ਸੜਕ ਹਾਦਸੇ ''ਚ ਐੱਸ. ਡੀ. ਓ. ਦੀ ਮੌਤ

09/07/2019 6:31:16 PM

ਟਾਂਡਾ ਉੜਮੁੜ (ਪੰਡਿਤ, ਕੁਲਦੀਸ਼, ਮੋਮੀ)— ਬੀਤੀ ਦੇਰ ਸ਼ਾਮ ਟਾਂਡਾ-ਹੁਸ਼ਿਆਰਪੁਰ ਮਾਰਗ 'ਤੇ ਵਾਪਰੇ ਸੜਕ ਹਾਦਸੇ 'ਚ ਉੜਮੁੜ ਨਿਵਾਸੀ ਪਾਵਰਕਾਮ ਦੇ ਐੱਸ. ਡੀ. ਓ. ਦੀ ਮੌਤ ਹੋ ਗਈ। ਹਾਦਸੇ ਦਾ ਕਾਰਨ ਆਵਾਰਾ ਕੁੱਤਾ ਬਣਿਆ, ਜੋ ਅਚਾਨਕ ਐੱਸ. ਡੀ. ਓ. ਦੇ ਮੋਟਰਸਾਈਕਲ ਅੱਗੇ ਆ ਗਿਆ ਸੀ। ਹਾਦਸੇ 'ਚ ਮੌਤ ਦਾ ਸ਼ਿਕਾਰ ਹੋਏ ਵਿਅਕਤੀ ਦੀ ਪਛਾਣ ਅਮਰੀਕ ਸਿੰਘ ਪੁੱਤਰ ਪ੍ਰੀਤਮ ਸਿੰਘ ਨਿਵਾਸੀ ਵਾਰਡ 11 ਨਜ਼ਦੀਕ ਸਰਕਾਰੀ ਐਲੀਮੈਂਟਰੀ ਸਕੂਲ (ਲੜਕੇ) ਉੜਮੁੜ ਦੇ ਰੂਪ 'ਚ ਹੋਈ ਹੈ।

ਹਾਦਸਾ ਬੀਤੀ ਸ਼ਾਮ 7.30 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ, ਜਦੋਂ ਅਮਰੀਕ ਸਿੰਘ ਹੁਸ਼ਿਆਰਪੁਰ ਦੀ ਪ੍ਰੋਟੈਕਸ਼ਨ ਡਿਵੀਜ਼ਨ 'ਚ ਆਪਣੀ ਡਿਊਟੀ ਖਤਮ ਕਰਕੇ ਮੋਟਰਸਾਈਕਲ 'ਤੇ ਆਪਣੇ ਘਰ ਆ ਰਿਹਾ ਸੀ। ਜਦੋਂ ਉਹ ਪਿੰਡ ਪੰਡੋਰੀ (ਝਾਵਾਂ) ਨਜ਼ਦੀਕ ਪਹੁੰਚਿਆ ਤਾਂ ਮੋਟਰਸਾਈਕਲ ਅੱਗੇ ਅਚਾਨਕ ਆਵਾਰਾ ਕੁੱਤਾ ਆ ਗਿਆ। ਸੜਕ ਉੱਤੇ ਡਿੱਗਣ ਕਾਰਨ ਅਮਰੀਕ ਸਿੰਘ ਦੇ ਸਿਰ ਅਤੇ ਛਾਤੀ 'ਤੇ ਗੰਭੀਰ ਸੱਟਾਂ ਲੱਗੀਆਂ। ਜ਼ਖਮੀ ਹਾਲਤ 'ਚ ਉਸ ਨੂੰ ਸਰਕਾਰੀ ਹਸਪਤਾਲ ਟਾਂਡਾ 'ਚ ਮੁੱਢਲੀ ਡਾਕਟਰੀ ਮਦਦ ਤੋਂ ਬਾਅਦ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪਰ ਇਲਾਜ ਦੌਰਾਨ ਅਮਰੀਕ ਸਿੰਘ ਦੀ ਮੌਤ ਹੋ ਗਈ। ਟਾਂਡਾ ਪੁਲਸ ਨੇ ਮ੍ਰਿਤਕ ਦੇ ਚਾਚੇ ਦੇ ਪੁੱਤਰ ਮਹਿੰਦਰ ਸਿੰਘ ਪੁੱਤਰ ਸੋਹਣ ਸਿੰਘ ਦੇ ਬਿਆਨ ਦੇ ਆਧਾਰ 'ਤੇ ਕਾਰਵਾਈ ਕਰਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ।


shivani attri

Content Editor

Related News