ ਤਰ੍ਹਾਂ ਠੰਢਾ ਵੀ ਨਹੀਂ ਪਿਆ ਹੈ। ਫਿਲਹਾਲ ਨਿਗਮ ਪ੍ਰਸ਼ਾਸਨ ’ਤੇ ਦੋਸ਼ ਹੈ ਕਿ ਉਹ ਇਸ ਗੜਬੜੀ ਵਿਚ ਸ਼ਾਮਲ ਠੇਕੇਦਾਰਾਂ ਅਤੇ ਆਪਣੇ ਅਧਿਕਾਰੀਆਂ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੈਬਨਿਟ ਮੰਤਰੀ ਅਤੇ ਮੇਅਰ ਇਸ ਮਾਮਲੇ ’ਤੇ ਕੀ ਸਟੈਂਡ ਲੈਂਦੇ ਹਨ ਅਤੇ ਕਿਸ ’ਤੇ ਇਸ ਫਿਕਸਿੰਗ ਦੀ ਜ਼ਿੰਮੇਵਾਰੀ ਪਾਈ ਜਾਂਦੀ ਹੈ।
ਇਹ ਵੀ ਪੜ੍ਹੋ: ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਲੈ ਕੇ ਐਕਸ਼ਨ ਮੋਡ 'ਚ ਪੰਜਾਬ ਸਰਕਾਰ, ਜਾਰੀ ਕੀਤੇ ਵਿਸ਼ੇਸ਼ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e