ਐਕਸੀਡੈਂਟ ਕਰਨ ਦਾ ਝੂਠ ਬੋਲ ਕੇ ਲੋਕਾਂ ਨੂੰ ਡਰਾ-ਧਮਕਾ ਕੇ ਲੁੱਟਦੇ ਨੇ ਪੈਸੇ

01/06/2020 6:01:54 PM

ਜਲੰਧਰ (ਵਰੁਣ, ਕਮਲੇਸ਼)— ਐਕਸੀਡੈਂਟ ਹੋਣ ਦਾ ਝੂਠਾ ਬਹਾਨਾ ਲਾ ਕੇ ਲੋਕਾਂ ਦੇ ਵਾਹਨ ਰੁਕਵਾ ਕੇ ਪੈਸੇ ਲੁੱਟਣ ਵਾਲਾ ਗਿਰੋਹ ਬੂਟਾ ਮੰਡੀ ਤੋਂ ਹੁਣ ਹਾਈਵੇ ਨੂੰ ਟੱਚ ਹੋਣ ਵਾਲੀਆਂ ਸੜਕਾਂ 'ਤੇ ਸਰਗਰਮ ਹੋ ਗਿਆ ਹੈ। ਇਸੇ ਗਿਰੋਹ ਨੇ ਪੀ. ਏ. ਪੀ. ਚੌਕ ਅਤੇ ਖਾਲਸਾ ਕਾਲਜ ਫਲਾਈਓਵਰ ਦੇ ਕੋਲ ਇਕ ਹੀ ਪਰਿਵਾਰ ਦੇ ਵੱਖ-ਵੱਖ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਪੈਟਰੋਲਿੰਗ ਕਰ ਰਹੀ ਪੁਲਸ ਦੇ ਆਉਣ ਕਾਰਨ ਲੁਟੇਰੇ ਕਾਮਯਾਬ ਨਹੀਂ ਹੋ ਸਕੇ।

ਇਸ ਗਿਰੋਹ ਬਾਰੇ ਫੇਸਬੁੱਕ ਗਰੁੱਪ ਨੋਟਿਸ ਬੋਰਡ 'ਤੇ ਸਨਚਿਤ ਸੋਬਤੀ ਨਾਂ ਦੇ ਮੈਂਬਰ ਨੇ ਪੋਸਟ ਪਾ ਕੇ ਆਪ-ਬੀਤੀ ਸੁਣਾਈ। ਸਨਚਿਤ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਆਪਣੀ ਗੱਡੀ 'ਤੇ ਪੀ. ਏ. ਪੀ. ਚੌਕ ਵੱਲ ਜਾ ਰਿਹਾ ਸੀ। ਜਿਵੇਂ ਹੀ ਪੀ. ਏ. ਪੀ. ਚੌਕ 'ਤੇ ਪਹੁੰਚਿਆ ਤਾਂ ਬਾਈਕ ਸਵਾਰ ਨੌਜਵਾਨ ਉਸ ਕੋਲ ਆਏ ਅਤੇ ਸ਼ੀਸ਼ਾ ਡਾਊਨ ਕਰਨ ਨੂੰ ਕਿਹਾ। ਜਿਵੇਂ ਹੀ ਉਸ ਨੇ ਗੱਡੀ ਦਾ ਸ਼ੀਸ਼ਾ ਹੇਠਾਂ ਕੀਤਾ ਤਾਂ ਉਕਤ ਨੌਜਵਾਨਾਂ ਨੇ ਕਿਹਾ ਕਿ ਉਸ ਦੀ ਕਾਰ ਪਿੱਛੇ ਉਨ੍ਹਾਂ ਨੂੰ ਟੱਕਰ ਮਾਰ ਕੇ ਆਈ ਹੈ। ਉਨ੍ਹਾਂ ਦਾ ਵਾਹਨ ਨੁਕਸਾਨਿਆ ਗਿਆ। ਨੌਜਵਾਨਾਂ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਜੇ ਉਨ੍ਹਾਂ ਨੂੰ ਨੁਕਸਾਨ ਦੇ ਪੈਸੇ ਨਹੀਂ ਦਿੱਤੇ ਤਾਂ ਉਹ ਆਪਣੇ ਸਾਥੀਆਂ ਨੂੰ ਬੁਲਾ ਲੈਣਗੇ। ਸਨਚਿਤ ਨੇ ਪੋਸਟ ਵਿਚ ਲਿਖਿਆ ਕਿ ਇਸੇ ਦੌਰਾਨ ਪੈਟਰੋਲਿੰਗ ਕਰਦੀ ਪੁਲਸ ਦੀ ਗੱਡੀ ਨੂੰ ਦੇਖ ਕੇ ਉਸ ਨੇ ਪੁਲਸ ਦੀ ਗੱਡੀ ਰੁਕਵਾ ਲਈ, ਜਿਸ ਤੋਂ ਬਾਅਦ ਉਕਤ ਨੌਜਵਾਨ ਚਲੇ ਗਏ। ਉਨ੍ਹਾਂ ਨੇ ਇਹ ਵੀ ਲਿਖਿਆ ਕਿ ਉਨ੍ਹਾਂ ਦੇ ਨਾਲ ਹੋਈ ਘਟਨਾ ਦੇ ਇਕ ਘੰਟੇ ਬਾਅਦ ਉਨ੍ਹਾਂ ਦੇ ਦਾਦਾ ਅਤੇ ਸਟਾਫ ਨਾਲ ਇਸੇ ਤਰ੍ਹਾਂ ਖਾਲਸਾ ਕਾਲਜ ਫਲਾਈਓਵਰ 'ਤੇ ਵੀ ਹੋਇਆ।

ਬੂਟਾ ਮੰਡੀ ਦੇ ਬਾਹਰ ਜਿਊਲਰ ਅਤੇ ਇੰਸ਼ੋਰੈਂਸ ਏਜੰਟ ਸਮੇਤ 4-5 ਲੋਕਾਂ ਤੋਂ ਲੁੱਟ ਚੁੱਕੇ ਹਨ ਪੈਸੇ
ਇਹ ਗਿਰੋਹ ਕਾਫੀ ਪੁਰਾਣਾ ਹੈ। ਕਰੀਬ ਇਕ ਸਾਲ ਪਹਿਲਾਂ ਇਹ ਗਿਰੋਹ ਬੂਟਾ ਮੰਡੀ ਰੋਡ 'ਤੇ ਸਰਗਰਮ ਸੀ। ਰਾਤ ਦੇ ਸਮੇਂ ਇਕੱਲੇ ਵਿਅਕਤੀ ਨੂੰ ਦੇਖ ਕੇ ਗਿਰੋਹ ਦੇ ਮੈਂਬਰ ਉਨ੍ਹਾਂ ਦੇ ਵਾਹਨ ਰੁਕਵਾ ਲੈਂਦੇ ਸਨ ਅਤੇ ਬਾਅਦ 'ਚ ਐਕਸੀਡੈਂਟ ਹੋਣ ਦੀ ਗੱਲ ਕਰਕੇ ਆਪਣੇ ਸਾਥੀਆਂ ਨੂੰ ਬੁਲਾ ਲੈਂਦੇ ਸੀ। ਲੋਕਾਂ ਨਾਲ ਕੁੱਟਮਾਰ ਕਰਕੇ ਉਨ੍ਹਾਂ ਤੋਂ ਪੈਸੇ ਲੁੱਟ ਲੈਂਦੇ ਸੀ। ਇਸੇ ਤਰ੍ਹਾਂ ਇਕ ਜਿਊਲਰ ਤੋਂ ਪੈਸਿਆਂ ਸਮੇਤ ਉਸ ਦੀ ਸੋਨੇ ਦੀ ਚੇਨ ਵੀ ਲੁੱਟ ਲਈ ਸੀ, ਜਿਸ ਸਬੰਧ ਥਾਣਾ ਨੰ. 6 'ਚ ਸ਼ਿਕਾਇਤ ਹੋਈ ਸੀ। ਇਕ ਇੰਸ਼ੋਰੈਂਸ ਏਜੰਟ ਨੂੰ ਡਰਾ-ਧਮਕਾ ਕੇ ਇਸ ਗਿਰੋਹ ਨੇ ਉਸ ਦੇ ਘਰ ਜਾ ਕੇ ਪੈਸੇ ਲਏ ਸੀ। ਇਸ ਤੋਂ ਇਲਾਵਾ ਵੀ ਉਕਤ ਗਿਰੋਹ ਕਈ ਵਾਰਦਾਤਾਂ ਕਰ ਚੁੱਕਾ ਹੈ।

ਅਣਜਾਣ ਦੇ ਕਹਿਣ 'ਤੇ ਨਾ ਰੋਕੋ ਗੱਡੀ
ਇਹ ਗਿਰੋਹ ਜ਼ਿਆਦਾਤਰ ਰਾਤ ਦੇ ਸਮੇਂ ਹੀ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ। ਜੇ ਕੋਈ ਰਸਤੇ 'ਚ ਅਣਜਾਣ ਵਿਅਕਤੀ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕਰੇ ਤਾਂ ਤੁਰੰਤ ਉਸ ਦੇ ਵਾਹਨ ਦਾ ਨੰਬਰ ਨੋਟ ਕਰ ਕੇ ਪੁਲਸ ਕੰਟਰੋਲ ਰੂਮ 'ਚ ਸੂਚਨਾ ਦਿਓ। ਕਿਸੇ ਵੀ ਹਾਲਤ ਵਿਚ ਗੱਡੀ ਨਾ ਰੋਕੋ।


shivani attri

Content Editor

Related News