ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਜਲੰਧਰ ਸੈਂਟਰਲ ਹਲਕੇ ਦੀ ਜ਼ਿਮਨੀ ਚੋਣ ਨੂੰ ਲੈ ਕੇ ਛਿੜੀ ਚਰਚਾ
Wednesday, Sep 10, 2025 - 10:50 AM (IST)

ਜਲੰਧਰ (ਧਵਨ)–ਜਲੰਧਰ ਸੈਂਟਰਲ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਨੂੰ ਲੈ ਕੇ ਇਕ ਵਾਰ ਫਿਰ ਤੋਂ ਸਿਆਸੀ ਹਲਕਿਆਂ ਵਿਚ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ। ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਨੂੰ ਜਦੋਂ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤਾ ਸੀ ਤਾਂ ਉਸ ਸਮੇਂ ਵੀ ਅਜਿਹੀ ਚਰਚਾ ਛਿੜੀ ਸੀ ਕਿ ਰਮਨ ਅਰੋੜਾ ਸ਼ਾਇਦ ਅਸਤੀਫ਼ਾ ਦੇ ਦੇਣਗੇ ਪਰ ਉਨ੍ਹਾਂ ਅਸਤੀਫ਼ਾ ਨਹੀਂ ਦਿੱਤਾ।
ਪਿਛਲੇ ਦਿਨੀਂ ਹਾਈਕੋਰਟ ਤੋਂ ਰਮਨ ਅਰੋੜਾ ਨੂੰ ਜ਼ਮਾਨਤ ਮਿਲ ਗਈ ਸੀ। ਇਸ ਤੋਂ ਬਾਅਦ ਪੁਲਸ ਨੇ ਰਮਨ ਅਰੋੜਾ ਖ਼ਿਲਾਫ਼ ਇਕ ਹੋਰ ਮਾਮਲੇ ਵਿਚ ਕੇਸ ਦਰਜ ਕੀਤਾ ਸੀ। ਅਜਿਹੀ ਸਥਿਤੀ ਵਿਚ ਹੁਣ ਰਮਨ ਅਰੋੜਾ ਫਿਰ ਤੋਂ ਪੁਲਸ ਦੀ ਹਿਰਾਸਤ ਵਿਚ ਹਨ। ਰਮਨ ਅਰੋੜਾ ਖ਼ਿਲਾਫ਼ ਜਲੰਧਰ ਅਤੇ ਹੁਸ਼ਿਆਰਪੁਰ ਵਿਚ ਕੁਝ ਹੋਰ ਮਾਮਲਿਆਂ ਨੂੰ ਲੈ ਕੇ ਵੀ ਅੰਦਰਖਾਤੇ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਛੁੱਟੀਆਂ ਦਾ ਐਲਾਨ, DC ਨੇ ਜਾਰੀ ਕੀਤੇ ਹੁਕਮ
ਰਮਨ ਅਰੋੜਾ ਨੇ ਅਜੇ ਤਕ ਅਸਤੀਫ਼ਾ ਦੇਣ ਬਾਰੇ ਆਪਣਾ ਮੂੰਹ ਨਹੀਂ ਖੋਲ੍ਹਿਆ। ਮੰਨਿਆ ਜਾ ਰਿਹਾ ਹੈ ਕਿ ਰਮਨ ਅਰੋੜਾ ਉੱਪਰ ਦਬਾਅ ਕਾਫ਼ੀ ਵਧ ਚੁੱਕਾ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ਦਾ ਮੰਨਣਾ ਹੈ ਕਿ ਸ਼ਾਇਦ ਨੇੜ ਭਵਿੱਖ ਵਿਚ ਜਲੰਧਰ ਸੈਂਟਰਲ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਹੋ ਜਾਵੇ ਅਤੇ ਰਮਨ ਅਰੋੜਾ ਵੀ ਸ਼ਾਇਦ ਅਸਤੀਫ਼ਾ ਦੇ ਦੇਣ ਪਰ ਇਸ ਦੀ ਅਜੇ ਪੁਸ਼ਟੀ ਨਹੀਂ ਹੋਈ ਪਰ ਪਿਛਲੇ 2 ਦਿਨਾਂ ਤੋਂ ਜ਼ਿਮਨੀ ਚੋਣ ਨੂੰ ਲੈ ਕੇ ਸੱਤਾਧਾਰੀ ਆਮ ਆਦਮੀ ਪਾਰਟੀ ਵਿਚ ਚਰਚਾਵਾਂ ਦਾ ਬਾਜ਼ਾਰ ਕਾਫ਼ੀ ਗਰਮ ਹੋ ਚੁੱਕਾ ਹੈ। ਫਿਲਹਾਲ ਗੇਂਦ ਹੁਣ ਰਮਨ ਅਰੋੜਾ ਦੇ ਪਾਲੇ ਵਿਚ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਰਮਨ ਅਰੋੜਾ ਨੇ ਅਸਤੀਫਾ ਨਾ ਦਿੱਤਾ ਤਾਂ ਉਨ੍ਹਾਂ ਖ਼ਿਲਾਫ਼ ਆਉਣ ਵਾਲੇ ਦਿਨਾਂ ਵਿਚ ਪੁਲਸ ਹੋਰ ਵੀ ਕੇਸ ਦਰਜ ਕਰ ਸਕਦੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਧ ਰਹੇ ਹੜ੍ਹਾਂ ਦੇ ਖ਼ਤਰੇ ਨੂੰ ਲੈ ਕੇ ਵੱਡਾ ਖ਼ੁਲਾਸਾ ! ਐਡਵਾਈਜ਼ਰੀ ਜਾਰੀ
ਜਲੰਧਰ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਮੰਨਣਾ ਹੈ ਕਿ ਜ਼ਿਮਨੀ ਚੋਣ ਹੁਣ ਹੋ ਜਾਣੀ ਚਾਹੀਦੀ ਹੈ ਅਤੇ ਉਹ ਆਪਣੇ ਵਿਚਾਰ ਹਾਈ ਕਮਾਨ ਤਕ ਪਹੁੰਚਾ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਨੇੜ ਭਵਿੱਖ ਵਿਚ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਹੋਣੀ ਹੈ। ਜੇਕਰ ਤਰਨਤਾਰਨ ਦੇ ਨਾਲ ਹੀ ਜਲੰਧਰ ਸੈਂਟਰਲ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਕਰਵਾ ਲਈ ਜਾਵੇ ਤਾਂ ਪਾਰਟੀ ਲਈ ਬਿਹਤਰ ਹੋ ਸਕਦਾ ਹੈ। ਤਰਨਤਾਰਨ ਸੀਟ ’ਤੇ ਹੋਰਨਾਂ ਪਾਰਟੀਆਂ ਦੇ ਨਾਲ-ਨਾਲ ਜੇਲ ਵਿਚ ਬੰਦ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦਾ ਵੀ ਪ੍ਰਭਾਵ ਦੱਸਿਆ ਜਾ ਰਿਹਾ ਹੈ। ਫਿਲਹਾਲ ਆਮ ਆਦਮੀ ਪਾਰਟੀ ਵੱਲੋਂ ਰਮਨ ਅਰੋੜਾ ’ਤੇ ਪੂਰਾ ਦਬਾਅ ਬਣਾ ਲਿਆ ਗਿਆ ਹੈ ਕਿਉਂਕਿ ਪਾਰਟੀ ਸਮਝਦੀ ਹੈ ਕਿ ਰਮਨ ਅਰੋੜਾ ਕਾਰਨ ਉਸ ਦੀ ਸਾਖ ਨੂੰ ਕਾਫ਼ੀ ਧੱਕਾ ਲੱਗਾ ਸੀ।
ਇਹ ਵੀ ਪੜ੍ਹੋ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ! ਕੁੜੀ ਨੇ ਲਾਇਆ ਮੌਤ ਨੂੰ ਗਲੇ, ਇਸ ਹਾਲ 'ਚ ਲਾਸ਼ ਵੇਖ ਮਾਪਿਆਂ ਦਾ ਨਿਕਲਿਆ ਤ੍ਰਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e