ਜਲੰਧਰ ’ਚ ਖੁੱਲ੍ਹਣ ਜਾ ਰਿਹਾ ਰੇਤ-ਬੱਜਰੀ ਖਰੀਦ ਕੇਂਦਰ, ਡੇਢ ਏਕੜ ਪੰਚਾਇਤੀ ਜ਼ਮੀਨ ਦੀ ਹੋਈ ਚੋਣ
Thursday, Dec 22, 2022 - 12:02 AM (IST)

ਜਲੰਧਰ (ਸੁਰਿੰਦਰ)– ਘਰ ਬਣਾਉਣ ਲਈ ਮਹਿੰਗੇ ਰੇਟਾਂ ’ਤੇ ਮਿਲਣ ਵਾਲੇ ਰੇਤ ਅਤੇ ਬੱਜਰੀ ਦੇ ਟਿੱਪਰ ਹੁਣ ਸਰਕਾਰੀ ਰੇਟਾਂ ਵਿਚ ਜਲੰਧਰ ਵਿਚ ਹੀ ਮਿਲਣ ਜਾ ਰਹੇ ਹਨ। ਪੰਜਾਬ ਸਰਕਾਰ ਨੇ ਰੇਤ ਮਾਫੀਆ ’ਤੇ ਲਗਾਮ ਲਗਾਉਣ ਲਈ ਰੇਤ ਅਤੇ ਬੱਜਰੀ ਦੇ ਆਪਣੇ ਹੀ ਖਰੀਦ ਕੇਂਦਰ ਖੋਲ੍ਹਣ ਦਾ ਫੈਸਲਾ ਲਿਆ ਹੈ। ਮੋਹਾਲੀ ਤੋਂ ਬਾਅਦ ਜਲੰਧਰ ਵਿਚ ਪਹਿਲਾ ਖਰੀਦ ਕੇਂਦਰ ਅਲਾਵਲਪੁਰ-ਕਿਸ਼ਨਗੜ੍ਹ ਰੋਡ ’ਤੇ ਪੈਂਦੇ ਪਿੰਡ ਦੁਗਰੀ ਵਿਚ ਪੰਚਾਇਤੀ ਜ਼ਮੀਨ ’ਤੇ ਡੇਢ ਏਕੜ ਵਿਚ ਖੋਲ੍ਹਿਆ ਜਾ ਰਿਹਾ ਹੈ, ਜਿਸ ਵਿਚ ਮਾਈਨਿੰਗ ਅਧਿਕਾਰੀਆਂ ਨੇ ਥਾਂ ਫਾਈਨਲ ਕਰ ਲਈ ਹੈ ਅਤੇ ਹੁਣ ਸਿਰਫ ਮਟੀਰੀਅਲ ਦਾ ਹੀ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਚਰਨਜੀਤ ਸਿੰਘ ਚੰਨੀ, ਹਵੇਲੀ 'ਚ ਗੁਜ਼ਾਰੀ ਰਾਤ, ਪੁਲਸ ਨੇ ਦਿੱਤੇ ਸੰਮਨ
ਮਾਈਨਿੰਗ ਅਧਿਕਾਰੀਆਂ ਨੇ ਦੁਗਰੀ ਪਿੰਡ ਵਿਚ ਪੰਚਾਇਤੀ ਜ਼ਮੀਨ ਨੂੰ ਖਰੀਦ ਕੇਂਦਰ ਬਣਾਉਣ ਲਈ ਇਸ ਲਈ ਵੀ ਚੁਣਿਆ ਕਿਉਂਕਿ ਇਸ ਰੋਡ ’ਤੇ ਟਰੈਫਿਕ ਘੱਟ ਹੈ ਅਤੇ ਆਸਾਨੀ ਨਾਲ ਰੇਤ ਅਤੇ ਬੱਜਰੀ ਦੇ ਟਿੱਪਰ ਆ-ਜਾ ਸਕਦੇ ਹਨ। ਇਸ ਸਮੇਂ ਰੇਤ ਅਤੇ ਬੱਜਰੀ ਦੇ ਰੇਟ ਇੰਨੇ ਜ਼ਿਆਦਾ ਹਨ ਕਿ ਲੋਕਾਂ ਨੇ ਆਪਣੇ ਘਰ ਅਤੇ ਬਿਲਡਿੰਗ ਬਣਾਉਣ ਦਾ ਕੰਮ ਅੱਧ-ਵਿਚਕਾਰ ਹੀ ਰੋਕ ਦਿੱਤਾ ਹੈ।
ਡਗਾਰਾ ਖੱਡ ’ਚ ਰੇਤ ਹੋ ਗਈ ਹੈ ਖਤਮ
ਮਾਈਨਿੰਗ ਅਧਿਕਾਰੀ ਨੇ ਕਿਹਾ ਕਿ ਇਸ ਸਮੇਂ ਸਿਰਫ ਇਕ ਹੀ ਖੱਡ ਚੱਲ ਰਹੀ ਸੀ, ਜਿਥੋਂ ਲੋਕ ਰੇਤ ਖਰੀਦ ਰਹੇ ਸਨ ਪਰ ਉਹ ਪਿਛਲੇ ਕੁਝ ਸਮੇਂ ਤੋਂ ਬੰਦ ਪਈ ਹੋਈ ਹੈ। ਪਿਪਲੀ ਅਤੇ ਸਿੱਧਵਾਂ ਬੇਟ ਕੋਲ ਵੇਹਰਾਂ ਦੀ ਖੱਡ ਤੋਂ ਰੇਤ ਆ ਰਹੀ ਸੀ। ਸਤਲੁਜ ਦਾ ਪਾਣੀ ਆਉਣ ਕਾਰਨ ਉਹ ਬੰਦ ਹੋ ਗਈ। ਨਵੀਂ ਥਾਂ ’ਤੇ ਜੋ ਮਟੀਰੀਅਲ ਉਪਲੱਬਧ ਕਰਵਾਇਆ ਜਾਵੇਗਾ, ਉਹ ਹੁਸ਼ਿਆਰਪੁਰ ਅਤੇ ਪਠਾਨਕੋਟ ਤੋਂ ਹੀ ਮੰਗਵਾਇਆ ਜਾਵੇਗਾ। ਦੋਵਾਂ ਵਿਚੋਂ ਜੇਕਰ ਕਿਸੇ ਇਕ ਥਾਂ ਤੋਂ ਸਸਤੇ ਰੇਟ ’ਤੇ ਰੇਤ ਮਿਲਦੀ ਹੋਵੇਗੀ ਤਾਂ ਸਟਾਕ ਉਠਾ ਲਿਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਪਿਓ ਨਾਲ ਮੰਦਰ ਜਾ ਰਹੀ ਧੀ ਹੋਈ 'ਅਗਵਾ'! ਫਿਰ ਕੁੜੀ ਦੀ ਵਾਇਰਲ ਹੋਈ ਵੀਡੀਓ ਨੇ ਸਾਰਿਆਂ ਨੂੰ ਕੀਤਾ ਹੈਰਾਨ
ਆਸਾਨੀ ਨਾਲ ਮੁਹੱਈਆ ਹੋਵੇਗੀ ਰੇਤ ਅਤੇ ਬੱਜਰੀ
ਮਾਈਨਿੰਗ ਅਧਿਕਾਰੀ ਗੁਰਬੀਰ ਸਿੰਘ ਨੇ ਦੱਸਿਆ ਕਿ ਉਕਤ ਥਾਂ ਤੋਂ ਰੇਤ ਅਤੇ ਬੱਜਰੀ ਆਸਾਨੀ ਨਾਲ ਲੋਕਾਂ ਨੂੰ ਮਿਲ ਸਕੇਗੀ। ਬਿਲਡਰਜ਼ ਅਤੇ ਲੋਕ ਸਿੱਧਾ ਖਰੀਦ ਕੇਂਦਰ ਤੋਂ ਮਟੀਰੀਅਲ ਖਰੀਦ ਸਕਦੇ ਹਨ। ਸਾਰਿਆਂ ਤੋਂ ਰੇਟ ਡਿਸਪਲੇਅ ਕੀਤੇ ਜਾਣਗੇ। ਜੋ ਵੀ ਕੰਮ ਹੋਵੇਗਾ, ਪਾਰਦਰਸ਼ੀ ਹੋਵੇਗਾ। ਇਸਦਾ ਫਾਇਦਾ ਲੋਕਾਂ ਨੂੰ ਹੀ ਹੋਵੇਗਾ। ਉਮੀਦ ਹੈ ਕਿ 2 ਦਿਨ ਬਾਅਦ ਖਰੀਦ ਕੇਂਦਰ ਵਿਚ ਮਟੀਰੀਅਲ ਪਹੁੰਚ ਜਾਵੇਗਾ। ਉਥੇ ਹੀ ਇਸ ਖਰੀਦ ਕੇਂਦਰ ਦੇ ਨਾਲ-ਨਾਲ ਹੋਰ 2 ਥਾਵਾਂ ਵੀ ਦੇਖੀਆਂ ਜਾ ਰਹੀਆਂ ਹਨ ਤਾਂ ਜੋ ਉਨ੍ਹਾਂ ਥਾਵਾਂ ’ਤੇ ਵੀ ਮਟੀਰੀਅਲ ਵੇਚਿਆ ਜਾ ਸਕੇ।
15 ਹਜ਼ਾਰ ਵਿਚ ਮਿਲਣ ਵਾਲਾ ਟਿੱਪਰ ਮਿਲ ਰਿਹਾ 50 ਤੋਂ 65 ਹਜ਼ਾਰ ਰੁਪਏ ’ਚ
ਜ਼ਿਕਰਯੋਗ ਹੈ ਕਿ ਹਾਲੇ ਰੇਤ ਅਤੇ ਬੱਜਰੀ ਨਾ ਮਿਲਣ ਕਾਰਨ 900 ਵਰਗ ਫੁੱਟ ਦਾ ਟਿੱਪਰ ਜੋ 15 ਹਜ਼ਾਰ ਰੁਪਏ ਵਿਚ ਮਿਲ ਜਾਂਦਾ ਸੀ, ਉਹ ਹੁਣ 50 ਤੋਂ 65 ਹਜ਼ਾਰ ਰੁਪਏ ਵਿਚ ਮਿਲ ਰਿਹਾ ਹੈ। ਕਾਂਗਰਸ ਸਰਕਾਰ ਦੇ ਰਾਜ ਵਿਚ ਰੇਤ 27 ਰੁਪਏ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ ਮਿਲਦੀ ਸੀ, ਜਿਸ ਦੀ ਕੀਮਤ ਹੁਣ 36 ਤੋਂ 40 ਰੁਪਏ ਵਰਗ ਫੁੱਟ ਤੱਕ ਪਹੁੰਚ ਗਈ ਹੈ। ਇਸੇ ਤਰ੍ਹਾਂ ਬੱਜਰੀ ਦਾ ਰੇਟ 18 ਤੋਂ 28 ਤੱਕ ਪਹੁੰਚ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਅਹਿਮ ਖ਼ਬਰ : ਠੰਡ ਦੇ ਮੱਦੇਨਜ਼ਰ ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਦਾ ਐਲਾਨ
ਰੁਕੇ ਹੋਏ ਸਰਕਾਰੀ ਕੰਮ ਵੀ ਹੋ ਜਾਣਗੇ ਸ਼ੁਰੂ
ਜਲੰਧਰ ਵਿਚ ਦੁਗਰੀ ਰੋਡ ’ਤੇ ਖੁੱਲ੍ਹਣ ਜਾ ਰਹੇ ਖਰੀਦ ਕੇਂਦਰ ਦਾ ਫਾਇਦਾ ਲੋਕ ਨਿਰਮਾਣ ਵਿਭਾਗ ਦੇ ਨਾਲ-ਨਾਲ ਬਾਕੀ ਸਰਕਾਰੀ ਵਿਭਾਗਾਂ ਨੂੰ ਵੀ ਮਿਲੇਗਾ ਕਿਉਂਕਿ ਰੇਤ ਅਤੇ ਬੱਜਰੀ ਦੇ ਰੇਟ ਵਧਣ ਕਾਰਨ ਸਾਰੇ ਪ੍ਰਾਜੈਕਟ ਅੱਧ ਵਿਚ ਲਟਕ ਰਹੇ ਹਨ। ਪ੍ਰਸ਼ਾਸਨ ਦੀ ਪਹਿਲ ਰਹੇਗੀ ਕਿ ਉਹ ਇਨ੍ਹਾਂ ਕੰਮਾਂ ਨੂੰ ਜਲਦ ਹੀ ਖ਼ਤਮ ਕਰਵਾਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।