ਅੰਮ੍ਰਿਤਸਰ ਦੀ ਔਰਤ ਕੋਲੋਂ ਪਰਸ ਖੋਹਣ ਵਾਲੇ 2 ਦੋਸ਼ੀ ਗ੍ਰਿਫ਼ਤਾਰ

Saturday, Mar 23, 2019 - 08:02 PM (IST)

ਅੰਮ੍ਰਿਤਸਰ ਦੀ ਔਰਤ ਕੋਲੋਂ ਪਰਸ ਖੋਹਣ ਵਾਲੇ 2 ਦੋਸ਼ੀ ਗ੍ਰਿਫ਼ਤਾਰ

ਹੁਸ਼ਿਆਰਪੁਰ,(ਅਮਰਿੰਦਰ) : ਚੋਰੀ ਤੇ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੇ ਮਾਮਲੇ 'ਚ ਸੀ. ਸੀ. ਟੀ. ਵੀ. ਫੁਟੇਜ਼ ਕਿਸੇ ਸਮੇਂ ਅਪਰਾਧੀਆਂ ਨੂੰ ਸਲਾਖਾਂ ਪਿੱਛੇ ਪਹੁੰਚਾਉਣ 'ਚ ਸਹਾਇਕ ਸਾਬਤ ਹੁੰਦੀ ਹੈ। ਬੀਤੇ ਦਿਨੀਂ ਅੰਮ੍ਰਿਤਸਰ ਦੀ ਰਹਿਣ ਵਾਲੀ ਔਰਤ ਪ੍ਰਿਆਦਰਸ਼ਨੀ ਸ਼ਰਮਾ ਪਤਨੀ ਅਨਿਲ ਸ਼ਰਮਾ ਕੋਲੋਂ ਸਬਜ਼ੀ ਮੰਡੀ ਵਾਲੀ ਗਲੀ 'ਚ ਮੋਟਰਸਾਈਕਲ 'ਤੇ ਸਵਾਰ ਸਨੈਚਰ ਪਰਸ ਖੋਹ ਕੇ ਫਰਾਰ ਹੋ ਗਏ ਸਨ। ਥਾਣਾ ਸਿਟੀ ਦੇ ਐੱਸ. ਐੱਚ. ਓ. ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ਼ ਦੇ ਅਧਾਰ 'ਤੇ ਦੋਵੇਂ ਦੋਸ਼ੀਆਂ ਪ੍ਰਭਜੋਤ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਗੋਕਲ ਨਗਰ ਅਤੇ ਅਮਨਦੀਪ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਰਾਮਗੜ੍ਹੀਆ ਮੁਹੱਲਾ ਗੁਰਾਇਆ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ।

ਕਿਸ ਤਰ੍ਹਾਂ ਦਿੱਤਾ ਸੀ ਘਟਨਾ ਨੂੰ ਅੰਜਾਮ
ਥਾਣਾ ਸਿਟੀ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਅੰਮ੍ਰਿਤਸਰ ਦੀ ਵਾਸੀ ਪ੍ਰਿਆਦਰਸ਼ਨੀ ਸ਼ਰਮਾ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ ਬੱਸ ਸਟੈਂਡ 'ਤੇ ਉਤਰਨ ਤੋਂ ਬਾਅਦ ਆਪਣੇ ਰਿਸ਼ਤੇਦਾਰ ਨਾਲ ਐਕਟਿਵਾ 'ਤੇ ਸਵਾਰ ਹੋ ਕੇ ਜਗਤਪੁਰਾ ਵੱਲ ਜਾ ਰਹੀ ਸੀ ਕਿ ਜਗਤਪੁਰਾ ਵੱਲ ਮੁੜਦਿਆਂ ਹੀ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਤੇਜ਼ੀ ਨਾਲ ਉਸ ਦਾ ਪਰਸ ਖੋਹ ਲਿਆ ਤੇ ਫਰਾਰ ਹੋ ਗਏ। ਪਰਸ ਵਿਚ ਇਕ ਸੋਨੇ ਦੀ ਚੇਨ, 5 ਅੰਗੂਠੀਆਂ, ਕੰਨਾਂ ਦੀਆਂ ਵਾਲੀਆਂ, ਕੜੇ, ਮੋਬਾਇਲ ਫੋਨ, 8000 ਰੁਪਏ ਦੀ ਨਕਦੀ ਤੇ ਆਧਾਰ ਕਾਰਡ ਆਦਿ ਤੋਂ ਇਲਾਵਾ ਜ਼ਰੂਰੀ ਕਾਗਜ਼ਾਤ ਵੀ ਸਨ।

ਦੋਸ਼ੀਆਂ ਕੋਲੋਂ 8 ਤੋਲੇ ਸੋਨੇ ਦੇ ਗਹਿਣੇ ਬਰਾਮਦ
ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਦੋਵੇਂ ਦੋਸ਼ੀਆਂ ਕੋਲੋਂ ਪੁੱਛਗਿੱਛ ਦੌਰਾਨ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਔਰਤ ਦੇ ਪਰਸ 'ਚੋਂ ਗਾਇਬ ਕੀਤੇ 8 ਤੋਲੇ ਸੋਨੇ ਦੇ ਗਹਿਣੇ ਬਰਾਮਦ ਕਰ ਲਏ ਹਨ। ਉਨ੍ਹਾਂ ਦੱਸਿਆ ਕਿ ਪੁਲਸ ਦੋਸ਼ੀਆਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕਰੇਗੀ ਤਾਂ ਜੋ ਹੋਰਨਾਂ ਵਾਰਦਾਤਾਂ ਦਾ ਵੀ ਸੁਰਾਗ ਲਾਇਆ ਜਾ ਸਕੇ।


author

Deepak Kumar

Content Editor

Related News