ਚਿੱਟੀ ਵੇਈਂ 'ਚ ਸਾਫ਼ ਪਾਣੀ ਵਗਦਾ ਰੱਖਣ ਲਈ ਸੰਤ ਸੀਚੇਵਾਲ ਨੇ ਕੀਤੇ ਸਾਰਥਿਕ ਯਤਨ ਆਰੰਭ
Saturday, Nov 26, 2022 - 05:27 PM (IST)

ਸੁਲਤਾਨਪੁਰ ਲੋਧੀ (ਸੋਢੀ )- ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪ੍ਰਦੂਸ਼ਿਤ ਹੋ ਚੁੱਕੀ ਚਿੱਟੀ ਵੇਈਂ ਵਿੱਚ ਵੀ ਮੁੜ ਸਾਫ਼ ਪਾਣੀ ਵੱਗਦਾ ਰੱਖਣ ਦੇ ਸਾਰਥਿਕ ਯਤਨ ਆਰੰਭ ਦਿੱਤੇ ਹਨ। ਅਲਾਵਲਪੁਰ ਤੋਂ ਚਿੱਟੀ ਵੇਂਈ ਵਿੱਚ ਆ ਕੇ ਮਿਲਦੇ ਚੋਅ ਰਾਹੀ 100 ਕਿਊਸਿਕ ਪਾਣੀ ਛੱਡਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਚੋਅ ਦੁਆਲੇ ਬੰਨ੍ਹ ਬੰਨੇ ਜਾਣ ਦੇ ਕੰਮ ਦੀ ਸ਼ੁਰੂਆਤ ਖੁਦ ਸੰਤ ਸੀਚੇਵਾਲ ਜੀ ਨੇ ਐਕਸਾਵੇਟਰ (ਚੇਨ ਵਾਲੀ ਮਸ਼ੀਨ) ਚਲਾ ਕੇ ਕੀਤੀ। ਇਸ ਮੌਕੇ ਸੰਤ ਸੀਚੇਵਾਲ ਨੇ ਦੱਸਿਆ ਕਿ ਚਿੱਟੀ ਵੇਂਈ ਰੋਪੜ ਦੀਆਂ ਸ਼ਿਵਾਲਿਕ ਪਹਾੜੀਆਂ ਵਿੱਚੋਂ ਆਉਂਦੀ ਹੈ ਅਤੇ ਸਤਲੁਜ ਦਰਿਆ ਵਿੱਚ ਆ ਕੇ ਮਿਲ ਜਾਂਦੀ ਹੈ। ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਜਲੰਧਰ ਵਿੱਚੋਂ ਲੰਘਦੀ ਚਿੱਟੀ ਵੇਈਂ ਵਿੱਚ ਸਾਫ ਪਾਣੀ ਵੱਗਣ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਉਚਾ ਹੋਵੇਗਾ।
ਸੰਤ ਸੀਚੇਵਾਲ ਨੇ ਦੱਸਿਆ ਕਿ ਇਸ ਸਮੇਂ ਧਰਤੀ ਹੇਠਲੇ ਡੂੰਘੇ ਹੁੰਦੇ ਜਾ ਰਹੇ ਪਾਣੀਆਂ ਦੀ ਵੱਡੀ ਚਣੌਤੀ ਪੰਜਾਬ ਦੇ ਸਾਹਮਣੇ ਖੜੀ ਹੈ। ਸੂਬੇ ਦੀਆਂ ਲਗਭੱਗ ਸਾਰੀਆਂ ਡਰੇਨਾਂ ਅਤੇ ਚੋਅ ਹੁਣ ਗੰਦੇ ਨਾਲੇ ਬਣ ਕੇ ਰਹਿ ਗਏ ਹਨ, ਜਦ ਕਿ ਪਹਿਲਾਂ ਇਹ ਸਾਫ਼ ਪਾਣੀਆਂ ਦੇ ਵੱਡੇ ਕੁਦਰਤੀ ਸਰੋਤ ਹੋਇਆ ਕਰਦੇ ਸਨ। ਉਨ੍ਹਾਂ ਕਿਹਾ ਕਿ ਦੋਆਬੇ ਵਿੱਚ ਬਹੁਤ ਸਾਰੇ ਚੋਅ ਹਨ ਜੇਕਰ ਇਹ ਚੋਅ ਮੁੜ ਵੱਗਣ ਲੱਗ ਪੈਣ ਤਾਂ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਵੱਡਾ ਸੁਧਾਰ ਹੋ ਸਕਦਾ ਹੈ।
ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ ਵਿਖੇ ਦੋ ਭਰਾਵਾਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, ਚੱਲੇ ਤੇਜ਼ਧਾਰ ਹਥਿਆਰ, ਘਰ 'ਚ ਰੱਖਿਆ ਧੀ ਦਾ ਵਿਆਹ
ਨੰਗਲ ਫਤਿਹੇ ਖਾਂ, ਬੁੱਢਿਆਣਾ ਤੇ ਨੌਲੀ ਪਿੰਡਾਂ ਦੇ ਕਿਸਾਨਾਂ ਦੀਆਂ ਫਸਲਾਂ ਚੋਅ ਵਿੱਚ ਪਾਣੀ ਆਉਣ ਨਾਲ ਨੁਕਸਾਨੀਆਂ ਨਾ ਜਾਣ, ਇਸ ਲਈ ਚੋਅ ਦੇ ਬੰਨ੍ਹ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਗੁਰਦੁਆਰਾ ਹਰਿ ਹਰੀ ਸਾਹਿਬ ਨੌਲੀ ਦੇ ਮੁੱਖ ਸੇਵਾਦਾਰ ਸੰਤ ਅਜੀਤ ਸਿੰਘ ਨੇ ਦੱਸਿਆ ਕਿ ਜਿਹੜੇ ਤਿੰਨ ਪਿੰਡਾਂ ਦੇ ਕਿਸਾਨਾਂ ਦੀਆਂ ਫਸਲਾਂ ਵਿੱਚ ਚੋਅ ਦਾ ਪਾਣੀ ਆ ਜਾਂਦਾ ਸੀ ਉਸ ਦਾ ਢੁੱਕਵਾਂ ਪ੍ਰਬੰਧ ਕਰਨ ਲਈ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵਾਲਿਆਂ ਨਾਲ ਸੰਪਰਕ ਕੀਤਾ ਸੀ ਜਿੰਨ੍ਹਾਂ ਨੇ ਤੁਰੰਤ ਵੱਡੀ ਕਰੇਨ ਭੇਜ ਦਿੱਤੀ ਸੀ। ਚੋਅ ਦੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਇਲਾਕੇ ਦੇ ਕਿਸਾਨ ਵੀ ਪੂਰਾ ਸਹਿਯੋਗ ਦੇ ਰਹੇ ਹਨ ਤੇ ਐਕਸਾਵੇਟਰ ਮਸ਼ੀਨ ਵਿੱਚ ਪੈਣ ਵਾਲੇ ਤੇਲ ਦਾ ਖਰਚਾ ਲੋਕ ਸਾਂਝੇ ਤੌਰ ‘ਤੇ ਕਰ ਰਹੇ ਹਨ। ਇਸ ਮੌਕ ਐੱਸ. ਸੀ. ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਮੋਹਣ ਲਾਲ ਸੂਦ, ਬੋਲੀਨਾ ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਬਾਘਾ, ਨੌਲੀ ਪਿੰਡ ਦੇ ਸਰਪੰਚ ਹਰਦੇਵ ਸਿੰਘ ਤੇ ਕਿਸਾਨ ਗੁਰਵਿੰਦਰ ਸਿੰਘ ਸਮੇਤ ਇਲਾਕੇ ਦੇ ਹੋਰ ਆਗੂ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : ਟਾਂਡਾ ਵਿਖੇ ਵਿਆਹ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਨਸ਼ੇ ਦੀ ਓਵਰਡੋਜ਼ ਨਾਲ ਵਿਅਕਤੀ ਦੀ ਹੋਈ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।