10.50 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸਕੂਲ ਆਫ਼ ਐਮੀਨੈਂਸ ਸ੍ਰੀ ਕੀਰਤਪੁਰ ਸਾਹਿਬ ਦੀ ਇਮਾਰਤ ਦਾ ਕੰਮ ਸ਼ੁਰੂ
Thursday, Aug 15, 2024 - 04:58 PM (IST)
ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਪੰਜਾਬ ਦੇ ਹਰੇਕ ਵਰਗ ਦੇ ਬੱਚਿਆਂ ਨੂੰ ਉੱਚ ਦਰਜੇ ਦੀ ਸਿੱਖਿਆ ਦੇਣ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਵਿਚ 117 ਸਕੂਲ ਆਫ਼ ਐਮੀਨੈਂਸ ਬਣਾਏ ਗਏ ਸਨ, ਜਿਨ੍ਹਾਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 21 ਜਨਵਰੀ 2023 ਨੂੰ ਉਦਘਾਟਨ ਕੀਤਾ ਗਿਆ ਸੀ। ਜਿਸ ਤਹਿਤ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਵਿਸ਼ਵ ਪ੍ਰਸਿੱਧ ਧਾਰਮਿਕ ਨਗਰੀ ਸ੍ਰੀ ਕੀਰਤਪੁਰ ਸਾਹਿਬ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਕੀਰਤਪੁਰ ਸਾਹਿਬ ਨੂੰ ਸਕੂਲ ਆਫ਼ ਐਮੀਨੈਂਸ ਵਿਚ ਬਣਾ ਦਿੱਤਾ ਗਿਆ ਸੀ ਅਤੇ ਇਸ ਸਕੂਲ ਦੀ ਕਾਇਆ ਕਲਪ ਕਰਨ ਲਈ, ਨਵੀਆਂ ਇਮਾਰਤਾਂ ਬਣਾਉਣ ਲਈ ਲਈ 10.50 ਕਰੋੜ ਰੁਪਏ ਦੀ ਗ੍ਰਾਂਟ ਪਾਸ ਕੀਤੀ ਗਈ ਸੀ।
ਪੁਰਾਣੀ ਇਮਾਰਤ ਨੂੰ ਨਵਾਂ ਰੂਪ ਦੇਣ ਦਾ ਕੰਮ ਸ਼ੁਰੂ
ਸਕੂਲ ਆਫ਼ ਐਮੀਨੈਂਸ ਸ੍ਰੀ ਕੀਰਤਪੁਰ ਸਾਹਿਬ ਦਾ ਕੰਮ ਕਰਵਾਉਣ ਲਈ ਲੋਕ ਨਿਰਮਾਣ ਵਿਭਾਗ ਵੱਲੋਂ ਜੋ ਟੈਂਡਰ ਲਗਾਇਆ ਗਿਆ ਸੀ, ਉਹ ਟੈਂਡਰ ਅਨਮੋਲ ਕੰਸਟਰਕਸ਼ਨ ਕੰਪਨੀ ਪਟਿਆਲਾ ਦਾ ਲੱਗਿਆ ਸੀ। ਜਿਸ ਵੱਲੋਂ ਕੀਰਤਪੁਰ ਸਾਹਿਬ ਸਕੂਲ ਦੀ ਪੁਰਾਣੀ ਇਮਾਰਤ ਦੀ ਪਹਿਲੀ ਮੰਜ਼ਿਲ ਦੇ ਨਵੀਨੀਕਰਨ ਦਾ ਕੰਮ ਪਿਛਲੇ ਦਿਨਾਂ ਤੋਂ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ਕੰਮ ਕਰਵਾ ਰਹੇ ਅਨਮੋਲ ਕੰਸਟਰਕਸ਼ਨ ਕੰਪਨੀ ਦੇ ਇੰਜੀਨੀਅਰ ਸੁਨੀਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ 18 ਜੁਲਾਈ ਤੋਂ ਸਕੂਲ ਵਿਚ ਆ ਕੇ ਸਭ ਤੋਂ ਪਹਿਲਾਂ ਸਕੂਲ ਦੀ ਪੁਰਾਣੀ ਇਮਾਰਤ ਦੀ ਪਹਿਲੀ ਮੰਜ਼ਿਲ ਦੀਆਂ ਤਾਕੀਆਂ, ਦਰਵਾਜੇ ਹਟਾਏ ਗਏ ਅਤੇ ਇਸ ਨੂੰ ਨਵੀਂ ਦਿਖ ਦੇਣ ਲਈ ਕੰਮ ਸ਼ੁਰੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਇਮਾਰਤ ਵਿਚ ਲੋਕ ਨਿਰਮਾਣ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹਰੇਕ ਕਲਾਸ ਰੂਮ ਨੂੰ ਨਵੀਆਂ ਤਾਕੀਆਂ, ਦਰਵਾਜੇ, ਟਾਈਲਾਂ ਲਗਾ ਕੇ ਰੰਗ ਰੋਗਨ ਕਰਕੇ ਇਸ ਨੂੰ ਤਿਆਰ ਕਰ ਕੇ ਵਿਦਿਆਰਥੀਆਂ ਦੇ ਬੈਠਣ ਲਈ ਦੇ ਦਿੱਤਾ ਜਾਵੇਗਾ, ਉਸ ਤੋਂ ਬਾਅਦ ਗਰਾਊਂਡ ਫਲੋਰ ਦਾ ਕੰਮ ਸੁਰੂ ਕੀਤਾ ਜਾਵੇਗਾ, ਇਸ ਪੁਰਾਣੀ ਇਮਾਰਤ ਦੀ 3 ਮਹੀਨੇ ਦੇ ਵਿਚ ਕਾਇਆ ਕਲਪ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਸੁਖਬੀਰ ਸਿੰਘ ਬਾਦਲ ਦਾ ਈਸੜੂ 'ਚ ਸ਼ਕਤੀ ਪ੍ਰਦਰਸ਼ਨ, ਬਾਗੀ ਧੜੇ 'ਤੇ ਬੋਲਿਆ ਵੱਡਾ ਹਮਲਾ
ਚਾਰ ਮੰਜ਼ਿਲਾਂ ਤੇ ਤਿੰਨ ਮੰਜ਼ਿਲਾਂ ਬਣੇਗੀ ਨਵੀਂ ਇਮਾਰਤ : ਜੇ.ਈ.
ਸਕੂਲ ਆਫ਼ ਐਮੀਨੈਂਸ ਕੀਰਤਪੁਰ ਸਾਹਿਬ ਦੀ ਚਾਰ ਮੰਜ਼ਿਲਾਂ ਅਤੇ ਤਿੰਨ ਮੰਜ਼ਿਲਾਂ ਨਵੀਂ ਇਮਾਰਤ ਬਣੇਗੀ ਜਿਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਲੋਕ ਨਿਰਮਾਣ ਵਿਭਾਗ ਦੇ ਜੂਨੀਅਰ ਇੰਜੀਨੀਅਰ ਸੁਖਵੀਰ ਸਿੰਘ ਨੇ ਦੱਸਿਆ ਕਿ ਸਕੂਲ ਆਫ ਐਮੀਨੈਂਸ ਦੀ ਨਵੀਂ ਇਮਾਰਤ ਬਣਾਉਣ ਅਤੇ ਪੁਰਾਣੀ ਇਮਾਰਤ ਦੀ ਕਾਇਆ ਕਲਪ ਕਰਨ ਲਈ ਕਰੀਬ 9 ਕਰੋੜ ਰੁਪਏ ਦਾ ਟੈਂਡਰ ਲੱਗਾ ਹੈ ਜਿਸ ਤਹਿਤ ਪੁਰਾਣੀ ਇਮਾਰਤ ਦੀ ਕਾਇਆ ਕਲਪ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਜਿਸ ਦਾ ਕੰਮ ਤਿੰਨ ਮਹੀਨੇ ਵਿਚ ਪੂਰਾ ਹੋਣ ਚਾਰ ਮੰਜ਼ਿਲਾਂ ਇਮਾਰਤ ਅਤੇ ਤਿੰਨ ਮੰਜ਼ਿਲਾਂ ਇਮਾਰਤ ਦਾ ਕੰਮ ਸ਼ੁਰੂ ਹੋ ਜਾਵੇਗਾ।
ਉਨ੍ਹਾਂ ਦੱਸਿਆ ਕਿ ਨਵੀਂ ਬਣਨ ਵਾਲੀ ਚਾਰ ਮੰਜ਼ਿਲਾਂ ਇਮਾਰਤ ਵਿਚ ਕਲਾਸ ਰੂਮ, ਵੱਖ-ਵੱਖ ਲੈਬਸ, ਮਲਟੀਪਰਪਜ਼ ਹਾਲ, ਪਿੰ੍ਰਸੀਪਲ ਦਫਤਰ, ਲਾਈਬ੍ਰੇਰੀ ਅਤੇ ਤਿੰਨ ਮੰਜ਼ਿਲਾਂ ਇਮਾਰਤ ਵਿਚ ਮਿਡ-ਡੇ-ਮੀਲ ਮੈਸ, ਕਲਾਸ ਰੂਮ ਆਦਿ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਨਵੀਆਂ ਇਮਾਰਤਾਂ ਵਿਚ ਲਿਫਟ, ਰੈਂਪ ਦੀ ਸਹੂਲਤ ਹੋਵੇਗੀ, ਇਨ੍ਹਾਂ ਇਮਾਰਤਾਂ ਦੀ ਵੱਖਰੀ ਦਿੱਖ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਸਾਰਾ ਕੁਝ ਇਕ ਸਾਲ ਦੇ ਵਿਚ ਬਣ ਕੇ ਤਿਆਰ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਮਹਿਕਮੇ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਕਿ ਕੋਸ਼ਿਸ਼ ਕੀਤੀ ਜਾਵੇ ਕਿ ਨਿਰਧਾਰਤ ਸਮੇਂ ਤੋਂ ਪਹਿਲਾਂ ਸਾਰਾ ਕੰਮ ਮੁਕੰਮਲ ਕਰ ਲਿਆ ਜਾਵੇ ਤਾਂ ਜੋ ਇਹ ਇਮਾਰਤਾਂ ਸਕੂਲ ਸਟਾਫ ਤੇ ਵਿਦਿਆਰਥੀਆਂ ਦੇ ਸਪੁਰਦ ਕਰ ਦਿੱਤੀਆਂ ਜਾਣ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ ਦੇ ਸਕੂਲਾਂ 'ਚ ਭਲਕੇ ਰਹੇਗੀ ਛੁੱਟੀ, CM ਭਗਵੰਤ ਮਾਨ ਨੇ ਕੀਤਾ ਐਲਾਨ
ਸਕੂਲ ਵਿਚ 742 ਬੱਚੇ ਪ੍ਰਾਪਤ ਕਰ ਰਹੇ ਹਨ ਸਿੱਖਿਆ- ਪ੍ਰਿੰਸੀਪਲ ਸ਼ਰਨਜੀਤ ਸਿੰਘ
ਸਕੂਲ ਆਫ਼ ਐਮੀਨੈਂਸ ਸ੍ਰੀ ਕੀਰਤਪੁਰ ਸਾਹਿਬ ਦੇ ਪ੍ਰਿੰਸੀਪਲ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਸ.ਸ.ਸ.ਸਕੂਲ ਕੀਰਤਪੁਰ ਸਾਹਿਬ ਵਿਖੇ ਇਸ ਸਮੇਂ 6ਵੀਂ ਜਮਾਤ ਤੋਂ ਬਾਰਵੀਂ ਜਮਾਤ ਤੱਕ ਕੁੱਲ 742 ਦੇ ਕਰੀਬ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ, ਜਿਸ ਵਿਚ ਸਕੂਲ ਆਫ਼ ਐਮੀਨੈਂਸ ਦੀਆਂ 9ਵੀ ਤੋਂ ਬਾਰ੍ਹਵੀਂ ਜਮਾਤ ਤੱਕ ਦੀਆਂ ਕਲਾਸਾਂ ਵਿਚ 202 ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਿਹਾ ਹੈ। ਸਕੂਲ ਵਿਚ ਆਰਟਸ, ਮੈਡੀਕਲ, ਨਾਨ ਮੈਡੀਕਲ ਅਤੇ ਕਾਮਰਸ਼ ਗਰੁੱਪ ਚਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਵਿਚ ਬੱਚਿਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ।
ਹਰ ਵਰਗ ਦੇ ਬੱਚੇ ਨੂੰ ਮਿਲੇਗੀ ਉੱਚ ਸਿੱਖਿਆ : ਜਸਵੀਰ ਸਿੰਘ ਰਾਣਾ
'ਆਪ' ਦੇ ਜ਼ਿਲ੍ਹਾ ਸਪੋਰਟਸ ਵਿੰਗ ਦੇ ਅਤੇ ਬਲਾਕ ਕੀਰਤਪੁਰ ਸਾਹਿਬ ਦੇ ਪ੍ਰਧਾਨ ਜਸਵੀਰ ਸਿੰਘ ਰਾਣਾ ਨੇ ਕਿਹਾ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਧਾਰਮਿਕ ਨਗਰੀ ਸ੍ਰੀ ਕੀਰਤਪੁਰ ਸਾਹਿਬ ਨੂੰ ਸਕੂਲ ਆਫ ਐਮੀਨੈਂਸ ਦੀ ਬਹੁਤ ਵੱਡੀ ਸੌਗਾਤ ਦਿੱਤੀ ਗਈ ਹੈ। ਆਉਣ ਵਾਲੇ ਸਮੇਂ ਵਿਚ ਇਲਾਕੇ ਦੇ ਬੱਚਿਆਂ ਲਈ ਵਧੀਆ ਸਿੱਖਿਆ ਪ੍ਰਾਪਤ ਕਰਨ ਲਈ ਇਸ ਸਕੂਲ ਨੂੰ ਪਹਿਲ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਸਕੂਲ ਵਿਚ ਹਰ ਵਰਗ ਦਾ ਬੱਚਾ ਚਾਹੇ ਉਹ ਅਮੀਰ ਹੈ, ਚਾਹੇ ਉਹ ਗਰੀਬ ਹੈ, ਟੈਸਟ ਪਾਸ ਕਰ ਕੇ ਸਿੱਖਿਆ ਪ੍ਰਾਪਤ ਕਰ ਸਕੇਗਾ। ਇਸ ਸਕੂਲ ਦੀ ਸਾਡੇ ਇਲਾਕੇ ਨੂੰ ਕਾਫੀ ਲੋੜ ਸੀ, ਜਿਸ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੂਰਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ- 20 ਦਿਨਾਂ ਦੀ ਛੁੱਟੀ 'ਤੇ ਆਏ ਫ਼ੌਜੀ ਦੀ ਸੜਕ ਹਾਦਸੇ 'ਚ ਮੌਤ, ਦੋ ਸਾਲਾ ਬੱਚੇ ਦੇ ਸਿਰੋਂ ਉੱਠਿਆ ਪਿਓ ਦਾ ਸਾਇਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ