ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਕਾਰਨ ਵਿਅਕਤੀ ਦੀ ਮੌਤ

04/08/2021 3:44:34 PM

ਕਾਠਗੜ੍ਹ (ਰਾਜੇਸ਼ ਸ਼ਰਮਾ)- ਬੀਤੀ ਰਾਤ ਬਲਾਚੌਰ - ਰੋਪੜ ਰਾਜ ਮਾਰਗ 'ਤੇ ਸਥਿਤ ਪਿੰਡ ਭਰਥਲਾ ਅਤੇ ਕਾਠਗੜ੍ਹ ਮੋੜ ਦੇ ਵਿਚਕਾਰ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆਉਣ ਕਾਰਨ ਇਕ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ। ਨੈਸ਼ਨਲ ਹਾਈਵੇਅ ਅਥਾਰਿਟੀ ਦੀ ਐਂਬੂਲੈਂਸ ਵਿੱਚ ਫਸਟ ਏਡ ਦੇਣ ਵਾਲੇ ਮੁਲਾਜ਼ਮ ਅਜੇ ਮਸੀਹ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਨੂੰ ਥਾਣਾ ਕਾਠਗੜ੍ਹ ਤੋਂ ਫੋਨ ਆਇਆ ਕਿ ਹਾਈਵੇਅ 'ਤੇ ਕਿਸੇ ਦੀ ਲਾਸ਼ ਪਈ ਹੈ, ਉਸ ਨੂੰ ਲੈ ਕੇ ਜਾਣਾ ਹੈ, ਜਿਸ 'ਤੇ ਉਹ ਤੁਰੰਤ ਘਟਨਾ ਸਥਾਨ 'ਤੇ ਐਂਬੂਲੈਂਸ ਲੈ ਕੇ ਪਹੁੰਚ ਪਹੁੰਚੇ ਅਤੇ ਪੁਲਸ ਮੁਲਾਜ਼ਮਾਂ ਦੀ ਮਦਦ ਨਾਲ ਬੇਪਛਾਣ ਪਏ ਮ੍ਰਿਤਕ ਸਰੀਰ ਨੂੰ ਐਂਬੂਲੈਂਸ ਚ ਪਾ ਕੇ ਬਲਾਚੌਰ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ। 

ਇਹ ਵੀ ਪੜ੍ਹੋ : ਜਲੰਧਰ: ਮੌਤ ਤੋਂ ਪਹਿਲਾਂ ਧੀ ਦੀ ਮਾਂ ਨੂੰ ਆਖ਼ਰੀ ਕਾਲ, ਜਾਨ ਬਚਾਉਣ ਲਈ ਕੀਤੀ ਫ਼ਰਿਆਦ ਪਰ ਹੋਇਆ ਉਹ ਜੋ ਸੋਚਿਆ ਨਾ ਸੀ

ਮਿ੍ਤਕ ਦੀ ਪਛਾਣ ਕਰਨ ਲਈ ਜਦੋਂ ਉਸ ਦੇ ਫਟੇ ਕੱਪੜਿਆਂ ਦੀ ਤਲਾਸ਼ੀ ਲਈ ਤਾਂ ਉਸ ਦੀ ਜੇਬ ਵਿੱਚੋਂ ਮਿਲੇ ਆਧਾਰ ਕਾਰਡ ਤੋਂ ਪਤਾ ਲੱਗਾ ਕਿ ਮ੍ਰਿਤਕ ਭਰਥਲਾ ਬੇਟ ਦਾ ਵਸਨੀਕ ਹੈ। ਐਂਬੂਲੈਂਸ ਮੁਲਾਜ਼ਮ ਅਜੇ ਮਸੀਹ ਨੇ ਦੱਸਿਆ ਕਿ ਮ੍ਰਿਤਕ ਉਸ ਦਾ ਰਿਸ਼ਤੇ ਵਿੱਚ ਚਾਚਾ ਲੱਗਦਾ ਹੈ ਜਿਸ ਦਾ ਨਾਂ ਰਜਿੰਦਰ ਕੁਮਾਰ ਭੁੱਟੋ ਉਮਰ ਕਰੀਬ 42 ਸਾਲ ਹੈ ਤੇ ਉਸ ਦੇ ਪਿਤਾ ਦਾ ਨਾਂ ਗੁਰਚੈਨ ਸਿੰਘ ਹੈ । ਪਰਿਵਾਰਕ ਮੈਂਬਰਾਂ ਮੁਤਾਬਕ ਰਜਿੰਦਰ ਕੁਮਾਰ ਭੁੱਟੋ ਮਜ਼ਦੂਰੀ ਕਰਦਾ ਸੀ ਅਤੇ ਉਹ ਆਮ ਵਾਂਗ ਰਾਤ ਸਮੇਂ ਸੁੱਤਾ ਪਿਆ ਸੀ ਲੇਕਿਨ ਇਹ ਕਿਸੇ ਨੂੰ ਵੀ ਪਤਾ ਨਹੀਂ ਕਿ ਉਹ ਉੱਠ ਕੇ ਕਿੱਧਰ ਚਲਾ ਗਿਆ ਹੈ ।

'ਜਗ ਬਾਣੀ' ਦੇ ਪ੍ਰਤੀਨਿਧੀ ਨੇ ਲਾਸ਼ ਨੂੰ ਹਾਈਵੇਅ ਤੋਂ ਚੁਕਵਾਉਣ 'ਚ ਕੀਤੀ ਮੱਦਦ
ਉਕਤ ਹਾਦਸੇ ਸਬੰਧੀ ਸੂਚਨਾ ਕਿਸੇ ਨੇ ਕਾਠਗੜ੍ਹ ਤੋਂ 'ਜਗ ਬਾਣੀ' ਦੇ ਪ੍ਰਤੀਨਿਧੀ ਨੂੰ ਸਵੇਰੇ ਪੰਜ ਵਜੇ ਦੇ ਕਰੀਬ ਦਿੱਤੀ, ਜਿਨ੍ਹਾਂ ਨੇ ਮੌਕੇ 'ਤੇ ਜਾ ਕੇ ਵੇਖਿਆ ਕਿ ਇਕ ਲਾਸ਼ ਹਾਈਵੇਅ ਮਾਰਗ 'ਤੇ ਖ਼ੂਨ ਨਾਲ ਲਥਪਥ ਪਈ ਸੀ, ਜਿਸ ਦੇ ਦੁਆਲੇ ਕੁਝ ਕਾਂ ਅਤੇ ਕੁੱਤੇ ਵੀ ਘੁੰਮ ਰਹੇ ਸਨ, ਜਿਨ੍ਹਾਂ ਨੂੰ ਉਥੋਂ ਭਜਾ ਕੇ ਫਿਰ ਥਾਣਾ ਕਾਠਗੜ੍ਹ ਫੋਨ ਕੀਤਾ। ਥਾਣਾ ਕਾਠਗੜ੍ਹ ਤੋਂ ਏ. ਐੱਸ. ਆਈ. ਪ੍ਰੇਮ ਲਾਲ ਅਤੇ ਏ. ਐੱਸ. ਆਈ. ਮਨੋਹਰ ਲਾਲ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਨੇ ਫੋਨ ਕਰਕੇ ਨੈਸ਼ਨਲ ਹਾਈਵੇਅ ਦੀ ਐਂਬੂਲੈਂਸ ਨੂੰ ਬੁਲਾਇਆ। ਬੜੀ ਮੁਸ਼ਕਿਲ ਨਾਲ ਮ੍ਰਿਤਕ ਦੀ ਲਾਸ਼ ਨੂੰ ਪੁਲਸ ਮੁਲਾਜ਼ਮਾਂ ਅਤੇ ਅਦਾਰੇ ਦੇ ਪ੍ਰਤੀਨਿਧੀ ਨੇ ਐਂਬੂਲੈਂਸ ਵਿਚ ਰਖਵਾਇਆ ।

ਇਹ ਵੀ ਪੜ੍ਹੋ : ਬੱਸ ਯਾਤਰੀਆਂ ਨੂੰ ਨਹੀਂ ਕੋਰੋਨਾ ਦਾ ਖ਼ੌਫ਼, ਹੁਣ ਪੰਜਾਬ ਸਰਕਾਰ ਬੱਸਾਂ ਚਲਾਉਣ 'ਤੇ ਲੈ ਸਕਦੀ ਹੈ ਵੱਡਾ ਫ਼ੈਸਲਾ

ਮ੍ਰਿਤਕ ਦੀ ਲਾਸ਼ ਵੇਖਣ ਤੋਂ ਪਤਾ ਲੱਗਦਾ ਸੀ ਕਿ ਕੋਈ ਵਾਹਨ ਉਸ ਨੂੰ ਕਾਫ਼ੀ ਦੂਰ ਤੱਕ ਘਸੀਟਦਾ ਲੈ ਗਿਆ, ਜਿਸ ਕਾਰਨ ਜਿੱਥੇ ਉਸ ਦੇ ਕੱਪੜੇ ਪੂਰੀ ਤਰ੍ਹਾਂ ਫਟ ਗਏ ਉਥੇ ਹੀ ਉਸ ਦਾ ਚਿਹਰਾ ਮੋਢੇ ਤੋਂ ਲੈ ਕੇ ਸਿਰ ਤਕ ਬੁਰੀ ਤਰ੍ਹਾਂ ਫਿਸ ਗਿਆ, ਜਿਸ ਕਾਰਨ ਉਸ ਦੀ ਪਛਾਣ ਕਰਨੀ ਮੁਸ਼ਕਿਲ ਹੋ ਗਈ ।

ਇਹ ਵੀ ਪੜ੍ਹੋ : ਮਹਾਨਗਰ ਜਲੰਧਰ ਸ਼ਹਿਰ ’ਚ ਸਪਾ ਸੈਂਟਰਾਂ ਦੇ ਨਾਂ ’ਤੇ ਫਿਰ ਤੇਜ਼ ਹੋਇਆ ਇਹ ‘ਗੰਦਾ ਧੰਦਾ’

ਹਾਈਵੇਅ ਪੈਟਰੋਲਿੰਗ ਪਾਰਟੀ ਦੀ ਕਾਰਗੁਜ਼ਾਰੀ ਹੈ ਢਿੱਲੀ
ਰੋਪੜ-ਬਲਾਚੌਰ ਹਾਈਵੇਅ 'ਤੇ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਆਦਿ ਹੋਣ ਸਬੰਧੀ ਪੁਲਸ ਵੱਲੋਂ ਇਕ ਹਾਈਵੇਅ ਪੈਟਰੋਲਿੰਗ ਪਾਰਟੀ ਦੀ ਗੱਡੀ 24 ਘੰਟੇ ਸੇਵਾ ਵਿੱਚ ਰਹਿੰਦੀ ਹੈ ਪਰ ਉਸ ਦੀ ਕਾਰਗੁਜ਼ਾਰੀ ਇੰਨੀ ਢਿੱਲੀ ਹੈ ਕਿ ਜਾਂ ਤਾਂ ਉਹ ਹਾਦਸਾ ਹੋਣ ਸਮੇਂ ਮੌਕੇ 'ਤੇ ਪਹੁੰਚਦੀ ਹੀ ਨਹੀਂ ਜਾਂ ਫਿਰ ਰਾਤ ਸਮੇਂ ਗਸ਼ਤ ਨਾ ਮਾਤਰ ਹੀ ਹੁੰਦੀ ਹੈ । ਜੇਕਰ ਰਾਤ ਸਮੇਂ ਪੈਟਰੋਲਿੰਗ ਪਾਰਟੀ ਦੀ ਗਸ਼ਤ ਵਧੇਰੇ ਹੁੰਦੀ ਤਾਂ ਉਕਤ ਹਾਦਸੇ ਸਬੰਧੀ ਜਲਦੀ ਹੀ ਪਤਾ ਲੱਗ ਜਾਣਾ ਸੀ। ਲੋਕਾਂ ਦੀ ਮੰਗ ਹੈ ਕਿ ਰਾਤ ਸਮੇਂ ਹਾਈਵੇਅ ਪੈਟਰੋਲਿੰਗ ਪਾਰਟੀ ਨੂੰ ਗਸ਼ਤ ਵਧਾਉਣੀ ਚਾਹੀਦੀ ਹੈ ।

ਇਹ ਵੀ ਪੜ੍ਹੋ : ਜਲੰਧਰ: ਹਸਪਤਾਲ ਨੇ ਵੈਂਟੀਲੇਟਰ ਦੇਣ ਤੋਂ ਕੀਤਾ ਇਨਕਾਰ, ਸਾਬਕਾ ਫ਼ੌਜੀ ਨੇ ਤੜਫ਼-ਤੜਫ਼ ਕੇ ਦਹਿਲੀਜ਼ ’ਤੇ ਹੀ ਤੋੜਿਆ ਦਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News