ਧੋਖਾਧੜੀ ਦੇ ਮਾਮਲੇ ''ਚ ਹੋਟਲੀਅਰ ਗੌਰਵ ਚੋਪੜਾ, ਵਾਸਲ ਮਾਲ ਦੇ ਮਾਲਕ, ਪਤਨੀ ਤੇ ਪੁੱਤਰ ਨਾਮਜ਼ਦ

Thursday, Nov 04, 2021 - 10:56 AM (IST)

ਧੋਖਾਧੜੀ ਦੇ ਮਾਮਲੇ ''ਚ ਹੋਟਲੀਅਰ ਗੌਰਵ ਚੋਪੜਾ, ਵਾਸਲ ਮਾਲ ਦੇ ਮਾਲਕ, ਪਤਨੀ ਤੇ ਪੁੱਤਰ ਨਾਮਜ਼ਦ

ਜਲੰਧਰ (ਜ. ਬ., ਮਹੇਸ਼)– ਥਾਣਾ ਪਤਾਰਾ ਦੀ ਪੁਲਸ ਨੇ ਕੱਟੀ ਗਈ ਨਾਜਾਇਜ਼ ਕਾਲੋਨੀ ਦੀ ਦੋਬਾਰਾ ਹੋਰ ਲੋਕਾਂ ਦੇ ਨਾਂ ਰਜਿਸਟਰੀ ਕਰਵਾ ਕੇ ਲੋਕਾਂ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿਚ ਆਈ. ਪੀ. ਐੱਸ. ਅਜੇ ਗਾਂਧੀ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਬਹੁ-ਚਰਚਿਤ ਕਾਰੋਬਾਰੀ ਹੋਟਲੀਅਰ ਅਤੇ ਰਾਗਾ ਮੋਟਰਸ ਦੇ ਮਾਲਕ ਗੌਰਵ ਚੋਪੜਾ ਅਤੇ ਵਾਸਲ ਮਾਲ ਦੇ ਮਾਲਕ ਰਾਮ ਪ੍ਰਕਾਸ਼ ਵਾਸਲ, ਉਨ੍ਹਾਂ ਦੀ ਪਤਨੀ ਰਾਜ ਵਾਸਲ ਅਤੇ ਪੁੱਤਰ ਮਹੇਸ਼ ਵਾਸਲ ਨਿਵਾਸੀ ਦਸੂਹਾ ਹੁਸ਼ਿਆਰਪੁਰ ਖ਼ਿਲਾਫ਼ ਵੀ ਕੇਸ ਦਰਜ ਕਰ ਲਿਆ ਹੈ। ਇਸ ਕੇਸ ਵਿਚ ਪਹਿਲਾਂ ਵੀ ਪੁਲਸ ਵੱਲੋਂ 4 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਜਾ ਚੁੱਕਾ ਹੈ, ਜੋ ਕਿ ਪੁਲਸ ਦੀ ਗ੍ਰਿਫ਼ਤ ਵਿਚੋਂ ਦੂਰ ਹਨ। ਦੱਸਿਆ ਜਾ ਰਿਹਾ ਹੈ ਕਿ ਫਰਵਰੀ 2021 ਨੂੰ ਪਤਾਰਾ ਰੋਡ ’ਤੇ ਕੱਟੀ ਗਈ ਨਾਜਾਇਜ਼ ਕਾਲੋਨੀ ਦੇ ਮਾਮਲੇ ਵਿਚ ਪੁਲਸ ਵੱਲੋਂ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਇਹ ਕਾਰਵਾਈ ਕੀਤੀ ਗਈ ਹੈ। ਐੱਸ. ਐੱਚ. ਓ. ਪਤਾਰਾ ਰਸ਼ਪਾਲ ਸਿੰਘ ਦਾ ਕਹਿਣਾ ਹੈ ਕਿ ਇਸ ਕੇਸ ਦੀ ਜਾਂਚ ਆਈ. ਪੀ. ਐੱਸ. ਰੈਂਕ ਦੇ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ ਅਤੇ ਨਾਮਜ਼ਦ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ ਕਿਉਂਕਿ ਸਾਰੇ ਮੁਲਜ਼ਮਾਂ ਵੱਲੋਂ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਉਕਤ ਕਾਲੋਨੀ ਕੱਟੀ ਗਈ ਸੀ।

ਇਹ ਵੀ ਪੜ੍ਹੋ: 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, PSEB ਨੇ ਡੇਟਸ਼ੀਟ 'ਚ ਕੀਤੀ ਤਬਦੀਲੀ

ਜਾਣਕਾਰੀ ਅਨੁਸਾਰ ਇਸ ਸਬੰਧ ਵਿਚ ਧਾਰਾ 420, 427 ਅਤੇ ਪੁੱਡਾ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਕੇਸ ਦਰਜ ਹੋਣ ਤੋਂ ਬਾਅਦ ਪੀੜਤ ਵਲੋਂ ਪੁਲਸ ਨੂੰ ਵੱਖਰੇ ਤੌਰ ’ਤੇ ਸ਼ਿਕਾਇਤ ਦਿੱਤੀ ਗਈ ਸੀ ਕਿ ਉਕਤ ਮੁਲਜ਼ਮਾਂ ਵੱਲੋਂ ਇਸ ਕਾਲੋਨੀ ਨੂੰ ਨਾਜਾਇਜ਼ ਤੌਰ ’ਤੇ ਕੱਟਿਆ ਗਿਆ ਹੈ ਅਤੇ ਇਹ ਲੋਕਾਂ ਨਾਲ ਪਲਾਟ ਵੇਚਣ ਦੇ ਨਾਂ ’ਤੇ ਠੱਗੀ ਕਰ ਰਹੇ ਹਨ। ਇਸ ਸ਼ਿਕਾਇਤ ਦੀ ਜਾਂਚ ਜਦੋਂ ਡੀ. ਐੱਸ. ਪੀ. ਆਦਮਪੁਰ ਆਈ. ਪੀ. ਐੱਸ. ਅਜੇ ਗਾਂਧੀ ਕੋਲ ਪਹੁੰਚੀ ਤਾਂ ਪਤਾ ਲੱਗਾ ਕਿ ਉਕਤ 8 ਕਨਾਲ ਜ਼ਮੀਨ ’ਤੇ ਕੱਟੇ ਗਏ ਪਲਾਟਾਂ ਵਿਚੋਂ ਇਕ ਪਲਾਟ ਦੀ ਰਜਿਸਟਰੀ ਸੰਯੋਗਤਾ ਦੇਵੀ ਦੇ ਨਾਂ ’ਤੇ ਕਰਵਾ ਦਿੱਤੀ ਗਈ ਸੀ, ਜਿਸ ਤੋਂ ਬਾਅਦ ਧੋਖੇ ਨਾਲ ਸਾਰੀ ਪ੍ਰਾਪਰਟੀ ਦੀ ਰਜਿਸਟਰੀ ਰਾਮ ਪ੍ਰਕਾਸ਼ ਵਾਸਲ ਅਤੇ ਉਨ੍ਹਾਂ ਦੀ ਪਤਨੀ ਰਾਜ ਵਾਸਲ ਅਤੇ ਪੁੱਤਰ ਮਹੇਸ਼ ਵਾਸਲ ਦੇ ਨਾਂ ਕਰਵਾ ਦਿੱਤੀ ਗਈ।

ਇਸ 8 ਕਨਾਲ ਜ਼ਮੀਨ ਦੀ ਰਜਿਸਟਰੀ ਕਰਵਾਉਣ ਤੋਂ ਬਾਅਦ ਰਾਮ ਪ੍ਰਕਾਸ਼ ਵਾਸਲ ਵੱਲੋਂ ਇਸ ਕਾਲੋਨੀ ਵਿਚ ਨਕਸ਼ੇ ਮੁਤਾਬਕ ਕੱਢੀ ਗਈ ਸੜਕ ਨੂੰ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਤਕਰੀਬਨ 6 ਤੋਂ 8 ਮਹੀਨੇ ਚੱਲੀ ਗਈ ਜਾਂਚ ਤੋਂ ਬਾਅਦ ਉਕਤ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੀੜਤਾ ਸੰਯੋਗਤਾ ਦੇਵੀ ਅਤੇ ਪਰਮਜੀਤ ਨੇ ਕਿਹਾ ਕਿ ਉਸ ਸਮੇਂ ਦੇ ਡੀ. ਐੱਸ. ਪੀ. ਹਰਿੰਦਰ ਸਿੰਘ ਮਾਨ ਵਲੋਂ ਕੀਤੀ ਗਈ ਜਾਂਚ ਦੀ ਰਿਪੋਰਟ ਨਾਲ ਬਿਲਕੁਲ ਸਹਿਮਤ ਹਨ, ਜਿਸ ਦੇ ਆਧਾਰ ’ਤੇ ਸਾਰੇ ਦੋਸ਼ੀਆਂ ਨੂੰ ਇਸ ਮਾਮਲੇ ਵਿਚ ਨਾਮਜ਼ਦ ਕਰ ਕੇ ਕਾਰਵਾਈ ਕੀਤੀ ਗਈ ਹੈ।

ਪੁਲਸ ਨੂੰ ਦਿੱਤੇ ਬਿਆਨਾਂ ਮੁਤਾਬਕ ਕਾਲੋਨੀ ਦੀ ਰਜਿਸਟਰੀ ਸੋਚੀ-ਸਮਝੀ ਸਾਜ਼ਿਸ ਤਹਿਤ ਕਰਵਾਈ ਗਈ ਹੈ। ਪੀੜਤਾਂ ਨੇ ਦੱਸਿਆ ਕਿ ਉਕਤ ਦੋਸ਼ੀਆਂ ਵੱਲੋਂ ਸ਼ਹਿਰ ਅਤੇ ਸ਼ਹਿਰ ਤੋਂ ਬਾਅਦ ਕਈ ਅਜਿਹੀਆਂ ਕਾਲੋਨੀਆਂ ਕੱਟੀਆਂ ਗਈਆਂ ਹਨ। ਇਨ੍ਹਾਂ ਸਾਰੀਆਂ ਕਾਲੋਨੀਆਂ ਦੀ ਜਾਂਚ ਵੀ ਹੋਣੀ ਚਾਹੀਦੀ ਹੈ। ਹਾਲਾਂਕਿ ਦੂਸਰੇ ਪਾਸੇ ਸੂਤਰਾਂ ਦੀ ਮੰਨੀਏ ਤਾਂ ਗੌਰਵ ਚੋਪੜਾ ਅਤੇ ਵਾਸਲ ਪਰਿਵਾਰ ਵੱਲੋਂ ਸ਼ਹਿਰ ਦੇ ਕਈ ਸਿਆਸੀ ਨੇਤਾਵਾਂ ਨਾਲ ਸੰਪਰਕ ਸਾਧਣਾ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਕਿ ਇਸ ਕੇਸ ਤੋਂ ਛੁਟਕਾਰਾ ਪਾਇਆ ਜਾ ਸਕੇ।

ਇਹ ਵੀ ਪੜ੍ਹੋ: ਕੈਪਟਨ ਵੱਲੋਂ ਨਵੀਂ ਪਾਰਟੀ ਦੇ ਐਲਾਨ ’ਤੇ ਪਰਗਟ ਸਿੰਘ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ

ਜ਼ਿਕਰਯੋਗ ਹੈ ਕਿ 18 ਫਰਵਰੀ ਨੂੰ ਥਾਣਾ ਪਤਾਰਾ ਵਿਚ ਦਰਜ ਹੋਈ ਐੱਫ. ਆਈ. ਆਰ. ਮੁਤਾਬਕ ਇਸੇ ਨਾਜਾਇਜ਼ ਕਾਲੋਨੀ ਦੇ ਮਾਮਲੇ ਵਿਚ ਵੀਰਨ ਕੁਮਾਰ, ਰਾਜੂ ਕੁਮਾਰ, ਹਰਵਿੰਦਰ ਸਿੰਘ ਕੋਹਲੀ ਅਤੇ ਪਰਮਿੰਦਰ ਸਿੰਘ ’ਤੇ ਪਹਿਲਾਂ ਮਾਮਲਾ ਦਰਜ ਹੋਇਆ ਸੀ, ਜਿਸ ਦੀ ਜਾਂਚ ਦੌਰਾਨ ਪਤਾ ਲੱਗਾ ਸੀ ਕਿ ਇਸ ਕਾਲੋਨੀ ਨੂੰ ਕੱਟਣ ਦੇ ਪਿੱਛੇ ਮਾਸਟਰਮਾਈਂਡ ਰਮਾਡਾ ਐਨਕੋਰ ਦਾ ਮਾਲਕ ਗੌਰਵ ਚੋਪੜਾ ਹੈ, ਜਿਸ ਨੇ ਧੋਖੇ ਨਾਲ ਜ਼ਮੀਨ ਦੀ ਰਜਿਸਟਰੀ ਵਾਸਲ ਗਰੁੱਪ ਦੇ ਪਰਿਵਾਰਕ ਮੈਂਬਰ ਦੇ ਨਾਂ ਕਰਵਾ ਕੇ ਜ਼ਿਆਦਾ ਪੈਸੇ ਠੱਗਣ ਦੀ ਕੋਸ਼ਿਸ਼ ਕੀਤੀ। ਹੈਰਾਨੀਜਨਕ ਤੱਥ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਇਸ ਨਾਜਾਇਜ਼ ਕਾਲੋਨੀ ਵਿਚ ਕਈ ਰਸੂਲਖਦਾਰ ਹੋਰ ਕਾਰੋਬਾਰੀਆਂ ਦਾ ਵੀ ਹੱਥ ਹੈ, ਜੋ ਕਿ ਸਾਈਲੈਂਟ ਪਾਰਟਨਰ ਬਣ ਕੇ ਕਾਲੋਨੀ ਰਾਹੀਂ ਫਾਇਦਾ ਉਠਾਉਣ ਵਾਲਿਆਂ ਵਿਚ ਸ਼ਾਮਲ ਹਨ।

ਕਾਲੋਨੀ ਵਿਚ ਕਈ ਰਾਜਨੇਤਾ ਵੀ ਹਨ ਪਾਰਟਨਰ, ਜਲਦੀ ਨਾਂ ਹੋਣਗੇ ਸ਼ਾਮਲ
ਉਥੇ ਹੀ ਸ਼ਹਿਰ ਦੀ ਪਾਵਰਫੁੱਲ ਲਾਬੀ ਦੇ ਕਾਰੋਬਾਰੀਆਂ ਵਿਚ ਚਰਚਾ ਹੈ ਕਿ ਇਸ ਨਾਜਾਇਜ਼ ਕਾਲੋਨੀ ਨੂੰ ਕੱਟਣ ਪਿੱਛੇ ਜਿਥੇ ਇਕ ਪਾਸੇ ਪੁੱਡਾ ਅਫਸਰਾਂ ਦੀ ਮਿਲੀਭੁਗਤ ਸਾਹਮਣੇ ਆ ਰਹੀ ਹੈ, ਉਥੇ ਹੀ ਇਸ ਦੂਜੇ ਪਾਸੇ ਇਸ ਕਾਲੋਨੀ ਵਿਚ ਕਈ ਰਾਜਨੇਤਾਵਾਂ ਦਾ ਵੀ ਹਿੱਸਾ ਹੈ, ਜੋ ਕਿ ਸਸਤੀ ਕੀਮਤ ’ਤੇ 8 ਕਨਾਲ ਜਗ੍ਹਾ ਖਰੀਦ ਕੇ ਬਾਅਦ ਵਿਚ ਉਸ ਨੂੰ ਮਹਿੰਗੀ ਕੀਮਤ ’ਤੇ ਵੇਚ ਕੇ ਮੁਨਾਫਾ ਕਮਾਉਣ ਦੀ ਤਾਕ ਵਿਚ ਸਨ। ਹਾਲਾਂਕਿ ਪੁਲਸ , ਪੁੱਡਾ ਅਤੇ ਨਿਗਮ ਵਲੋਂ ਵੀ ਇਸ ਮਾਮਲੇ ਵਿਚ ਕਾਰੋਬਾਰੀਆਂ ਨੂੰ ਹੀ ਨਾਮਜ਼ਦ ਕੀਤਾ ਗਿਆ ਹੈ, ਜਦਕਿ ਕਈ ਰਾਜਨੇਤਾ ਜੋ ਕਿ ਸਾਈਲੈਂਟ ਪਾਰਟਨਰ ਬਣ ਕੇ ਇਸ ਕਾਲੋਨੀ ਦੇ ਹਿੱਸੇਦਾਰ ਹਨ, ਉਨ੍ਹਾਂ ਨੂੰ ਬਚਾਇਆ ਜਾ ਰਿਹਾ ਹੈ।

ਪੁੱਡਾ ਅਫ਼ਸਰਾਂ ਨੇ ਆਪਣੀ ਚਮੜੀ ਬਚਾਉਣ ਲਈ ਕਰਵਾਇਆ ਕਾਰੋਬਾਰੀਆਂ ’ਤੇ ਪਰਚਾ
ਇਸ ਹਾਈ-ਪ੍ਰੋਫਾਈਲ ਸਕੈਂਡਲ ਵਿਚ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਪੁੱਡਾ ਅਫ਼ਸਰਾਂ ਨੇ ਪਹਿਲਾਂ ਮਿਲੀਭੁਗਤ ਕਰਕੇ ਬੜੇ ਵੱਡੇ ਪੱਧਰ ’ਤੇ ਚਾਂਦੀ ਲੁੱਟੀ, ਬਾਅਦ ਵਿਚ ਆਪਣੀ ਚਮੜੀ ਬਚਾਉਣ ਲਈ ਇਸੇ ਨਾਜਾਇਜ਼ ਕਾਲੋਨੀ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਸਿਫਾਰਸ਼ ਕੀਤੀ। ਇਹ ਪਹਿਲੀ ਵਾਰ ਨਹੀਂ ਹੈ ਕਿ ਪੁੱਡਾ ਅਫਸਰਾਂ ਵਲੋਂ ਇਸ ਤਰ੍ਹਾਂ ਦਾ ਕੰਮ ਕੀਤਾ ਗਿਆ ਹੋਵੇ। ਪਹਿਲਾਂ ਵੀ ਕਈ ਮਾਮਲੇ ਅਜਿਹੇ ਹਨ, ਜਿਨ੍ਹਾਂ ਵਿਚ ਪੁੱਡਾ ਵਲੋਂ ਰਿਸ਼ਵਤ ਲੈ ਕੇ ਫਾਈਲਾਂ ਕਲੀਅਰ ਕਰਵਾਈਆਂ ਗਈਆਂ। ਬਾਅਦ ਵਿਚ ਉਨ੍ਹਾਂ ਹੀ ਅਧਿਕਾਰੀਆਂ ਨੂੰ ਵਿਜੀਲੈਂਸ ਵੱਲੋਂ ਫੜਿਆ ਗਿਆ ਹੈ।

ਇਹ ਵੀ ਪੜ੍ਹੋ: ਜਲੰਧਰ: ਦੀਵਾਲੀ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਸੜਕ ਹਾਦਸੇ ਨੇ ਬੁਝਾਏ ਦੋ ਘਰਾਂ ਦੇ ਚਿਰਾਗ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News