ਭਿਆਨਕ ਸੜਕ ਹਾਦਸੇ ਨੇ ਲਈ 2 ਸਕੀਆਂ ਭੈਣਾਂ ਦੀ ਜਾਨ

12/12/2019 7:33:47 PM

ਨਵਾਂਸ਼ਹਿਰ/ਬਲਾਚੌਰ,(ਤ੍ਰਿਪਾਠੀ/ਬੈਂਸ) :ਸ਼ਹਿਰ 'ਚ ਮਾਰੂਤੀ ਕਾਰ ਦੇ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਉਣ ਕਾਰਣ ਹੋਏ ਭਿਆਨਕ ਸੜਕ ਹਾਦਸੇ 'ਚ ਕਾਰ 'ਚ ਸਵਾਰ 2 ਸਕੀਆਂ ਭੈਣਾਂ ਦੀ ਮੌਤ ਹੋ ਗਈ ਅਤੇ ਮ੍ਰਿਤਕਾ ਦੇ ਭਰਾ ਅਤੇ ਭਤੀਜੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਬਲਾਚੌਰ ਦੇ ਸਰਕਾਰੀ ਹਸਪਤਾਲ 'ਚ ਇਲਾਜ ਦੇ ਲਈ ਲਿਆਂਦਾ ਗਿਆ। ਜਿੱਥੇ ਉਨ੍ਹਾਂ ਦੀ ਖਸਤਾ ਹਾਲਤ ਨੂੰ ਦੇਖਦੇ ਹੋਏ ਪਹਿਲਾਂ ਨਵਾਂਸ਼ਹਿਰ ਅਤੇ ਬਾਅਦ 'ਚ ਚੰਡੀਗੜ੍ਹ ਪੀ. ਜੀ. ਆਈ. ਦੇ ਲਈ ਰੈਫਰ ਕਰ ਦਿੱਤਾ ਗਿਆ।

ਪਰਿਵਾਰ ਵਾਲਿਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਵਾਸੀ ਜਸਵਿੰਦਰ ਕੌਰ (58) ਪਤਨੀ ਸਵ. ਅਵਤਾਰ ਸਿੰਘ ਆਪਣੀ ਸਕੀ ਭੈਣ ਨਿਰਮਲਾ ਦੇਵੀ (55) ਪਤਨੀ ਹਰੀਰਾਮ ਵਾਸੀ ਬਲੋਂਗੀ (ਖਰੜ) ਆਪਣੇ ਭਰਾ ਪਰਸ਼ੋਤਮ ਕੁਮਾਰ (47) ਅਤੇ ਭਤੀਜੀ ਰੂਬੀ (32) ਦੇ ਨਾਲ ਤਹਿਸੀਲ ਗੜ੍ਹਸ਼ੰਕਰ ਜ਼ਿਲਾ ਹੁਸ਼ਿਆਰਪੁਰ 'ਚ ਪੈਂਦੇ ਪਿੰਡ ਪੰਡੋਰੀ 'ਚ ਕਿਸੇ ਨਿੱਜੀ ਕੰਮ ਦੇ ਸਿਲਸਿਲੇ ਤੋਂ ਜਾ ਰਹੀ ਸੀ ਕਿ ਬਲਾਚੌਰ-ਗੜ੍ਹੀ ਕਾਨੂੰਗੋ ਭੁਲੇਖਾ ਚੌਕ ਦੇ ਨਜ਼ਦੀਕ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਇਕ ਦਰੱਖਤ ਨਾਲ ਟਕਰਾਕੇ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਕਾਰ 'ਚ ਸਵਾਰ ਨਿਰਮਲਾ ਦੇਵੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦ ਕਿ ਜ਼ਖਮੀਆਂ ਨੂੰ ਬਲਾਚੌਰ ਦੇ ਹਸਪਤਾਲ 'ਚ ਇਲਾਜ ਦੇ ਲਈ ਲਿਆਂਦਾ ਗਿਆ, ਜਿੱਥੇ ਜਸਵਿੰਦਰ ਕੌਰ ਨੂੰ ਵੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਜਦੋਂਕਿ ਗੰਭੀਰ ਰੂਪ ਨਾਲ ਜ਼ਖਮੀ ਪਰਸ਼ੋਤਮ ਕੁਮਾਰ ਅਤੇ ਰੂਬੀ ਨੂੰ ਪਹਿਲਾਂ ਨਵਾਂਸ਼ਹਿਰ ਦੇ ਜ਼ਿਲਾ ਹਸਪਤਾਲ ਅਤੇ ਬਾਅਦ 'ਚ ਪੀ. ਜੀ. ਆਈ. ਚੰਡੀਗੜ੍ਹ ਦੇ ਲਈ ਰੈਫਰ ਕਰ ਦਿੱਤਾ ਗਿਆ।

ਛੋਟੀ ਭੈਣ ਦੇ ਮਰਨ ਦੇ ਸਦਮੇ ਨਾਲ ਜਸਵਿੰਦਰ ਕੌਰ ਦੀ ਗਈ ਜਾਨ
ਹਸਪਤਾਲ 'ਚ ਇਕ ਪਰਿਵਾਰ ਨੇ ਦੱਸਿਆ ਕਿ ਹਾਦਸੇ ਦੇ ਬਾਅਦ ਗੰਭੀਰ ਰੂਪ ਨਾਲ ਜ਼ਖਮੀ ਜਸਵਿੰਦਰ ਕੌਰ ਸਣੇ ਹੋਰਨਾਂ ਨੂੰ ਬਲਾਚੌਰ ਦੇ ਸਿਵਲ ਹਸਪਤਾਲ 'ਚ ਇਲਾਜ ਦੇ ਲਈ ਜਦੋਂ ਲਿਆਂਦਾ ਗਿਆ ਸੀ ਤਾਂ ਉਸ ਸਮੇਂ ਜਸਵਿੰਦਰ ਕੌਰ ਠੀਕ ਲੱਗ ਰਹੀ ਸੀ। ਉਨ੍ਹਾਂ ਸ਼ੰਕਾ ਜ਼ਾਹਿਰ ਕੀਤੀ ਕਿ ਉਸ ਨੂੰ ਕਿਸੇ ਤਰ੍ਹਾਂ ਨਾਲ ਛੋਟੀ ਭੈਣ ਦੇ ਮਰਨ ਦੀ ਜਾਣਕਾਰੀ ਮਿਲ ਗਈ, ਜਿਸ ਉਪਰੰਤ ਉਸ ਨੇ ਵੀ ਦਮ ਤੋੜ ਦਿੱਤਾ।

ਕੀ ਰਹੀ ਪੁਲਸ ਦੀ ਕਾਰਵਾਈ
ਇਸ ਸਬੰਧ 'ਚ ਜਾਂਚ ਅਧਿਕਾਰੀ ਏ. ਐਸ. ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਵਲੋਂ ਦਿੱਤੇ ਗਏ ਬਿਆਨਾਂ ਦੇ ਅਧਾਰ ਤੇ ਧਾਰਾ 174 ਦੇ ਤਹਿਤ ਕਾਰਵਾਈ ਨੂੰ ਅਮਲ 'ਚ ਲਿਆਇਆ ਜਾ ਰਿਹਾ ਹੈ। ਸਮਾਂਚਾਰ ਲਿਖੇ ਜਾਣ ਤੱਕ ਮ੍ਰਿਤਕਾ ਦਾ ਪੋਸਟਮਾਰਟਮ ਚੱਲ ਰਿਹਾ ਸੀ।


Related News