ਘਰ 'ਚ ਦਾਖ਼ਲ ਹੋ ਕੇ ਲੁਟੇਰਿਆਂ ਨੇ ਬਜ਼ੁਰਗ ਜੋੜੇ ਦੀ ਕੁੱਟਮਾਰ ਕਰਕੇ ਲੁੱਟੇ ਗਹਿਣੇ ਤੇ ਨਕਦੀ

Sunday, Oct 02, 2022 - 01:10 PM (IST)

ਘਰ 'ਚ ਦਾਖ਼ਲ ਹੋ ਕੇ ਲੁਟੇਰਿਆਂ ਨੇ ਬਜ਼ੁਰਗ ਜੋੜੇ ਦੀ ਕੁੱਟਮਾਰ ਕਰਕੇ ਲੁੱਟੇ ਗਹਿਣੇ ਤੇ ਨਕਦੀ

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਕੁਲਦੀਸ਼, ਪਰਮਜੀਤ ਸਿੰਘ ਮੋਮੀ)- ਟਾਂਡਾ ਉੜਮੁੜ ਦੇ ਪਿੰਡ ਗਿਲਜੀਆਂ ਵਿੱਚ ਬੀਤੀ ਰਾਤ ਪੰਜ ਲੁਟੇਰਿਆਂ ਨੇ ਇਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰਿਆਂ ਨੇ ਘਰ ਵਿੱਚ ਦਾਖ਼ਲ ਹੋ ਕੇ ਬਜ਼ੁਰਗ ਜੋੜੇ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਕੁੱਟਮਾਰ ਕਰਦੇ ਹੋਏ ਲੱਖਾਂ ਰੁਪਏ ਦੀ ਨਕਦੀ ਅਤੇ ਗਹਿਣੇ ਲੁੱਟ ਲਏ।

PunjabKesari

ਇਸ ਦੌਰਾਨ ਜ਼ਖ਼ਮੀ ਹੋਏ ਬਲਵਿੰਦਰ ਕੌਰ ਅਤੇ ਰਾਜ ਕੌਰ ਨੂੰ ਟਾਂਡਾ ਉੜਮੁੜ ਸਰਕਾਰੀ ਹਸਪਤਾਲ ਵਿਚ ਮੁੱਢਲੀ ਡਾਕਟਰੀ ਸਹਾਇਤਾ ਦੇਣ ਉਪਰੰਤ ਜਲੰਧਰ ਰੈਫਰ ਕੀਤਾ ਗਿਆ ਹੈ। ਟਾਂਡਾ ਉੜਮੁੜ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲੁੱਟਖੋਹ ਦਾ ਸ਼ਿਕਾਰ ਹੋਏ ਬਲਵਿੰਦਰ ਸਿੰਘ ਪੁੱਤਰ ਭੁੱਲਾ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਘਰ ਵਿੱਚ ਪਤਨੀ ਰਾਜ ਕੌਰ ਅਤੇ ਨੂੰਹ ਨਾਲ ਮੌਜੂਦ ਸੀ ਕਿ ਕਰੀਬ 12.30 ਵਜੇ ਘਰ ਵਿਚ ਹਥਿਆਰਾਂ ਸਮੇਤ ਦਾਖ਼ਲ ਹੋਏ ਲੁਟੇਰਿਆਂ ਨੇ ਉਨ੍ਹਾਂ ਨਾਲ, ਉਨ੍ਹਾਂ ਦੀ ਪਤਨੀ ਅਤੇ ਨੂੰਹ ਨਾਲ ਕੁੱਟਮਾਰ ਕਰਦੇ ਹੋਏ ਘਰ ਦੀ ਫਰੋਲਾ-ਫਰਾਲੀ ਕੀਤੀ। ਚੋਰਾਂ ਨੇ ਉਨ੍ਹਾਂ ਦੇ ਕਰੀਬ 7.50 ਲੱਖ ਰੁਪਏ ਦੀ ਨਕਦੀ, 5500 ਡਾਲਰ  ਕਰੀਬ ਸਾਢੇ 7.50 ਯੂਰੋ ਅਤੇ ਕਰੀਬ 15 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ। 

ਇਹ ਵੀ ਪੜ੍ਹੋ: ਦੇਸ਼ ਪੱਧਰੀ ਸਰਵੇਖਣ ’ਚ 154ਵੇਂ ਰੈਂਕ ’ਤੇ ਆਇਆ ਜਲੰਧਰ ਸ਼ਹਿਰ, ਸਵੱਛਤਾ ਰੈਂਕਿੰਗ ’ਚ 7 ਅੰਕਾਂ ਦਾ ਸੁਧਾਰ

ਚੋਰੀ ਦੀ ਇਸ ਵਾਰਦਾਤ ਸਬੰਧੀ ਉਨ੍ਹਾਂ ਨੇ ਸਵੇਰੇ ਕਰੀਬ 2.45 ਵਜੇ ਪਿੰਡ ਇਬਰਾਹੀਮਪੁਰ ਦੇ ਇਕ ਵਿਅਕਤੀ ਨੂੰ ਸੂਚਨਾ ਦਿੱਤੀ, ਜਿਸ ਉਪਰੰਤ ਉਨ੍ਹਾਂ ਨੂੰ ਜ਼ਖਮੀ ਹਾਲਤ ਵਿਚ ਸਰਕਾਰੀ ਹਸਪਤਾਲ ਟਾਂਡਾ ਦਾਖ਼ਲ ਕਰਵਾਇਆ ਗਿਆ, ਜਿੱਥੋਂ ਉਨ੍ਹਾਂ ਦੀ ਹਾਲਤ ਗੰਭੀਰ ਵੇਖਦਿਆਂ ਜਲੰਧਰ ਦੇ ਇਕ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਇਸ ਸਬੰਧੀ  ਟਾਂਡਾ ਪੁਲਸ ਨੇ ਮੌਕੇ ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ: ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਜਲੰਧਰ ਪੁਲਸ ਕਮਿਸ਼ਨਰ ਦੀ ਸਖ਼ਤੀ, ਅਧਿਕਾਰੀਆਂ ਨੂੰ ਦਿੱਤੇ ਇਹ ਹੁਕਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News