ਸੈਕਟਰੀ ਤਰੁਣ ਸਿੱਕਾ ਨੇ ਕੀਤੀ ਜਿਮਖਾਨਾ ਸਟਾਫ ਨਾਲ ਮੀਟਿੰਗ

07/19/2019 4:11:44 PM

ਜਲੰਧਰ (ਖੁਰਾਣਾ)—ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਹੋ ਚੁੱਕੀਆਂ ਹਨ ਤੇ ਜਿੱਤ ਕੇ ਆਈ ਨਵੀਂ ਟੀਮ ਨੇ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਨਵੀਂ ਟੀਮ ਵਲੋਂ ਕਾਰਜਭਾਰ ਸੰਭਾਲਣ ਤੋਂ ਬਾਅਦ ਅੱਜ ਕਲੱਬ ਵਿਚ ਪਹਿਲਾ ਦਿਨ ਸੀ, ਜਿਸ ਦੌਰਾਨ ਕਲੱਬ ਵਿਚ ਸਾਰਾ ਦਿਨ ਚਹਿਲ-ਪਹਿਲ ਬਣੀ ਰਹੀ। ਜਿਮਖਾਨਾ ਦੇ ਨਵੇਂ ਸੈਕਟਰੀ ਤਰੁਣ ਸਿੱਕਾ, ਵਾਈਸ ਪ੍ਰੈਜ਼ੀਡੈਂਟ ਰਾਜੂ ਵਿਰਕ, ਜੁਆਇੰਟ ਸੈਕਟਰੀ ਸੌਰਵ ਖੁੱਲ੍ਹਰ ਤੇ ਕੈਸ਼ੀਅਰ ਅਮਿਤ ਕੁਕਰੇਜਾ ਨੇ ਅੱਜ ਆਪਣੇ-ਆਪਣੇ ਆਫਿਸ ਵਿਚ ਬੈਠ ਕੇ ਕੰਮ ਨਿਬੇੜਿਆ।

ਬਾਅਦ ਦੁਪਹਿਰ ਸੈਕਟਰੀ ਤਰੁਣ ਸਿੱਕਾ ਨੇ ਜਿਮਖਾਨਾ ਕਲੱਬ ਦੇ ਪੂਰੇ ਸਟਾਫ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਕਲੱਬ ਦੇ ਸਟਾਫ ਕੋਲੋਂ ਉਮੀਦ ਕੀਤੀ ਕਿ ਡਿਊਟੀ ਪੂਰੀ ਈਮਾਨਦਾਰੀ, ਤਨਦੇਹੀ ਤੇ ਸਹੀ ਢੰਗ ਨਾਲ ਕੀਤੀ ਜਾਵੇ। ਹਰ ਕਲੱਬ ਮੈਂਬਰ ਨੂੰ ਪੂਰਾ ਇੱਜ਼ਤ-ਮਾਣ ਮਿਲੇ ਤੇ ਉਨ੍ਹਾਂ ਨਾਲ ਸਹੀ ਢੰਗ ਨਾਲ ਪੇਸ਼ ਆਇਆ ਜਾਵੇ। ਉਨ੍ਹਾਂ ਸਟਾਫ ਮੈਂਬਰਾਂ ਨੂੰ ਕਿਹਾ ਕਿ ਡਿਊਟੀ ਦੇ ਸਮੇਂ ਪੂਰੀ ਯੂਨੀਫਾਰਮ ਪਾਉਣ ਤੇ ਅਨੁਸ਼ਾਸਨ ਵਿਚ ਰਹਿਣਾ ਜ਼ਰੂਰੀ ਬਣਾਇਆ ਜਾਵੇ। ਸਟਾਫ ਮੈਂਬਰ ਆਪਣੇ ਵੱਖਰੇ ਬਣੇ ਵਾਸ਼ਰੂਮ ਨੂੰ ਵਰਤਣ। ਕਲੱਬ ਵਿਚ ਕੋਈ ਵੀ ਸਟਾਫ ਮੈਂਬਰ ਸ਼ਰਾਬ ਆਦਿ ਦਾ ਸੇਵਨ ਨਹੀਂ ਕਰ ਸਕਦਾ। ਹਰ ਸਟਾਫ ਮੈਂਬਰ ਸਫਾਈ ਦਾ ਖਾਸ ਖਿਆਲ ਰੱਖੇ। ਸਵਿਮਿੰਗ ਪੂਲ ਆਦਿ ਵਿਚ ਖਾਣ-ਪੀਣ ਦਾ ਸਾਮਾਨ ਨਾ ਲੈ ਕੇ ਜਾਣ ਦਿੱਤਾ ਜਾਵੇ।
ਕਲੱਬ 'ਚ ਅਨੁਸ਼ਾਸਨ ਬਹਾਲੀ ਦੇ ਸੰਕੇਤ
ਪਿਛਲੇ ਕਰੀਬ 6 ਮਹੀਨੇ ਜਿਮਖਾਨਾ ਕਲੱਬ ਵਿਚ ਐਡਹਾਕ ਕਮੇਟੀ ਦਾ ਸ਼ਾਸਨ ਰਿਹਾ, ਜਿਸ ਦੌਰਾਨ ਚੁਣੇ ਨੁਮਾਇੰਦਿਆਂ ਦੇ ਨਾ ਹੋਣ ਕਾਰਨ ਕਲੱਬ ਅਨੁਸ਼ਾਸਨ ਵਿਚ ਢਿੱਲ ਵੇਖਣ ਨੂੰ ਮਿਲੀ। ਹੁਣ ਨਵੇਂ ਸੈਕਟਰੀ ਤਰੁਣ ਸਿੱਕਾ ਨੇ ਅਨੁਸ਼ਾਸਨ ਦੇ ਮਾਮਲੇ ਵਿਚ ਸਖਤੀ ਵਰਤਣ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਰਿਸੈਪਸ਼ਨ ਸਟਾਫ ਨੂੰ ਕਿਹਾ ਕਿ ਨਾਨ ਮੈਂਬਰ ਨੂੰ ਮੈਂਬਰ ਦੇ ਨਾਲ ਹੀ ਐਂਟਰੀ ਦਿੱਤੀ ਜਾਵੇ, ਹਰ ਮੈਂਬਰ ਰਜਿਸਟਰ ਵਿਚ ਐਂਟਰੀ ਕਰ ਕੇ ਹੀ ਕਲੱਬ ਵਿਚ ਦਾਖਲ ਹੋਵੇ। ਕਲੱਬ ਆਉਣ ਵਾਲਿਆਂ ਲਈ ਪੂਰਾ ਡਰੈੱਸ ਕੋਡ ਲਾਗੂ ਕੀਤਾ ਜਾਵੇ ਤੇ ਕਲੱਬ ਦੀ ਰਿਸੈਪਸ਼ਨ ਨੂੰ ਰਾਤ 11 ਵਜੇ ਹੀ ਬੰਦ ਕੀਤਾ ਜਾਵੇ।
ਗਾਈਡੈਂਸ ਗਰੁੱਪ ਨੇ ਨਵੀਂ ਟੀਮ ਨੂੰ ਕੀਤਾ ਸਨਮਾਨਤ
ਜਿਮਖਾਨਾ ਚੋਣਾਂ ਦੌਰਾਨ ਪ੍ਰੈਸ਼ਰ ਗਰੁੱਪ ਦੇ ਰੂਪ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਗਾਈਡੈਂਸ ਗਰੁੱਪ ਨੇ ਬੀਤੀ ਰਾਤ ਜਿਮਖਾਨਾ ਦੀ ਨਵੀਂ ਟੀਮ ਨੂੰ ਸਨਮਾਨਤ ਕੀਤਾ। ਇਸ ਮੌਕੇ ਇਕ ਪ੍ਰਭਾਵਸ਼ਾਲੀ ਆਯੋਜਨ ਸਥਾਨਕ ਹੋਟਲ ਵਿਚ ਚੇਅਰਮੈਨ ਮੋਹਨਜੀਤ ਸੈਣੀ ਤੇ ਕਨਵੀਨਰ ਚਰਣਜੀਤ ਗਰੋਵਰ ਦੀ ਦੇਖ-ਰੇਖ ਵਿਚ ਕੀਤਾ ਗਿਆ, ਜਿਸ ਦੌਰਾਨ ਗਾਈਡੈਂਸ ਗਰੁੱਪ ਦੇ ਮੈਂਬਰਾਂ ਦੇ ਤੌਰ 'ਤੇ ਡਾ. ਐੱਚ. ਐੱਸ. ਮਾਨ, ਡਾ. ਨਵਜੋਤ ਦਹੀਆ, ਡਾ. ਐੱਸ. ਪੀ. ਐੈੱਸ. ਵਿਰਕ, ਐੈੱਸ. ਪੀ. ਸਿੰਘ, ਵਿਨੋਦ ਹਸਤੀਰ, ਵਿਨੋਦ ਅਰੋੜਾ, ਗੁਰਬਖਸ਼ ਸਿੰਘ ਖੁਰਾਣਾ, ਸੁਰਿੰਦਰ ਖੁੱਲ੍ਹਰ, ਬ੍ਰਿਜ ਅਰੋੜਾ, ਕੁਲਵਿੰਦਰ ਸਿੰਘ ਗਰੋਵਰ, ਅਰੁਣ ਕਾਲੀਆ, ਸੁੱਖੀ ਮਾਨ, ਇੰਦਰਜੀਤ ਸਿੰਘ, ਮਨਜੀਤ ਢੱਠ, ਅਮਰਜੀਤ ਸਿੰਘ ਚਾਹਲ ਆਦਿ ਮੌਜੂਦ ਸਨ।

ਜਿਮਖਾਨਾ ਦੀ ਨਵੀਂ ਟੀਮ ਵਿਚ ਸੈਕਟਰੀ ਤਰੁਣ ਸਿੱਕਾ, ਵਾਈਸ ਪ੍ਰੈਜ਼ੀਡੈਂਟ ਰਾਜੂ ਵਿਰਕ, ਜੁਆਇੰਟ ਸੈਕਟਰੀ ਸੌਰਵ ਖੁੱਲਰ ਤੇ ਕੈਸ਼ੀਅਰ ਅਮਿਤ ਕੁਕਰੇਜਾ ਤੋਂ ਇਲਾਵਾ ਐਗਜ਼ੀਕਿਊਟਿਵ ਮੈਂਬਰਾਂ ਵਿਚ ਅਨੁ ਮਾਟਾ, ਸ਼ਾਲਿਨ ਜੋਸ਼ੀ, ਪ੍ਰੋ. ਵਿਪਨ ਝਾਂਜੀ, ਸੀ. ਏ. ਰਾਜੀਵ ਬਾਂਸਲ, ਹਰਪ੍ਰੀਤ ਸਿੰਘ ਗੋਲਡੀ, ਐੱਮ. ਬੀ. ਬਾਲੀ, ਸੁਮਿਤ ਸ਼ਰਮਾ, ਜਗਜੀਤ ਕੰਬੋਜ, ਨਿਤਿਨ ਬਹਿਲ ਤੇ ਐਡਵੋਕੇਟ ਗੁਣਦੀਪ ਸੋਢੀ ਆਦਿ ਮੌਜੂਦ ਸਨ। ਗਾਈਡੈਂਸ ਗਰੁੱਪ ਵਲੋਂ ਅਹੁਦੇਦਾਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਮੋਹਨਜੀਤ ਸੈਣੀ ਤੇ ਚਰਣਜੀਤ ਗਰੋਵਰ ਆਦਿ ਨੇ ਨਵੀਂ ਟੀਮ ਨੂੰ ਸੰਬੋਧਨ ਕਰਦਿਆਂ ਆਸ ਪ੍ਰਗਟਾਈ ਕਿ ਚੋਣ ਪ੍ਰਚਾਰ ਦੌਰਾਨ ਗਾਈਡੈਂਸ ਗਰੁੱਪ ਦੀਆਂ ਮੀਟਿੰਗਾਂ ਵਿਚ ਜਿਨ੍ਹਾਂ ਮੁੱਦਿਆਂ 'ਤੇ ਚਿੰਤਾ ਪ੍ਰਗਟ ਕੀਤੀ ਗਈ ਸੀ, ਜੋ ਮੁੱਦੇ ਉਮੀਦਵਾਰਾਂ ਸਾਹਮਣੇ ਰੱਖੇ ਗਏ ਸਨ ਉਨ੍ਹਾਂ ਨੂੰ ਨਵੀਂ ਟੀਮ ਪੂਰਾ ਕਰਨ ਦੀ ਕੋਸ਼ਿਸ਼ ਕਰੇ ਤਾਂ ਜੋ ਕਲੱਬ ਹੋਰ ਬੁਲੰਦੀਆਂ 'ਤੇ ਪਹੁੰਚ ਸਕੇ। ਇਸ ਦੌਰਾਨ ਸਾਬਕਾ ਸੈਕਟਰੀ ਸਤੀਸ਼ ਠਾਕੁਰ ਗੋਰਾ, ਸਾਬਕਾ ਕੈਸ਼ੀਅਰ ਧੀਰਜ ਸੇਠ ਵੀ ਖਾਸ ਤੌਰ 'ਤੇ ਹਾਜ਼ਰ ਸਨ।
ਪਹਿਲੀ ਵਾਰ ਲੜੇ ਤੇ ਪੰਜਵੇਂ ਨੰਬਰ 'ਤੇ ਆਏ ਸੀ. ਏ. ਰਾਜੀਵ ਬਾਂਸਲ
ਇਸ ਵਾਰ ਜਿਮਖਾਨਾ ਕਲੱਬ ਚੋਣਾਂ ਵਿਚ ਸੀ. ਏ. ਰਾਜੀਵ ਬਾਂਸਲ ਨੇ ਉਮੀਦ ਤੋਂ ਵਧ ਕੇ ਪ੍ਰਦਰਸ਼ਨ ਕਰਦਿਆਂ ਐਗਜ਼ੀਕਿਊਟਿਵ ਵਿਚ ਪੰਜਵਾਂ ਸਥਾਨ ਹਾਸਲ ਕੀਤਾ, ਭਾਵੇਂ ਉਹ ਪਹਿਲੀ ਵਾਰ ਚੋਣਾਂ ਵਿਚ ਉਤਰੇ ਸਨ। ਅੱਜ ਇਕ ਮੁਲਾਕਾਤ ਦੌਰਾਨ ਸੀ. ਏ. ਰਾਜੀਵ ਬਾਂਸਲ ਨੇ ਸਾਰੇ ਵੋਟਰਾਂ ਤੇ ਕਲੱਬ ਮੈਂਬਰਾਂ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੀਆਂ ਉਮੀਦਾਂ 'ਤੇ ਪੂਰਾ ਉਤਰਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ। ਕਲੱਬ ਦੀ ਕੈਟਰਿੰਗ, ਸਰਵਿਸ ਤੇ ਕਟਲਰੀ ਨੂੰ ਸੁਧਾਰਣ ਤੋਂ ਇਲਾਵਾ ਹਾਈਜੀਨ, ਸਵੱਛਤਾ ਤੇ ਗਰੀਨਰੀ ਵੱਲ ਖਾਸ ਧਿਆਨ ਦਿੱਤਾ ਜਾਵੇਗਾ। ਸਾਰੀਆਂ ਸਹੂਲਤਾਂ ਵਰਤਣ ਲਈ ਇਕ ਸਮਾਰਟ ਕਾਰਡ ਜਲਦੀ ਲਾਂਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਪ੍ਰੋਫੈਸ਼ਨਲਜ਼ ਨੇ ਉਨ੍ਹਾਂ ਨੂੰ ਜੋ ਸਹਿਯੋਗ ਦਿੱਤਾ ਉਹ ਕਦੀ ਭੁਲਾਇਆ ਨਹੀਂ ਜਾ ਸਕਦਾ। ਉਹ ਕੋਸ਼ਿਸ਼ ਕਰਨਗੇ ਕਿ ਪ੍ਰੋਫੈਸ਼ਨਲਜ਼ ਲਈ ਪ੍ਰੈਫੈਂਸ਼ੀਅਲ ਮੈਂਬਰਸ਼ਿਪ ਦੀ ਵਿਵਸਥਾ ਕੀਤੀ ਜਾਵੇ।


Shyna

Content Editor

Related News