ਤੇਜ਼ ਰਫਤਾਰ ਸਵਿਫਟ ਕਾਰ ਦੀ ਟੱਕਰ ਨਾਲ ਪਤੀ-ਪਤਨੀ ਦੀ ਮੌਤ, ਦੋਵੇਂ ਬੱਚਿਆਂ ਦੀ ਹਾਲਤ ਗੰਭੀਰ

02/26/2020 3:01:46 PM

ਜਲੰਧਰ (ਮਹੇਸ਼)-ਹੁਸ਼ਿਆਰਪੁਰ ਹਾਈਵੇ ’ਤੇ ਨੰਗਲ ਸ਼ਾਮਾ ਚੌਕ ਕੋਲ ਦੇਰ ਰਾਤ ਨੂੰ ਇਕ ਤੇਜ਼-ਰਫਤਾਰ ਸਵਿਫਟ ਕਾਰ ਦੀ ਟੱਕਰ ਨਾਲ ਇਕ ਜੋੜੇ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਨ੍ਹਾਂ ਦੇ ਬੱਚੇ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਰਾਮਾ ਮੰਡੀ ਦੇ ਜੌਹਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਨੰਗਲ ਸ਼ਾਮਾ (ਦਕੋਹਾ) ਪੁਲਸ ਚੌਕੀ ਦੇ ਏ. ਐੱਸ. ਆਈ. ਭਜਨ ਰਾਮ ਅਤੇ ਦਲਜਿੰਦਰ ਲਾਲ ਹੈੱਡ ਕਾਂਸਟੇਬਲ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਅਸ਼ਵਨੀ ਕੁਮਾਰ ਅਤੇ ਸੰਦੀਪ ਕੌਰ ਵਾਸੀ ਪਿੰਡ ਨੰਗਲ ਸ਼ਾਮਾ ਵਜੋਂ ਹੋਈ ਹੈ, ਜਦਕਿ ਜ਼ਖ਼ਮੀ ਬੱਚਿਆਂ ’ਚ ਬੇਟਾ ਲਕਸ਼ੇ ਕੁਮਾਰ ਅਤੇ ਬੇਟੀ ਗੁਰਲੀਨ ਕੌਰ ਸ਼ਾਮਲ ਹਨ।

PunjabKesari

ਹੈੱਡ ਕਾਂਸਟੇਬਲ ਦਲਜਿੰਦਰ ਲਾਲ ਨੇ ਦੱਸਿਆ ਕਿ ਅਸ਼ਵਨੀ ਕੁਮਾਰ ਆਪਣੀ ਪਤਨੀ ਅਤੇ ਦੋਵਾਂ ਬੱਚਿਆਂ ਸਮੇਤ ਮੋਟਰਸਾਈਕਲ ’ਤੇ ਲੱਧੇਵਾਲੀ ਤੋਂ ਵਾਪਸ ਆਪਣੇ ਘਰ ਜਾ ਰਿਹਾ ਸੀ। ਜਿਉਂ ਹੀ ਉਹ ਨੰਗਲ ਸ਼ਾਮਾ ਚੌਕ ਕੋਲ ਆਪਣੇ ਪਿੰਡ ਦੇ ਗੇਟ ਵੱਲ ਸੜਕ ਕਰਾਸ ਕਰਨ ਲੱਗੇ ਤਾਂ ਤੇਜ਼-ਰਫਤਾਰ ਕਾਰ ਦੇ ਚਾਲਕ ਨੇ ਉਨ੍ਹਾਂ ਨੂੰ ਆਪਣੀ ਲਪੇਟ ’ਚ ਲੈ ਲਿਆ। ਚਾਰਾਂ ਨੂੰ ਤੁਰੰਤ ਨੇੜੇ ਹੀ ਸਥਿਤ ਜੌਹਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਅਸ਼ਵਨੀ ਕੁਮਾਰ ਅਤੇ ਸੰਦੀਪ ਕੌਰ ਨੂੰ ਮ੍ਰਿਤਕ ਕਰਾਰ ਦਿੱਤਾ। ਹਾਦਸੇ ’ਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ, ਜਿਸ ਖਿਲਾਫ ਥਾਣਾ ਰਾਮਾ ਮੰਡੀ ’ਚ ਆਈ. ਪੀ. ਸੀ. ਦੀ ਧਾਰਾ 304-ਏ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਕਾਰ ਚਾਲਕ ਦੀ ਪਛਾਣ ਅਭਿਸ਼ੇਕ ਚੌਹਾਨ ਪੁੱਤਰ ਰਮੇਸ਼ ਚੌਹਾਨ ਵਾਸੀ ਹੁਕਮ ਚੰਦ ਕਾਲੋਨੀ ਵਜੋਂ ਹੋਈ ਹੈ। ਪੁਲਸ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਪੁਲਸ ਨੇ ਮ੍ਰਿਤਕਾ ਸੰਦੀਪ ਕੌਰ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਉਸ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ, ਜਦਕਿ ਅਸ਼ਵਨੀ ਕੁਮਾਰ ਦੀ ਲਾਸ਼ ਨੂੰ ਪੋਸਟਮਾਰਟਮ ਵਾਸਤੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।

ਪੁਲਸ ਦੀ ਹਾਜ਼ਰੀ ’ਚ ਭੱਜਿਆ ਕਾਰ ਚਾਲਕ

ਮ੍ਰਿਤਕਾ ਸੰਦੀਪ ਕੌਰ ਦੇ ਪਰਿਵਾਰ ਵਾਲਿਆਂ ’ਚ ਇਸ ਗੱਲ ਨੂੰ ਲੈ ਕੇ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ ਕਿ ਕਾਰ ਚਾਲਕ ਪੁਲਸ ਦੀ ਹਾਜ਼ਰੀ ’ਚ ਹੀ ਮੌਕੇ ਤੋਂ ਫਰਾਰ ਹੋਇਆ ਹੈ ਪਰ ਉਸ ਨੂੰ ਪੁਲਸ ਨੇ ਕਾਬੂ ਨਹੀਂ ਕੀਤਾ। ਹੁਣ ਕਿਹਾ ਜਾ ਰਿਹਾ ਹੈ ਕਿ ਉਹ ਪਹਿਲਾਂ ਹੀ ਉਥੋਂ ਫਰਾਰ ਹੋ ਗਿਆ ਸੀ।

2 ਮਾਸੂਮ ਬੱਚਿਆਂ ਦੇ ਸਿਰ ਤੋਂ ਉਠਿਆ ਮਾਂ-ਪਿਓ ਦਾ ਸਾਇਆ

ਸੰਦੀਪ ਕੌਰ ਅਤੇ ਅਸ਼ਵਨੀ ਕੁਮਾਰ ਦੀ ਮੌਤ ਨਾਲ ਉਸ ਦੇ ਦੋ ਮਾਸੂਮ ਬੱਚਿਆਂ ਲਕਸ਼ੇ ਅਤੇ ਗੁਰਲੀਨ ਦੇ ਸਿਰ ਤੋਂ ਮਾਪਿਆਂ ਦਾ ਸਾਇਆ ਹਮੇਸ਼ਾ ਲਈ ਉੱਠ ਗਿਆ। ਹਾਲਾਂਕਿ ਜੌਹਲ ਹਸਪਤਾਲ ਦੇ ਆਈ. ਸੀ. ਯੂ. ’ਚ ਲਕਸ਼ੇ ਅਤੇ ਗੁਰਲੀਨ ਨਾਜ਼ੁਕ ਹਾਲਤ ’ਚ ਦੱਸੇ ਜਾ ਰਹੇ ਹਨ। ਉਨ੍ਹਾਂ ਨੂੰ ਤਾਂ ਇਸ ਗੱਲ ਦੀ ਵੀ ਜਾਣਕਾਰੀ ਨਹੀਂ ਹੈ ਕਿ ਉਨ੍ਹਾਂ ਦੇ ਮਾਂ-ਬਾਪ ਉਨ੍ਹਾਂ ਨੂੰ ਹਮੇਸ਼ਾ ਲਈ ਛੱਡ ਕੇ ਭਗਵਾਨ ਕੋਲ ਚੱਲੇ ਗਏ ਹਨ।

 


shivani attri

Content Editor

Related News