ਲੁੱਟ-ਖੋਹ ਕਰ ਕੇ ਭੱਜ ਰਹੇ ਲੁਟੇਰਿਆਂ ਨੂੰ ਸਦਰ ਪੁਲਸ ਨੇ ਗਗਰੇਟ ਦੇ ਜੰਗਲ ’ਚ ਘੇਰਿਆ
Thursday, Sep 13, 2018 - 03:36 AM (IST)

ਹੁਸ਼ਿਆਰਪੁਰ, (ਅਮਰਿੰਦਰ)- ਚਿੰਤਪੂਰਨੀ ਰੋਡ ’ਤੇ ਸਾਈਕਲ ਸਵਾਰ ਤੋਂ 10 ਹਜ਼ਾਰ ਰੁਪਏ ਲੁੱਟਣ ਉਪਰੰਤ ਹਰਕਤ ’ਚ ਆਈ ਸਦਰ ਪੁਲਸ ਨੂੰ ਪਿੱਛਾ ਕਰਦੇ ਹੋਏ ਦੇਖ ਬਿਨਾਂ ਨੰਬਰ ਵਾਲੀ ਅਲਟੋ ਕਾਰ ਸਵਾਰ ਲੁਟੇਰੇ ਫ਼ਿਲਮੀ ਅੰਦਾਜ਼ ’ਚ ਗਗਰੇਟ ਵੱਲ ਭੱਜਣ ਲੱਗੇ। ਲੁਟੇਰਿਆਂ ਦੀ ਕਾਰ ਨੇ ਪਹਾਡ਼ੀ ਖੇਤਰ ’ਚ ਮੰਗੂਵਾਲ ਦੇ ਨਜ਼ਦੀਕ ਨਾ ਸਿਰਫ਼ ਪੰਜਾਬ ਪੁਲਸ ਦਾ ਬੈਰੀਅਰ ਬਲਕਿ ਪੰਜਾਬ-ਹਿਮਾਚਲ ਸੀਮਾ ’ਤੇ ਹਿਮਾਚਲ ਪੁਲਸ ਦਾ ਬੈਰੀਅਰ ਵੀ ਤੋਡ਼ ਦਿੱਤਾ। ਇਸੇ ’ਚ ਵਾਇਰਲੈੱਸ ਸੰਦੇਸ਼ ਦੇ ਜਰੀਏ ਸੂਚਨਾ ਮਿਲਦੇ ਹੀ ਅੱਗੇ ਗਗਰੇਟ ਪੁਲਸ ਚੌਕਸ ਹੋ ਗਈ। ਇਹ ਦੇਖ ਲੁਟੇਰਿਆਂ ਨੇ ਅਪਣੀ ਅਲਟੋ ਕਾਰ ਨੂੰ ਕੱਚੇ ਰਸਤੇ ’ਚ ਉਤਾਰ ਲਿਆ ਪਰ ਅੱਗੇ ਰਸਤਾ ਬੰਦ ਤੇ ਜੰਗਲ ਨੁੰ ਦੇਖ ਕਾਰ ਛੱਡ ਜੰਗਲ ਵੱਲ ਫ਼ਰਾਰ ਹੋਣ ਲੱਗੇ। ਇਸ ਦੌਰਾਨ ਕਾਰ ਦਾ ਪਹਿਲਾਂ ਹੀ ਪਿੱਛਾ ਕਰ ਰਹੇ ਥਾਣਾ ਸਦਰ ਦੇ ਐੱਸ.ਐੱਚ.ਓ. ਰਾਜੇਸ਼ ਅਰੋਡ਼ਾ ਨੇ ਫ਼ਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਤਿੰਨਾਂ ਲੁਟੇਰਿਆਂ ’ਚੋਂ 1 ਨੂੰ ਕਾਬੂ ਕਰ ਲਿਆ। ਖ਼ਬਰ ਲਿਖੇ ਜਾਣ ਤੱਕ ਥਾਣਾ ਸਦਰ ਪੁਲਸ ਗਗਰੇਟ ਤੇ ਪਿੰਡਾਂ ਦੇ ਲੋਕਾਂ ਦੀ ਸਹਾਇਤਾ ਨਾਲ ਗਗਰੇਟ ਦੇ ਜੰਗਲ ’ਚ ਫ਼ਰਾਰ ਚੱਲ ਰਹੇ ਦੋਨਾਂ ਹੀ ਲੁਟੇਰਿਆਂ ਦੀ ਤਲਾਸ਼ ਲਈ ਆਸਪਾਸ ਦੇ ਵਾਸੀਆਂ ਦੀ ਸਹਾਇਤਾ ਨਾਲ ਸਰਚ ਆਪ੍ਰੇਸ਼ਨ ਚਲਾ ਰਹੀ ਹੈ।
ਲੁੱਟ-ਖੋੋਹ ਦੇ ਸ਼ਿਕਾਰ ਵਿਅਕਤੀ ਦੀ ਪੁਲਸ ਕਰ ਰਹੀ ਹੈ ਭਾਲ
ਗੌਰਤਲਬ ਹੈ ਕਿ ਅੱਜ 2 ਵਜੇ ਦੇ ਕਰੀਬ ਸਾਈਕਲ ਸਵਾਰ ਚਿੰਤਪੂਰਨੀ ਰੋਡ ’ਤੇ ਚੌਹਾਲ ਦੇ ਬੈਂਕ ਤੋਂ 10 ਹਜ਼ਾਰ ਰੁਪਏ ਕੱਢਵਾ ਕੇ ਘਰ ਵਾਪਸ ਜਾ ਰਿਹਾ ਸੀ। ਪਿੱਛੇ ਤੋਂ ਅਲਟੋ ਕਾਰ ਸਵਾਰ ਸਾਈਕਲ ਨੂੰ ਟੱਕਰ ਮਾਰ ਹੇਠਾਂ ਸੁੱਟਣ ਦੇ ਬਾਅਦ ਉਸ ਦੀ ਜੇਬ ’ਚੋਂ 10 ਹਜ਼ਾਰ ਰੁਪਏ ਖੋਹ ਕੇ ਫ਼ਰਾਰ ਹੋ ਗਏ। ਰਸਤੇ ’ਚ ਬਰੋਟੀ ਨਜ਼ਦੀਕ ਵੀ ਲੁਟੇਰਿਆਂ ਨੇ ਕਿਸੇ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲ ਨਹੀਂ ਹੋ ਸਕੇ।
ਇਸ ਦੌਰਾਨ ’ਚ ਇਸ ਮਾਮਲੇ ਦੀ ਸੂਚਨਾ ਪੁਲਸ ਕੰਟਰੋਲ ਰੂਮ ਨੂੰ ਕਰ ਦਿੱਤੀ ਗਈ। ਸੂਚਨਾ ਮਿਲਦੇ ਥਾਣਾ ਸਦਰ ’ਚ ਤਾਇਨਾਤ ਐੱਸ.ਐੱਚ.ਓ. ਨੇ ਪੁਲਸ ਪਾਰਟੀ ਨਾਲ ਲੁਟੇਰਿਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।
ਕਪੂਰਥਲਾ ’ਚੋਂ ਖੋਹੀ ਸੀ ਲੁਟੇਰਿਅਾਂ ਨੇ ਕਾਰ
ਅੱਜ ਸ਼ਾਮ ਮਿਲੀ ਜਾਣਕਾਰੀ ਅਨੁਸਾਰ ਪੁਲਸ ਨੇ ਜਦੋਂ ਅੱਧੇ ਨੰਬਰ ਵਾਲੀ ਅਲਟੋ ਕਾਰ ਦੇ ਕਾਗਜ਼ਾਤਾਂ ਦੀ ਜਾਂਚ ਕੀਤੀ ਤਾਂ ਕਾਰ ਦਾ ਮਾਲਕ ਮੁਕਤਸਰ ਜ਼ਿਲੇ ਦੇ ਮਲੋਟ ਦਾ ਨਿਕਲਿਆ। ਪੁਲਸ ਜਾਂਚ ’ਚ ਪਤਾ ਚੱਲਿਆ ਕਿ ਲੁਟੇਰੇ ਇਹ ਅਲਟੋ ਕਾਰ ਕਪੂਰਥਲਾ ’ਚ ਖੋਹਣ ਦੇ ਬਾਅਦ ਇਸਦੀ ਵਰਤੋਂ ਲੁੱਟ ਖੋਹ ਕਰਨ ਲਈ ਕਰ ਰਹੇ ਸੀ।
ਪੁਲਸ ਨੇ ਕਾਰ ’ਚੋਂ ਹਥਿਆਰ ਤੇ ਮਿਰਚ ਦਾ ਪਾਊਡਰ ਬਰਾਮਦ ਕੀਤਾ ਹੈ।
ਤਰਨਤਾਰਨ ਦੇ ਮੁਲਜ਼ਮ ਦੀਪਾ ਤੋਂ ਪੁਲਸ ਕਰ ਰਹੀ ਹੈ ਪੁੱਛਗਿੱਛ : ਅਰੋਡ਼ਾ
ਥਾਣਾ ਸਦਰ ਦੇ ਐੱਸ.ਐੱਚ.ਓ. ਰਾਜੇਸ਼ ਅਰੋਡ਼ਾ ਨੂੰ ਵਾਰ-ਵਾਰ ਪੁੱਛਣ ’ਤੇ ਵੀ ਉਨ੍ਹਾਂ ਇਹੀ ਦੱਸਿਆ ਕਿ ਸਦਰ ਪੁਲਸ ਨੇ ਗਗਰੇਟ ’ਚ ਲੁਟੇਰਿਆਂ ਨੂੰ ਘੇਰ ਕੇ ਇਕ ਮੁਲਜ਼ਮ ਗੁਰਦੀਪ ਸਿੰਘ ਉਰਫ਼ ਦੀਪਾ ਵਾਸੀ ਪਿਡ ਬੇਪਈ ਜ਼ਿਲਾ ਤਰਨਤਾਰਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁੱਛਗਿੱਛ ’ਚ ਦੀਪਾ ਅਜੇ ਤੱਕ ਪੁਲਸ ਨੂੰ ਇਹ ਦੱਸ ਰਿਹਾ ਹੈ ਕਿ ਉਹ ਫ਼ਰਾਰ ਚੱਲ ਰਹੇ ਦੋਹਾਂ ਹੀ ਲੁਟੇਰਿਆਂ ਨੂੰ ਨਹੀਂ ਜਾਣਦਾ। ਉਹ ਤਾਂ ਦੋਹਾਂ ਲਈ ਕਿਰਾਏ ’ਤੇ ਵਾਰਦਾਤ ’ਚ ਸ਼ਾਮਲ ਹੁੰਦਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਮੀਦ ਹੈ ਕਿ ਪੁਲਸ ਜਲਦ ਹੀ ਫ਼ਰਾਰ ਚੱਲ ਰਹੇ ਦੋਸ਼ੀਆਂ ਨੂੰ ਕਾਬੂ ਕਰ ਲਵੇਗੀ।