ਜਲੰਧਰ ਦੇ ਪਿੰਡ ਧੋਗੜੀ ਤੋਂ ਅਗਵਾ ਹੋਏ 3 ਬੱਚਿਆਂ ਦੀ ਸੁਰੱਖਿਅਤ ਵਾਪਸੀ
Monday, Jan 26, 2026 - 10:13 PM (IST)
ਟਾਂਡਾ ਉੜਮੁੜ/ਜਲੰਧਰ, (ਪਰਮਜੀਤ ਸਿੰਘ ਮੋਮੀ)- ਪੰਜਾਬ ਦੇ ਜ਼ਿਲ੍ਹਾ ਜਲੰਧਰ ਅਧੀਨ ਪੈਂਦੇ ਪਿੰਡ ਧੋਗੜੀ ਤੋਂ ਅਗਵਾ ਕੀਤੇ ਗਏ ਤਿੰਨ ਬੱਚਿਆਂ ਦੇ ਸੁਰੱਖਿਅਤ ਮਿਲਣ ਨਾਲ ਇਲਾਕੇ ਵਿੱਚ ਵੱਡੀ ਰਾਹਤ ਦੇਖਣ ਨੂੰ ਮਿਲੀ ਹੈ। ਵੈਨ ਸਵਾਰ ਹਥਿਆਰਬੰਦ ਨਕਾਬਪੋਸ਼ ਲੁਟੇਰਿਆਂ ਵੱਲੋਂ ਅਗਵਾ ਕੀਤੇ ਗਏ ਇਹ ਬੱਚੇ ਲੁਟੇਰਿਆਂ ਦੇ ਚੁੰਗਲ ਵਿੱਚੋਂ ਬਚ ਕੇ ਟਾਂਡਾ ਦੇ ਪਿੰਡ ਖੁੱਡਾ ਪਹੁੰਚੇ, ਜਿੱਥੇ ਸਰਪੰਚ ਅਤੇ ਪਿੰਡ ਵਾਸੀਆਂ ਨੇ ਉਨ੍ਹਾਂ ਦੀ ਮਦਦ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ, ਬੀਤੇ ਦਿਨ ਪਿੰਡ ਧੋਗੜੀ ਦੇ ਰਹਿਣ ਵਾਲੇ ਕਾਰਤਿਕ ਦੀਪ (10), ਵੰਸ਼ (12) ਅਤੇ ਸੈਮੂਅਲ (10) ਖੇਤਾਂ ਵਿੱਚ ਪਤੰਗ ਲੁੱਟਣ ਲਈ ਗਏ ਸਨ। ਇਸ ਦੌਰਾਨ ਕਾਰ ਵਿੱਚ ਆਏ ਕਰੀਬ ਚਾਰ ਹਥਿਆਰਬੰਦ ਨਕਾਬਪੋਸ਼ਾਂ ਨੇ ਬੱਚਿਆਂ ਨੂੰ ਅਗਵਾ ਕਰ ਲਿਆ ਅਤੇ ਮੁਕੇਰੀਆਂ-ਦਸੂਹਾ ਸਾਈਡ ਵੱਲ ਲੈ ਗਏ। ਬੱਚਿਆਂ ਨੇ ਦੱਸਿਆ ਕਿ ਅਗਵਾਕਾਰਾਂ ਨੇ ਆਪਣੇ ਮੂੰਹ ਪਰਨਿਆਂ ਨਾਲ ਬੰਨੇ ਹੋਏ ਸਨ ਅਤੇ ਉਹ ਹਿੰਦੀ ਤੇ ਪੰਜਾਬੀ ਵਿੱਚ ਗੱਲਬਾਤ ਕਰ ਰਹੇ ਸਨ।
ਬੱਚਿਆਂ ਨੇ ਹਿੰਮਤ ਦਿਖਾਉਂਦੇ ਹੋਏ ਰਾਤ ਕਰੀਬ 12 ਵਜੇ ਅਗਵਾਕਾਰਾਂ ਤੋਂ ਬਚ ਕੇ ਇੱਕ ਸਾਈਕਲ ਰਾਹੀਂ ਜਲੰਧਰ-ਪਠਾਨਕੋਟ ਰਸਤੇ 'ਤੇ ਵਾਪਸੀ ਸ਼ੁਰੂ ਕੀਤੀ। ਭੁੱਖ ਅਤੇ ਤੇਜ਼ ਠੰਡ ਕਾਰਨ ਉਹ ਪਿੰਡ ਖੁੱਡਾ ਕੋਲ ਰੁਕ ਗਏ, ਜਿੱਥੇ ਇੱਕ ਦੁਕਾਨਦਾਰ ਦੇ ਜ਼ਰੀਏ ਉਨ੍ਹਾਂ ਦਾ ਸੰਪਰਕ ਸਰਪੰਚ ਹਰਬੰਸ ਸਿੰਘ ਖੁੱਡਾ ਨਾਲ ਹੋਇਆ। ਸਰਪੰਚ ਨੇ ਤੁਰੰਤ ਬੱਚਿਆਂ ਨੂੰ ਠੰਡ ਤੋਂ ਬਚਾਉਣ ਲਈ ਕੱਪੜੇ ਅਤੇ ਖਾਣ-ਪੀਣ ਦਾ ਸਮਾਨ ਮੁਹੱਈਆ ਕਰਵਾਇਆ।
ਬੱਚਿਆਂ ਦੇ ਮਾਪਿਆਂ ਨੇ ਪਹਿਲਾਂ ਹੀ ਜੰਡੂ ਸਿੰਘਾ ਚੌਂਕੀ ਵਿੱਚ ਬੱਚਿਆਂ ਦੇ ਗੁੰਮ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਸੂਚਨਾ ਮਿਲਣ 'ਤੇ ਜੰਡੂ ਸਿੰਘਾ ਤੋਂ ਚੌਂਕੀ ਇੰਚਾਰਜ ਕੁਲਦੀਪ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਸਰਪੰਚ ਹਰਬੰਸ ਸਿੰਘ ਨੇ ਪੁਲਿਸ ਦੀ ਹਾਜ਼ਰੀ ਵਿੱਚ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕੀਤਾ।
ਚੌਂਕੀ ਇੰਚਾਰਜ ਕੁਲਦੀਪ ਸਿੰਘ ਨੇ ਸਰਪੰਚ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਜ਼ਿਲ੍ਹਾ ਜਲੰਧਰ ਦੀ ਪੁਲਿਸ ਹੁਣ ਇਸ ਗੱਲ ਦੀ ਡੂੰਘਾਈ ਨਾਲ ਛਾਣਬੀਣ ਕਰ ਰਹੀ ਹੈ ਕਿ ਲੁਟੇਰਿਆਂ ਨੇ ਬੱਚਿਆਂ ਨੂੰ ਕਿਸ ਨੀਅਤ ਨਾਲ ਅਗਵਾ ਕੀਤਾ ਸੀ ਅਤੇ ਇਸ ਪਿੱਛੇ ਕੌਣ ਸ਼ਾਮਲ ਹੈ।
