ਪੁਰਤਗਾਲ ਹਾਦਸਾ: ਮੌਤ ਤੋਂ ਕੁਝ ਘੰਟੇ ਪਹਿਲਾਂ ਪ੍ਰੀਤਪਾਲ ਨੇ ਮੰਗੇਤਰ ਤੇ ਮਾਂ ਨਾਲ ਕੀਤੀ ਸੀ ਗੱਲ
Sunday, Jul 14, 2019 - 06:51 PM (IST)
ਹੁਸ਼ਿਆਰਪੁਰ (ਅਮਰੀਕ)— ਪੁਰਤਗਾਲ 'ਚ 4 ਭਾਰਤੀ ਨੌਜਵਾਨਾਂ ਦੀ ਬੀਤੇ ਦਿਨੀਂ ਸੜਕ ਹਾਦਸੇ 'ਚ ਹੋਈ ਮੌਤ ਦੀ ਖਬਰ ਆਉਣ ਤੋਂ ਬਾਅਦ ਹੁਸ਼ਿਆਰਪੁਰ ਦੇ ਪਿੰਡ ਮਿਆਣੀ ਦੇ ਰਜਤ ਅਤੇ ਮੁਕੇਰੀਆਂ ਦੇ ਚੀਮਾ ਪੋਤਾ ਪਿੰਡ ਦੇ ਪ੍ਰੀਤਪਾਲ ਘਰ ਮਾਤਮ ਦਾ ਮਾਹੌਲ ਛਾ ਗਿਆ ਹੈ। ਦੱਸ ਦੇਈਏ ਕਿ ਇਸ ਹਾਦਸੇ 'ਚ ਦੋਆਬਾ ਦੇ 2 ਨੌਜਵਾਨਾਂ ਸਮੇਤ ਇਕ ਮਾਝਾ ਦੇ ਬਟਾਲਾ ਅਤੇ ਇਕ ਹਰਿਆਣਾ ਦੇ ਨੌਜਵਾਨ ਦੀ ਮੌਤ ਹੋ ਗਈ ਸੀ। ਪ੍ਰੀਤਪਾਲ ਦੇ ਪਿਤਾ ਹਰਭਜਨ ਸਿੰਘ ਨੇ ਭਾਰਤ ਸਰਕਾਰ ਨੂੰ ਚਾਰੋਂ ਨੌਜਵਾਨਾਂ ਦੀਆਂ ਲਾਸ਼ਾਂ ਜਲਦ ਭਾਰਤ ਲਿਆਉਣ ਲਈ ਮੰਗ ਕੀਤੀ ਹੈ ਤਾਂਕਿ ਧਾਰਮਿਕ ਰੀਤੀ ਰਿਵਾਜ਼ਾਂ ਦੇ ਨਾਲ ਉਹ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਸਕਣ।
ਮੌਤ ਤੋਂ ਕੁਝ ਘੰਟੇ ਪਹਿਲਾਂ ਮੰਗਤੇਰ ਤੇ ਮਾਂ ਨਾਲ ਕੀਤੀ ਸੀ ਗੱਲਬਾਤ
ਰਿਸ਼ਤੇਦਾਰ ਬਲਬੀਰ ਸਿੰਘ ਨੇ ਦੱਸਿਆ ਕਿ ਪ੍ਰੀਤਪਾਲ ਦੇ ਪਿਤਾ ਹਰਭਜਨ ਸਿੰਘ ਅਤੇ ਮਾਤਾ ਦੋਵੇਂ ਹੀ ਬੀਮਾਰ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਤਿੰਨ ਸਾਲ ਪਹਿਲਾਂ ਪ੍ਰੀਤਪਾਲ ਭਾਰਤ ਤੋਂ ਪੁਰਤਗਾਲ ਗਿਆ ਸੀ। ਉਨ੍ਹਾਂ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਹੀ ਉਹ ਭਾਰਤ ਆਇਆ ਸੀ ਅਤੇ ਜਨਵਰੀ 'ਚ ਉਸ ਦਾ ਵਿਆਹ ਸੀ।
ਉਥੇ ਹੀ ਹਰਭਜਨ ਸਿੰਘ ਨੇ ਦੱਸਿਆ ਕਿ ਆਖਰੀ ਵਾਰ ਪ੍ਰੀਤਪਾਲ ਦੀ ਹਾਦਸੇ ਤੋਂ ਕੁਝ ਘੰਟੇ ਪਹਿਲਾਂ ਪ੍ਰੀਤਪਾਲ ਦੀ ਮਾਂ ਦੇ ਨਾਲ ਫੋਨ 'ਤੇ ਗੱਲਬਾਤ ਹੋਈ ਸੀ। ਇਸ ਤੋਂ ਬਾਅਦ ਉਸ ਨੇ ਮੰਗੇਤਰ ਨੂੰ ਵੀ ਫੋਨ ਕਰਕੇ ਕਿਹਾ ਕਿ ਉਸ ਦੇ ਪਰਿਵਾਰ ਵਾਲੇ ਘਰ ਦਾ ਸਾਮਾਨ ਲੈਣ ਲਈ ਮਾਰਕੀਟ ਜਾ ਰਹੇ ਹਨ। ਇਸ ਤੋਂ ਬਾਅਦ ਸਿਰਫ ਪਰਿਵਾਰ ਨੂੰ ਸਿੱਧੀ ਪ੍ਰੀਤਪਾਲ ਦੀ ਮੌਤ ਦੀ ਹੀ ਖਬਰ ਮਿਲੀ। ਪਰਿਵਾਰ ਨੇ ਭਾਰਤ ਸਰਕਾਰ ਨੂੰ ਮੰਗ ਕੀਤੀ ਕਿ ਭਾਰਤ ਸਰਕਾਰ ਨੌਜਵਾਨਾਂ ਦੀਆਂ ਲਾਸ਼ਾਂ ਵਾਪਸ ਲਿਆਉਣ ਲਈ ਉਨ੍ਹਾਂ ਦੀ ਮਦਦ ਕਰੇ।