ਗਣਤੰਤਰ ਦਿਵਸ ਨੂੰ ਵੇਖਦਿਆਂ ਸ਼ਹਿਰ ’ਚ ਹੋਣਗੇ ਸੁਰੱਖਿਆ ਦੇ ਸਖ਼ਤ ਪ੍ਰਬੰਧ : ਪੁਲਸ ਕਮਿਸ਼ਨਰ

1/21/2021 11:36:22 AM

ਜਲੰਧਰ (ਸੁਧੀਰ)–ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਗਣਤੰਤਰ ਦਿਵਸ ਨੂੰ ਵੇਖਦਿਆਂ ਸ਼ਹਿਰ ਵਿਚ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਉਨ੍ਹਾਂ ਨੇ ਸ਼ਹਿਰ ਵਿਚ ਸੁਰੱਖਿਆ ਵਧਾਉਣ ਲਈ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀਆਂ ਅਤੇ ਸਾਰੇ ਥਾਣਾ ਮੁਖੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਆਪਣੇ-ਆਪਣੇ ਖੇਤਰਾਂ ਵਿਚ ਨਾਕਾਬੰਦੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਗਣਤੰਤਰ ਦਿਵਸ ਦੇ ਮੱਦੇਨਜ਼ਰ ਪੁਲਸ ਕਮਿਸ਼ਨਰੇਟ ਪੁਲਸ ਵੱਲੋਂ ਸ਼ਹਿਰ ਦੇ ਕਈ ਐਂਟਰੀ ਪੁਆਇੰਟਾਂ ’ਤੇ ਵੀ ਵਿਸ਼ੇਸ਼ ਰੂਪ ਨਾਲ ਨਾਕਾਬੰਦੀ ਕਰਵਾਈ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਸ ਮੁਲਾਜ਼ਮਾਂ ਨੂੰ ਸ਼ਹਿਰ ਵਿਚ ਦਾਖਲ ਹੋਣ ਵਾਲੇ ਬਾਹਰੀ ਸੂਬਿਆਂ ਦੇ ਵਾਹਨਾਂ ਦੀ ਵੀ ਤਲਾਸ਼ੀ ਲੈਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਵੱਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਕੁਝ ਹੋਰ ਹਿੱਸਿਆਂ ’ਚ ਸਥਿਤ ਗੈਸਟ ਹਾਊਸਾਂ ਅਤੇ ਹੋਟਲਾਂ ਦੇ ਰਿਕਾਰਡ ਨੂੰ ਵੀ ਕਮਿਸ਼ਨਰੇਟ ਪੁਲਸ ਵੱਲੋਂ ਚੈੱਕ ਕੀਤਾ ਜਾ ਰਿਹਾ ਹੈ। ਸ਼ਹਿਰ ਦੇ ਸਾਰੇ ਹੋਟਲ ਅਤੇ ਗੈਸਟ ਹਾਊਸ ਮਾਲਕਾਂ ਨੂੰ ਹੋਟਲ ਅਤੇ ਗੈਸਟ ਹਾਊਸ ਵਿਚ ਰੁਕਣ ਵਾਲੇ ਸਾਰੇ ਲੋਕਾਂ ਦਾ ਆਈ. ਡੀ. ਪਰੂਫ ਜਮ੍ਹਾ ਕਰਨ ਅਤੇ ਹੋਟਲਾਂ ਅਤੇ ਗੈਸਟ ਹਾਊਸਾਂ ਵਿਚ ਸੀ. ਸੀ. ਟੀ. ਵੀ. ਠੀਕ ਰੱਖਣ ਅਤੇ ਸ਼ੱਕੀ ਲੋਕਾਂ ਦੀ ਸੂਚਨਾ ਤੁਰੰਤ ਪੁਲਸ ਦੇ ਕੰਟਰੋਲ ਰੂਮ ਵਿਚ ਦੇਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

ਉਥੇ ਹੀ ਦੂਜੇ ਪਾਸੇ ਡੀ. ਸੀ. ਪੀ. ਬਲਕਾਰ ਸਿੰਘ ਨੇ ਦੱਸਿਆ ਕਿ ਗਣਤੰਤਰ ਦਿਵਸ ਸਬੰਧੀ ਇੰਟੈਲੀਜੈਂਸ ਅਤੇ ਖ਼ੁਫ਼ੀਆ ਮਹਿਕਮੇ ਤੋਂ ਕਮਿਸ਼ਨਰੇਟ ਪੁਲਸ ਨੂੰ ਕਈ ਤਰ੍ਹਾਂ ਦੇ ਇਨਪੁਟ ਮਿਲੇ ਹਨ, ਜਿਨ੍ਹਾਂ ਨੂੰ ਗੰਭੀਰਤਾ ਨਾਲ ਦੇਖਦੇ ਹੋਏ 21 ਜਨਵਰੀ ਤੋਂ 26 ਜਨਵਰੀ ਤੱਕ ਕਮਿਸ਼ਨਰੇਟ ਪੁਲਸ ਅਧੀਨ ਪੈਂਦੇ ਸਾਰੇ ਖੇਤਰਾਂ ਵਿਚ ਵਿਆਹ, ਧਾਰਮਿਕ, ਸਮਾਜਿਕ ਜਾਂ ਕਿਸੇ ਹੋਰ ਤਰ੍ਹਾਂ ਦੇ ਪ੍ਰੋਗਰਾਮਾਂ ਵਿਚ ਡ੍ਰੋਨ ਜ਼ਰੀਏ ਵੀਡੀਓਗ੍ਰਾਫੀ ਕਰਨ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ।


shivani attri

Content Editor shivani attri